ਸਿੱਖਾਂ ਤੇ ਸਿੱਖੀ ਦਾ ਭਵਿੱਖ: ਮੇਰੀਆਂ ਨਜ਼ਰਾਂ ‘ਚ

ਹਰਚਰਨ ਸਿੰਘ ਪ੍ਰਹਾਰ 
ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ) ਸਿੱਖੀ ਤੇ ਸਿੱਖ, ਕੌਮੀ ਤੌਰ ‘ਤੇ ਜਿਸ ਦਲਦਲ ਵਿੱਚ ਫਸ ਗਏ ਹਨ। ਉੱਥੋਂ ਹੁਣ ਨਿਕਲਣ ਦਾ ਕੋਈ ਰਾਹ ਨਹੀਂ। ਜਿਤਨਾ ਯਤਨ ਕਰਨਗੇ, ਹੋਰ ਧਸਦੇ ਜਾਣਗੇ। ਹੁਣ ਸਿੱਖਾਂ ਤੇ ਸਿੱਖੀ ਦਾ ਕੁਝ ਨਹੀ ਬਣਨਾ ਲੜਦੇ ਰਹਿਣਗੇ, ਪਰ ਪ੍ਰਾਪਤ ਕੁਝ ਨਹੀਂ ਕਰ ਸਕਣਗੇ।
ਵੈਸੇ ਵੀ ਹੁਣ ਸਿੱਖਾਂ ਤੇ ਸਿੱਖੀ ਦਾ ਭਵਿੱਖ ਆਪਣੀ ਜਨਮ ਭੂਮੀ ਭਾਰਤ ਵਿੱਚ ਨਹੀਂ ਰਿਹਾ। ਸਿੱਖਾਂ ਦਾ ਪੰਜਾਬ ਤੋਂ ਮੋਹ ਭੰਗ ਹੋ ਚੁੱਕਾ ਹੈ। ਸਿੱਖ ਪੈਸੇ ਦੀ ਦੌੜ ਵਿੱਚ ਅਜਿਹੇ ਫਸ ਚੁੱਕੇ ਹਨ ਕਿ ਜੇ ਅੱਜ ਪੱਛਮੀ ਦੇਸ਼ ਕਹਿ ਦੇਣ ਕਿ ਪੰਜਾਬ ਦੇ ਸਾਰੇ ਸਿੱਖਾਂ ਨੂੰ ਸਾਡੇ ਦੇਸ਼ਾਂ ਵਿੱਚ ਖੁੱਲ੍ਹਾ ਸੱਦਾ ਹੈ ਤਾਂ 2-4 ਮਹੀਨਿਆਂ ਵਿੱਚ ਪੰਜਾਬ ਖਾਲੀ ਹੋ ਜਾਵੇਗਾ। ਹੁਣ ਉੱਥੇ ਕੋਈ ਸਿੱਖ ਰਹਿਣਾ ਨਹੀਂ ਚਾਹੁੰਦਾ, ਜਿਹੜਾ ਰਹਿ ਰਿਹਾ, ਉਹ ਮਜਬੂਰੀ ਵੱਸ, ਫਸਿਆ ਹੀ ਰਹਿ ਰਿਹਾ। ਜਿਸਨੂੰ ਮੌਕਾ ਮਿਲਦਾ ਭੱਜ ਰਿਹਾ ਹੈ।
ਅਜਿਹੀ ਮਾਨਸਿਕਤਾ ਦੇ ਮੱਦੇ-ਨਜਰ ਚਾਹੀਦਾ ਤਾਂ ਇਹ ਹੈ ਕਿ ਵਿਦੇਸ਼ਾਂ ਵਿੱਚ ਆ ਕੇ ਅਸੀਂ ਅਜਿਹਾ ਕੁਝ ਨਾ ਕਰੀਏ, ਜਿਸ ਨਾਲ਼ ਸਾਡੀਆਂ ਸਮੱਸਿਆਵਾਂ ਵਿੱਚ ਹੋਰ ਵਾਧਾ ਹੋਵੇ ਜਾਂ ਭਵਿੱਖ ਵਿੱਚ ਆਉਣ ਵਾਲ਼ੇ ਹੋਰ ਲੋਕਾਂ ਲਈ ਵਿਦੇਸ਼ ਭੱਜਣ ਦਾ ਰਾਹ ਨਾ ਬੰਦ ਹੋ ਜਾਵੇ। ਪੰਜਾਬ ਜਾਂ ਭਾਰਤ ਵਿੱਚ ਸਾਨੂੰ ਕੁਝ ਵੀ ਅਜਿਹਾ ਨਹੀ ਲੱਗਦਾ, ਜਿਸ ਕਰਕੇ ਉੱਥੇ ਰਿਹਾ ਜਾਵੇ, ਪਰ ਏਧਰ ਆਉਂਦਿਆਂ ਹੀ ਸਾਨੂੰ ਧਰਮ, ਵਿਰਸਾ, ਸੱਭਿਆਚਾਰ, ਬੋਲੀ ਆਦਿ ਦਾ ਮੋਹ ਜਾਗ ਪੈਂਦਾ ਹੈ। ਵਤਨ ਦੀ ਮਿੱਟੀ ਬਹੁਤ ਵਾਜਾਂ ਮਾਰਦੀ ਹੈ। ਵਿਦੇਸ਼ਾਂ ਵਿੱਚ ਆ ਕੇ ਭਾਰੀ ਗਿਣਤੀ ਵਿੱਚ ਲੋਕ ਇੱਥੇ ਦੇ ਸਾਫ-ਸੁਥਰੇ ਮਾਹੌਲ ਨੂੰ ਖਰਾਬ ਕਰਨ ਦਾ ਮੌਕਾ ਨਹੀ ਛੱਡਦੇ। ਪਰ ਅਸੀ ਗਲਤ ਹੋ ਰਹੇ ਕੰਮਾਂ ਨੂੰ ਰੋਕਣ ਜਾਂ ਟੋਕਣ ਦੀ ਥਾਂ ਚੁੱਪ ਹੀ ਭਲਾ ਸਮਝਦੇ ਹਾਂ।
ਪਰ ਜੋ ਕੁਝ ਖਾਲਿਸਤਾਨੀ ਧੜੇ ਪੱਛਮੀ ਦੇਸ਼ਾਂ ਵਿੱਚ ਅਮਰੀਕਾ ਤੇ ਪਾਕਿਸਤਾਨ ਦੀ ਸ਼ਹਿ ‘ਤੇ ਕਰ ਰਹੇ ਹਨ, ਜੇ ਸਿੱਖ ਪੰਜਾਬ ਵਾਂਗ ਇੱਥੇ ਵੀ ਮੂਕ ਦਰਸ਼ਕ ਬਣੇ ਰਹੇ ਤਾਂ ਵਿਦੇਸ਼ਾਂ ਵਿੱਚ ਵੀ ਸਿੱਖਾਂ ਦਾ ਕਈ ਵਧੀਆ ਭਵਿੱਖ ਨਹੀਂ ਰਹਿਣਾ। ਮੈਂ ਕੁਝ ਸਾਲ ਪਹਿਲਾਂ ਵੀ ਸੁਝਾਅ ਦਿੱਤਾ ਸੀ ਕਿ ਸਿੱਖਾਂ ਨੇ ਪਿਛਲੇ 60-70 ਸਾਲਾਂ ਵਿੱਚ ਸ਼ਾਂਤਮਈ ਤੇ ਹਥਿਆਰਬੰਦ ਸੰਘਰਸ਼ ਕਰਕੇ ਦੇਖ ਲਏ ਹਨ। ਕੁਝ ਪੱਲੇ ਨਹੀਂ ਪਿਆ, ਸਗੋਂ ਨੁਕਸਾਨ ਹੀ ਕਰਾਇਆ ਹੈ।
ਮੇਰਾ ਵਿਚਾਰ ਹੈ ਕਿ ਸਿੱਖਾਂ ਨੂੰ ਸਭ ਮੋਰਚੇ, ਸੰਘਰਸ਼ ਛੱਡ ਕੇ ਅਗਲੇ 25 ਸਾਲ ਲਈ ਸਿਰਫ ਅਗਲੀ ਜਨਰੇਸ਼ਨ ਲਈ ਪੜ੍ਹਾਈ, ਚੰਗੀਆਂ ਜੌਬਾਂ, ਬਿਜਨੈਸ ਵਿੱਚ ਜਾਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਅਸੀ ਸਾਹਿਤ, ਕਲਾ, ਵਿਗਿਆਨ, ਜਥੇਬੰਦੀ ਆਦਿ ਵਿੱਚ ਬਹੁਤ ਪਛੜ ਚੁੱਕੇ ਹਾਂ। ਸਾਡੇ ਕੋਲ਼ ਦੁਨੀਆਂ ਵਿੱਚ ਲੱਖਾਂ ਗੁਰਦੁਆਰੇ ਹੋਣਗੇ, ਪਰ ਉਸ ਵਿੱਚੋ ਗੁਰਬਾਣੀ ਦੀ ਵਿਚਾਰਧਾਰਾ ਗਾਇਬ ਹੈ। ਗੁਰਦੁਆਰੇ ਹੁਣ ਸਿਰਫ ਸਮਾਜਿਕ ਰੀਤਾਂ ਰਸਮਾਂ ਨਿਭਾਉਣ ਅਤੇ ਧਾਰਮਿਕ ਮਨੋਰੰਜਨ ਤੋਂ ਵੱਧ ਕੁਝ ਨਹੀ। ਵੱਡੇ ਗੁਰਦੁਆਰੇ ਸਿਆਸਤ ਦੀ ਭੇਟ ਚੜ੍ਹ ਚੁੱਕੇ ਹਨ।
ਕੌਮੀ ਤੌਰ ‘ਤੇ ਅਸੀ ਬੌਧਿਕ ਪਛੜੇਪਨ ਦਾ ਸ਼ਿਕਾਰ ਹਾਂ। ਇਸੇ ਕਰਕੇ ਸਾਡੇ ਵਿੱਚ ਸਰਬ ਸ੍ਰੇਸ਼ਟ ਹੋਣ ਦੀ ਹੀਣ-ਭਾਵਨਾ ਵੱਡੇ ਪੱਧਰ ‘ਤੇ ਫੈਲੀ ਹੋਈ ਹੈ। ਸਾਡੇ ਕੋਲ਼ ਮੌਜੂਦਾ ਦੌਰ ਵਿੱਚ ਕੁਝ ਮਾਣਯੋਗ ਨਾ ਹੋਣ ਕਾਰਨ ਦੋ ਢਾਈ ਸੌ ਸਾਲ ਪਹਿਲਾਂ ਦੇ ਇਤਿਹਾਸ ਦੇ ਨਾਮ ‘ਤੇ ਫੁਕਰੀਆਂ ਮਾਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ। ਮੌਜੂਦਾ ਦੌਰ ਵਿੱਚ ਸਾਡੀਆਂ ਗੁਰਦੁਾਰਿਆਂ ਸਮੇਤ ਹਰ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਵਿੱਚ ਨਿੱਜ ਪ੍ਰਸਤੀ ਤੇ ਮੌਕਾਪ੍ਰਸਤੀ ਭਾਰੂ ਹੈ। ਜਿੱਥੇ ਕਿਸੇ ਚੰਗੇ ਵਿਚਾਰ ਜਾਂ ਵਿਅਕਤੀ ਨੂੰ ਕੋਈ ਥਾਂ ਨਹੀ। ਸਾਨੂੰ ਬੌਧਿਕ ਤੌਰ ‘ਤੇ ਅੱਗੇ ਵਧਣ ਲਈ ਵਿਰੋਧੀ ਵਿਚਾਰ ਨੂੰ ਸਨਮਾਨਯੋਗ ਥਾਂ ਦੇਣ ਦੀ ਲੋੜ ਹੈ, ਸੁਸਾਇਟੀ ਨੂੰ ਖੁੱਲ੍ਹੇਪਨ ਨਾਲ਼ ਹਰ ਪੱਧਰ ‘ਤੇ ਵਿਚਾਰ ਚਰਚਾ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਮੌਜੂਦਾ ਲੀਡਰਸ਼ਿਪ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ, ਨਵੀਂ ਸੋਚ ਨੂੰ ਨਵੇਂ ਆਈਡੀਏ ਨਾਲ਼ ਅੱਗੇ ਆਉਣ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਕੂੜ ਨਿਖੁਟੇ ਨਾਨਕਾ….*
Next articleਪਾਗਲ ਬਾਵਾ