ਤੋਹਫ਼ਾ (ਮਿੰਨੀ ਕਹਾਣੀ)

ਮਨਜੀਤ ਕੌਰ ਧੀਮਾਨ,           
 (ਸਮਾਜ ਵੀਕਲੀ)-  ਓਹ ਹੋ! ਇਹ ਕੀ ਹੋ ਗਿਆ? ਅਲਾਰਮ ਨਹੀਂ ਵੱਜਿਆ ਅੱਜ? ਮੈਂ ਕੰਮ ਕਿਵੇਂ ਨਿਬੇੜਾਂਗੀ ਸਾਰਾ ਤੇ ਫ਼ਿਰ ਮੈਂ ਖੁਦ ਵੀ ਦਫ਼ਤਰ ਜਾਣਾ ਹੈ। ਹਾਏ ਰੱਬਾ! ਹੁਣ ਕੀ ਕਰਾਂ? ਲੱਗਦਾ ਅੱਜ ਤਾਂ ਦੇਰੀ ਹੋ ਹੀ ਜਾਊ। ਮਨਪ੍ਰੀਤ ਆਪਣੇ ਆਪ ਵਿੱਚ ਬੁੜਬੁੜਾਂਦੀ ਹੋਈ ਬਿਸਤਰੇ ਤੋਂ ਉੱਠ ਦੌੜੀ।
             ਹੈਂ! ਅਮਰਜੀਤ ਤੁਸੀਂ? ਰਸੋਈ ਵਿੱਚ ਕੀ ਕਰ ਰਹੇ ਹੋ ਏਸ ਵੇਲ਼ੇ? ਤੁਸੀਂ ਦਫ਼ਤਰ ਨਹੀਂ ਜਾਣਾ ਹੈ।ਮਾਫ਼ ਕਰਨਾ, ਅੱਜ ਮੇਰੀ ਅੱਖ ਹੀ ਨਹੀਂ ਖੁੱਲ੍ਹੀ। ਤੁਸੀਂ ਜਾ ਕੇ ਤਿਆਰ ਹੋ ਜਾਓ। ਮੈਂ ਫਟਾਫਟ ਨਾਸ਼ਤਾ ਬਣਾਉਂਦੀ ਹਾਂ। ਮਨਪ੍ਰੀਤ ਨੇ ਰਸੋਈ ਵਿੱਚ ਖੜ੍ਹੇ ਪਤੀ ਅਮਰਜੀਤ ਨੂੰ ਕਿਹਾ ਤੇ ਕਾਹਲ਼ੀ ਨਾਲ਼ ਗੈਸ ਵੱਲ ਨੂੰ ਵਧੀ।
               ਮਨੂੰ!ਮਨੂੰ! ਤੂੰ ਮੇਰੀ ਗੱਲ ਸੁਣ! ਮੈਂ ਹੀ ਅਲਾਰਮ ਬੰਦ ਕੀਤਾ ਸੀ।ਤੂੰ ਘਬਰਾ ਨਾ।ਜਾ ਕੇ ਤਿਆਰ ਹੋ ਜਾ। ਅੱਜ ਮੈਂ ਤੇਰੇ ਲਈ ਨਾਸ਼ਤਾ ਤਿਆਰ ਕਰ ਰਿਹਾ ਹਾਂ। ਤੂੰ ਬੱਸ ਖਾ ਤੇ ਦਫ਼ਤਰ ਜਾ। ਤੇਰਾ ਰੋਟੀ ਵਾਲ਼ਾ ਡੱਬਾ ਵੀ ਬੱਸ ਤਿਆਰ ਸਮਝ। ਅਮਰਜੀਤ ਨੇ ਪਿਆਰ ਨਾਲ ਕਿਹਾ।
             ਕੀ ਕਹਿ ਰਹੇ ਹੋ ਤੁਸੀਂ।ਅਲਾਰਮ ਬੰਦ ਕੀਤਾ ਸੀ ਤਾਂ ਓਦਾਂ ਉਠਾ ਦਿੰਦੇ।ਦਫ਼ਤਰ ਨਹੀਂ ਜਾਣਾ ਤੁਸੀਂ? ਮਨਪ੍ਰੀਤ ਹੈਰਾਨ ਹੁੰਦਿਆਂ ਬੋਲੀ।
               ਨਹੀਂ ਪਿਆਰੀ ਜੀ, ਅੱਜ ਮੇਰੀ ਛੁੱਟੀ ਹੈ।ਮੈਂ ਸੋਚਿਆ ਕਿ ਕੱਲ ਆਪਣੀ ਵਿਆਹ ਦੀ ਵਰ੍ਹੇਗੰਢ ਸੀ ਤੇ ਮੈਂ ਤੈਨੂੰ ਕੋਈ ਤੋਹਫ਼ਾ ਨਹੀਂ ਦੇ ਸਕਿਆ ਤੇ ਕੰਮ ਵਿੱਚ ਜ਼ਿਆਦਾ ਰੁੱਝਿਆ ਸੀ ਤਾਂ ਕਰਕੇ ਵਕਤ ਵੀ ਨਹੀਂ ਦੇ ਸਕਿਆ।ਅੱਜ ਛੁੱਟੀ ਮਿਲ਼ੀ ਸੀ ਤਾਂ ਸੋਚਿਆ ਕਿ ਤੇਰੇ ਲਈ ਆਪਣੇ ਹੱਥੀਂ ਨਾਸ਼ਤਾ ਬਣਾਵਾਂ। ਵੈਸੇ ਤੋਹਫ਼ਾ ਤਾਂ ਕੋਈ ਲਿਆ ਨਹੀਂ ਹੋਇਆ ਮੈਥੋਂ।ਅੱਜ ਨਾਲ਼ ਚੱਲ ਕੇ ਲੈ ਦੇਵਾਂਗਾ। ਹੁਣ ਤੂੰ ਤਿਆਰ ਹੋ ਜਾ ਛੇਤੀ। ਨਹੀਂ ਤਾਂ ਸੱਚੀ ਦੇਰ ਹੋ ਜਾਊ। ਅਮਰਜੀਤ ਨੇ ਗੈਸ ਤੇ ਚਾਹ ਰੱਖਦਿਆਂ ਕਿਹਾ।
            ਪਰ ਬੱਚੇ? ਮਨਪ੍ਰੀਤ ਹਜੇ ਵੀ ਸੋਚਾਂ ਵਿੱਚ ਸੀ।
              ਬੱਚੇ ਤਾਂ ਸਕੂਲ ਚਲੇ ਗਏ। ਫ਼ਿਕਰ ਨਾ ਕਰ। ਮੈਂ ਨਾਸ਼ਤਾ ਕਰਵਾ ਦਿੱਤਾ ਸੀ ਤੇ ਰੋਟੀ ਵਾਲ਼ੇ ਡੱਬੇ ਤੇ ਪਾਣੀ ਦੀਆਂ ਬੋਤਲਾਂ ਆਦਿ ਸਭ ਦੇ ਕੇ ਭੇਜੇ ਹਨ। ਅਮਰਜੀਤ ਨੇ ਮੁਸਕਰਾ ਕੇ ਦੱਸਿਆ।
                 ਕਮਾਲ ਹੈ!
ਹੋਰ ਭਲਾਂ ਹੁਣ ਤੋਹਫ਼ਾ ਕੀ ਚਾਹੀਦਾ ਮੈਨੂੰ?ਮਨਪ੍ਰੀਤ ਸੋਚਦਿਆਂ ਬੋਲੀ। ਉਹਦੇ ਚਿਹਰੇ ਤੇ ਸੰਤੁਸ਼ਟੀ ਦੇ ਭਾਵ ਫੈਲ ਗਏ ਸਨ।
                ਤਾਂ ਸੁਣ ਮਨੂੰ! ਅੱਜ ਤੋਂ ਇਹ ਤੋਹਫ਼ਾ ਮੈਂ ਤੈਨੂੰ ਹਰ ਰੋਜ਼ ਦੇਵਾਂਗਾ। ਕਿਉਂਕਿ ਅੱਜ ਮੈਨੂੰ ਸਮਝ ਆ ਗਿਆ ਕਿ ਘਰ ਦੋਵਾਂ ਦਾ ਤਾਂ ਜਿੰਮੇਵਾਰੀਆਂ ਵੀ ਦੋਵਾਂ ਦੀਆਂ ਹੁੰਦੀਆਂ ਹਨ। ਅਮਰਜੀਤ ਨੇ ਹੱਸ ਕੇ ਮਨਪ੍ਰੀਤ ਨੂੰ ਕਿਹਾ।
                 ਤੇ ਹਾਂ ਇੱਕ ਹੋਰ ਗੱਲ! ਆਹ ਜਿਹੜਾ ਸਬਰ ਸੰਤੋਖ਼ ਤੇਰੇ ਚਿਹਰੇ ਤੇ ਅੱਜ ਆਇਆ ਮੈਂ ਇਹਦੇ ਲਈ ਹਮੇਸ਼ਾਂ ਕੋਸ਼ਿਸ਼ ਕਰਾਂਗਾ।ਅਮਰਜੀਤ ਨੇ ਖੁਸ਼ੀ ਨਾਲ ਭਰਦਿਆਂ ਕਿਹਾ।
             ਮਨਪ੍ਰੀਤ ਨੇ ਪਿੱਛੇ ਮੁੜ ਕੇ ਦੇਖਿਆ ਤੇ ਪਿਆਰੀ ਜਿਹੀ ਮੁਸਕਾਨ ਦੇ ਕੇ ਤਿਆਰ ਹੋਣ ਚਲੇ ਗਈ।
ਮਨਜੀਤ ਕੌਰ ਧੀਮਾਨ,
 ਸ਼ੇਰਪੁਰ, ਲੁਧਿਆਣਾ।         
 ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਘੁਗਿਆਣਾ ਦੇ ਸਰਕਾਰੀ ਸੀਨੀਅਰ  ਸੈਕੰਡਰੀ ਸਕੂਲ ਵੱਲੋਂ ਲੱਗਾ ਵਿੱਦਿਅਕ ਟੂਰ
Next articleਸੈਂਟਰ ਸਕੂਲ ਸ਼ੇਖੂਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਆਯੋਜਿਤ