ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ): ਨੇੜਲੇ ਪਿੰਡ ਸੁੱਖੋ ਮਾਜਰਾ ਦੇ ਹੋਣਹਾਰ ਨੌਜਵਾਨ ਹਰਸ਼ਬੀਰ ਸਿੰਘ ਨੇ ਐਨ.ਡੀ.ਏ. ਦੀ ਫਾਈਨਲ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਨਾ ਸਿਰਫ ਆਪਣੇ ਪਰਿਵਾਰ, ਸਗੋਂ ਪੂਰੇ ਪਿੰਡ ਅਤੇ ਜ਼ਿਲ੍ਹਾ ਰੋਪੜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਹਰਸ਼ਬੀਰ ਸਿੰਘ, ਜੋ ਕਿ ਗੁਰਦੁਆਰਾ ਧੰਨ-ਧੰਨ ਮਾਤਾ ਗੁਜਰ ਕੌਰ ਜੀ ਸੁੱਖੋ ਮਾਜਰਾ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਸੁਖਮਿੰਦਰ ਸਿੰਘ ਦੇ ਪੋਤਰੇ ਅਤੇ ਰੁਪਿੰਦਰ ਸਿੰਘ ਦੇ ਪੁੱਤਰ ਹਨ, ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਤਿਆਰੀ ਕਰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਹੈ। ਹਰਸ਼ਬੀਰ ਸਿੰਘ ਨੇ ਯੂ.ਪੀ.ਐਸ.ਸੀ. ਦੇ ਐਨ.ਡੀ.ਏ.-2 (2025) ਇਮਤਿਹਾਨ ਵਿੱਚ ਦੇਸ਼ ਭਰ ਵਿੱਚੋਂ 293ਵਾਂ ਰੈਂਕ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਲਗਭਗ 8 ਲੱਖ ਵਿਦਿਆਰਥੀਆਂ ਵਿੱਚੋਂ ਸਿਰਫ 7 ਹਜ਼ਾਰ ਉਮੀਦਵਾਰ ਐਸ.ਐਸ.ਬੀ. ਇੰਟਰਵਿਊ ਲਈ ਚੁਣੇ ਗਏ ਅਤੇ ਅੰਤ ਵਿੱਚ 742 ਉਮੀਦਵਾਰਾਂ ਦੀ ਫਾਈਨਲ ਮੈਰਿਟ ਲਿਸਟ ਜਾਰੀ ਕੀਤੀ ਗਈ। ਕੁੱਲ 406 ਅਸਾਮੀਆਂ ਵਿੱਚ ਆਪਣੀ ਥਾਂ ਬਣਾਉਣਾ ਵੱਡੀ ਉਪਲਬਧੀ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਰਾਗੀ ਸਿੰਘਾਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਅਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਐਡਵੋਕੇਟ ਜਰਨੈਲ ਸਿੰਘ ਨੇ ਇਸ ਮੌਕੇ ਕਿਹਾ ਕਿ ਹਰਸ਼ਬੀਰ ਸਿੰਘ ਨੇ ਵਿਦੇਸ਼ਾਂ ਦੀ ਦੌੜ ਤੋਂ ਹਟ ਕੇ ਦੇਸ਼ ਸੇਵਾ ਦਾ ਰਾਹ ਚੁਣਿਆ ਹੈ, ਜੋ ਹੋਰ ਨੌਜਵਾਨਾਂ ਲਈ ਪ੍ਰੇਰਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਦੀਆਂ ਕਾਮਯਾਬੀਆਂ ਤੋਂ ਸਿੱਖ ਲੈਣੀ ਚਾਹੀਦੀ ਹੈ। ਪਿੰਡ ਵਾਸੀਆਂ ਅਤੇ ਮੋਹਤਬਰ ਆਗੂਆਂ ਵੱਲੋਂ ਹਰਸ਼ਬੀਰ ਸਿੰਘ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ (ਇਟਲੀ), ਕੇਸਰ ਸਿੰਘ ਨੰਬਰਦਾਰ, ਧਰਮਵੀਰ ਸਿੰਘ, ਜਸਪਾਲ ਸਿੰਘ ਮੱਲੀ, ਸਲਿੰਦਰ ਸਿੰਘ ਹੰਸ, ਕੁਲਵਿੰਦਰ ਸਿੰਘ ਠੇਕੇਦਾਰ, ਜਸਵੀਰ ਸਿੰਘ, ਸਰਬਜੀਤ ਸਿੰਘ, ਹਰਿੰਦਰ ਸਿੰਘ, ਹੈਡ ਗ੍ਰੰਥੀ ਗਿਆਨੀ ਰਣਧੀਰ ਸਿੰਘ ਅਤੇ ਹੋਰ ਕਈ ਪਿੰਡ ਵਾਸੀ ਹਾਜ਼ਰ ਸਨ। ਇਹ ਪ੍ਰਾਪਤੀ ਨਾ ਸਿਰਫ ਪਰਿਵਾਰ ਲਈ ਗੌਰਵ ਦੀ ਗੱਲ ਹੈ, ਸਗੋਂ ਪੂਰੇ ਇਲਾਕੇ ਲਈ ਮਾਣ ਵਾਲਾ ਗੱਲ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



