ਹਰਿਆਣਾ ਵਿੱਚ ‘ਭਾਰਤ ਬੰਦ’ ਦਾ ਮੁਕੰਮਲ ਅਸਰ

Bengaluru: Farmers, activists and trade union members of various Kannada organizations raise slogans during their Bharat Bandh against the central government's three agrarian reform laws, in Bengaluru on Monday, September 27, 2021.

ਚੰਡੀਗੜ੍ਹ (ਸਮਾਜ ਵੀਕਲੀ):  ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਦਾ ਭਾਜਪਾ ਸ਼ਾਸਿਤ ਪ੍ਰਦੇਸ਼ ਹਰਿਆਣਾ ’ਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਦੇ ਟੌਲ ਪਲਾਜ਼ੇ, ਕੌਮੀ ਮਾਰਗ ਅਤੇ ਰੇਲ ਲਾਈਨਾਂ ’ਤੇ ਧਰਨੇ ਦਿੱਤੇ। ਇਸ ਨਾਲ ਸੂਬੇ ’ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਵਾਜਾਈ ਬੰਦ ਰਹੀ। ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸੂਬੇ ਭਰ ਦੀਆਂ ਦੁਕਾਨਾਂ, ਸਨਅਤ ਅਤੇ ਸਭ ਕੁਝ ਬੰਦ ਰਿਹਾ। ਕਿਸਾਨ ਆਗੂਆਂ ਨੇ ‘ਭਾਰਤ ਬੰਦ’ ਵਿੱਚ ਸਹਿਯੋਗ ਦੇਣ ’ਤੇ ਹਰ ਵਰਗ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕਦਾ ਹੈ।

ਹਰਿਆਣਾ ਦੇ ਕਰਨਾਲ, ਪਾਣੀਪਤ, ਜੀਂਦ, ਹਿਸਾਰ, ਕੁਰੂਕਸ਼ੇਤਰ, ਸੋਨੀਪਤ, ਚੀਕਾ, ਭਿਵਾਨੀ, ਕੈਥਲ, ਅੰਬਾਲਾ ਸਣੇ ਸੂਬੇ ਭਰ ਵਿੱਚ ਕਿਸਾਨ ਜਥੇਬੰਦੀਆਂ ਨੇ ਰਣਨੀਤੀ ਤਹਿਤ ਸਵੇਰ ਤੋਂ ਹੀ ਸੜਕਾਂ ਜਾਮ ਕਰ ਦਿੱਤੀਆਂ। ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਪਿਛਲੇ 10 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਿਹਾ ਹੈ। ਇਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਸਰਕਾਰੇ ਕਿਸਾਨਾਂ ਦੀ ਗੱਲ ਸੁਨਣ ਦੀ ਥਾਂ ਅੜੀਅਲ ਰਵੱਈਆ ਅਖਤਿਆਰ ਕਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਨੇ ਪਹਿਲਾਂ ਵੀ ਸਾਰੇ ਅੰਦੋਲਨਾਂ ’ਚ ਜਿੱਤ ਹਾਸਲ ਕੀਤੀ ਹੈ। ਉਹ ਇਸ ਅੰਦੋਲਨ ਵਿੱਚ ਵੀ ਜਿੱਤ ਹਾਸਲ ਕਰਕੇ ਘਰ ਵਾਪਸੀ ਕਰਨਗੇ।

ਰੇਲ ਗੱਡੀ ਦੇ ਚਾਲਕ ਵੱਲੋਂ ਬਰੇਕ ਮਾਰਨ ਕਾਰਨ ਹਾਦਸਾ ਟਲਿਆ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਆਗੂ ਸੋਨੀਪਤ ਰੇਲਵੇ ਸਟੇਸ਼ਨ ’ਤੇ ਧਰਨਾ ਦੇਣ ਪਹੁੰਚੇ। ਇਸੇ ਦੌਰਾਨ ਮਾਲ ਗੱਡੀ ਆ ਗਈ ਜਿਸ ਨੂੰ ਕਿਸਾਨ ਆਗੂਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਰੇਲ ਗੱਡੀ ਦੀ ਰਫ਼ਤਾਰ ਨੂੰ ਦੇਖਦਿਆਂ ਰੇਲਵੇ ਪੁਲੀਸ ਨੇ ਕਿਸਾਨ ਆਗੂਆਂ ਨੂੰ ਰੇਲ ਪੱਟੜੀ ਤੋਂ ਹਟਾਇਆ। ਇਸੇ ਦੌਰਾਨ ਰੇਲ ਗੱਡੀ ਦੇ ਚਾਲਕ ਨੇ ਵੀ ਬਰੇਕ ਲਗਾ ਦਿੱਤੀ ਸੀ। ਇਸ ਨਾਲ ਵੱਡਾ ਹਾਦਸਾ ਟਲ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਲਟਕਾ ਕੇ ਖਤਮ ਕਰਨਾ ਚਾਹੁੰਦੀ ਹੈ ਪਰ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਵਾਲਾ ਕਾਨੂੰਨ ਨਹੀਂ ਲਿਆਂਦਾ ਜਾਂਦਾ ਉੱਦੋਂ ਤੱਕ ਕਿਸਾਨ ਅੰਦੋਲਨ ਖਤਮ ਨਹੀਂ ਹੋਵੇਗਾ।

ਕਰਨਾਲ ’ਚ ਭਾਜਪਾ ਦਫ਼ਤਰ ਬੰਦ ਕਰਵਾਇਆ, ਝੰਡੇ ਫੂਕੇ

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਰਨਾਲ ’ਚ ਕਿਸਾਨਾਂ ਨੇ ਸਾਰੀਆਂ ਸੜਕਾਂ ’ਤੇ ਆਵਾਜਾਈ ਠੱਪ ਕੀਤੀ। ਲੋਕ ਵੀ ਬਾਜ਼ਾਰ ਬੰਦ ਕਰਕੇ ਬੰਦ ਦੀ ਹਮਾਇਤ ਕਰ ਰਹੇ ਸਨ। ਇਸੇ ਦੌਰਾਨ ਭਾਜਪਾ ਨੇ ਵਾਰਡ ਨੰਬਰ-7 ਤੋਂ ਨਿਗਮ ਦੀ ਜ਼ਿਮਨੀ ਚੋਣ ਲਈ ਦਫ਼ਤਰ ਖੋਲ੍ਹਿਆ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਕਿਸਾਨ ਜਥੇਬੰਦੀਆਂ ਨੇ ਕਰਨਾਲ ’ਚ ਭਾਜਪਾ ਦੇ ਦਫ਼ਤਰ ਨੂੰ ਬੰਦ ਕਰਵਾਇਆ। ਕਿਸਾਨਾਂ ਨੇ ਦਫ਼ਤਰ ਦੇ ਬਾਹਰ ਲਗਾਏ ਗਏ ਭਾਜਪਾ ਦੇ ਝੰਡਿਆਂ ਨੂੰ ਉੱਤਰਾ ਕੇ ਸਾੜ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਦਾ ਹਰ ਵਰਗ ਬੰਦ ਦੀ ਹਮਾਇਤ ਕਰ ਰਿਹਾ ਹੈ ਤਾਂ ਭਾਜਪਾ ਆਗੂ ਜਾਣ ਬੁਝ ਕੇ ਚੋਣ ਦਫ਼ਤਰ ਖੋਲ੍ਹ ਕੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਮੁੱਦਿਆਂ ’ਤੇ ਕੇਂਦਰਿਤ ਰਹੀ ਪਲੇਠੀ ਕੈਬਨਿਟ ਮੀਟਿੰਗ
Next articleਕਿਸਾਨਾਂ ਦੇ ਹੱਕ ’ਚ ਨਿਤਰੇ ਰਾਹੁਲ ਗਾਂਧੀ