HOME ਪੰਜਾਬੀ ਸਾਹਿਤ ਦੇ ਮੁਦੱਸਰ:- ਜਸਵੰਤ ਜ਼ਫ਼ਰ

ਪੰਜਾਬੀ ਸਾਹਿਤ ਦੇ ਮੁਦੱਸਰ:- ਜਸਵੰਤ ਜ਼ਫ਼ਰ

15
ਪੰਜਾਬੀ ਸਾਹਿਤ ਦੇ ਮੁਦੱਸਰ:- ਜਸਵੰਤ ਜ਼ਫ਼ਰ

   (ਸਮਾਜ ਵੀਕਲੀ)    ਪੰਜਾਬੀ ਸੱਭਿਆਚਾਰ ਵੰਨ ਸੁਵੰਨੀਆਂ ਕਲਾਵਾਂ ਦਾ ਸਾਂਝਾ ਸੁਮੇਲ ਹੈ। ਦਿਨੋਂ ਦਿਨ ਇਸ ਖੇਤਰ ਵਿੱਚ ਸਾਹਿਤਕਾਰ, ਗੀਤਕਾਰ, ਕਲਾਕਾਰ, ਵਿਦਵਾਨ ਅਤੇ ਸਾਇਰ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਸ ਦੇ ਘੇਰੇ ਨੂੰ ਵਿਸ਼ਾਲ ਤੇ ਅਮੀਰ ਬਣਾਉਂਦੇ ਆ ਰਹੇ ਹਨ। ਸੱਭਿਆਚਾਰ ਦੇ ਸਾਹਿਤਕ ਖੇਤਰ ਵਿਚ ਲੰਮੇ ਅਰਸੇ ਤੋਂ ਨਿਰੋਲ ਤੇ ਡੂੰਘੇ ਅਰਥਾਂ ਦੇ ਇੰਨਸਕਲੋਪੀਡੀਆ ਮੰਨੇ ਜਾਣ ਵਾਲੇ ਜਸਵੰਤ ਜ਼ਫ਼ਰ ਦਾ ਨਾਂ ਉੱਘਾ ਤੇ ਵਿਸ਼ੇਸ਼ ਥਾਂ ਰੱਖਦਾ ਹੈ। ਮਾਂ- ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਮੁਦੱਸਰ ਵਿਰਤੀ ਵਾਲੇ ਜਸਵੰਤ ਜ਼ਫ਼ਰ ਦਾ ਜਨਮ 17 ਦਸੰਬਰ 1965 ਨੂੰ ਪਿੰਡ ਸੰਘੇ ਖਾਲਸਾ ਨੂਰਮਹਿਲ ਵਿਖੇ ਹੋਇਆ।ਇਸ ਦੇ ਪਿਛੋਕੜ ਪਿੰਡ ਮਹਿਸਮਪੁਰ ਫਿਲੌਰ ਵਿਖੇ ਇਸਦਾ ਬਚਪਨ ਬਤੀਤ ਹੋਇਆ। ਕੂਮ ਕਲਾਂ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਦੀ ਪੜ੍ਹਾਈ ਪ੍ਰਾਪਤ ਕੀਤੀ। ਸਰਕਾਰੀ ਕਾਲਜ ਲੁਧਿਆਣਾ ਤੋਂ ਉੱਚੇਰੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਸਾਲ 1989 ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕਰਦਿਆਂ ਇਸ ਨੇ ਪਰਿਵਾਰ ਚ ਲੱਗੀ ਕਿਤਾਬਾਂ ਪੜ੍ਹਨ ਦੀ ਚਿਣਗ ਨੂੰ ਬਰਕਰਾਰ ਰੱਖਿਆ।ਕਲਾ ਨਾਲ ਜੁੜੇ ਵਿਦਿਅਕ ਮੁਕਾਬਲਿਆਂ ਅਤੇ ਵੱਖ ਵੱਖ  ਹੋਣ ਵਾਲੀਆਂ ਸਾਹਿਤਕ ਸਰਗਰਮੀ ਵਿੱਚ ਇਸ ਨੇ ਭਾਗ ਲਿਆ। ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਜਦੋਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਜੁਆਇੰਨ ਕੀਤੀ ਤਾਂ ਇਸ ਨੇ ਆਪਣੀ ਪੜ੍ਹਾਈ ਲਿਖਾਈ ਦੇ ਕੰਮ ਨੂੰ ਪੂਰੇ ਜ਼ੋਰਾਂ ਸ਼ੋਰਾਂ ਨਾਲ ਜ਼ਾਰੀ ਰੱਖਿਆ। ਕਿਤਾਬਾਂ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਜਸਵੰਤ ਜ਼ਫ਼ਰ ਘਰੋਂ ਜੋਂ ਕੱਪੜਿਆਂ ਲਈ ਪੈਸੇ ਮਿਲਦੇ ਤਾਂ ਉਹ ਕੱਪੜੇ ਖ਼ਰੀਦਣ ਦੀ ਬਜਾਇ ਕਿਤਾਬਾਂ ਖਰੀਦ ਲੈਂਦੇ ਸਨ। ਰਿਸ਼ਤਾ ਪੱਕਾ ਹੋਣ ਤੇ ਜਸਵੰਤ ਜ਼ਫ਼ਰ ਨੂੰ ਪਤਨੀ ਦਾ ਲਾਈਬ੍ਰੇਰੀਅਨ ਹੋਣਾ ਬੜਾ ਚੰਗਾ ਲੱਗਿਆ।ਕਿਤਾਬਾਂ ਨਾਲ ਲਗਾਤਾਰਤਾ ਬਣਾਉਣ ਵਾਲੇ ਜਸਵੰਤ ਜ਼ਫ਼਼ਰ ਦੀ ਪਹਿਲੀ ਕਿਤਾਬ ਦੋ ਸਾਹਾਂ ਦੇ ਵਿਚਕਾਰ ਸਾਲ 1993 ਵਿੱਚ ਆਈ ਸੀ। ਸੰਜ਼ਮ ਤੇ ਸਹਿਜਤਾ ਵਾਲੇ ਜਸਵੰਤ ਜ਼ਫ਼ਰ ਨੇ ਸ਼ਾਹਕਾਰ ਕਵਿਤਾਵਾਂ ਦੀ ਰਚਨਾ ਕੀਤੀ| ਇਸਦੀ ਲੇਖਣੀ ਜਿੰਨੀ ਸਰਲ ਹੈ,ਓਨੀ ਹੀ ਗਹਿਰੀ ਅਤੇ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰਨ ਵਾਲੀ ਹੈ। ਜਸਵੰਤ ਜ਼ਫਰ ਪੰਜਾਬੀ ਕਵੀ ਹੋਣ ਦੇ ਨਾਲ ਨਾਲ ਚਿੱਤਰਕਾਰ ਅਤੇ ਕਾਰਟੂਨਿਸਟ ਵੀ ਹਨ ਅਤੇ ਫੋਟੋਗ੍ਰਾਫੀ ਵੀ ਆਹਲਾ ਪੱਧਰ ਦੀ ਕਰਦੇ ਹਨ। ਇਨ੍ਹਾਂ ਦੇ ਪਿਤਾ ਜੀ ਕਿਤਾਬ ਪੜ੍ਹਦੇ ਅਤੇ ਮਾਤਾ ਸੁਣਦੇ ਸਨ,ਘਰ ਦੇ ਸਾਹਿਤਕ ਮਾਹੌਲ ਨੇ ਉਨ੍ਹਾਂ ਨੂੰ ਪੜ੍ਹਣ ਦੀ ਰੁਚੀ ਪਾਈ। ਸੰਜੀਦਗੀ ਦੀ ਭਰਪੂਰਤਾ ਰੱਖਣ ਵਾਲੇ ਜਸਵੰਤ ਜਫ਼ਰ ਬਹੁਤ ਬਾਰੀਕ ਅਵਲੋਕਣ ਵਾਲਾ ਦਾਨਸ਼ਵਰ ਹੈ ਅਤੇ ਉਹ ਆਪਣੀ ਨਵੀਂ ਨਿਵੇਕਲੀ ਪਛਾਣ ਬਣਾਉਣ ਦੇ ਸਮਰੱਥ ਹੈ।ਉਸ ਦੀਆਂ ਸਾਰੀਆਂ ਕਵਿਤਾਵਾਂ ਇੱਕ ਸਾਂਝੇ ਵਿਚਾਰਧਾਰਾਈ ਆਧਾਰ ਦਾ ਨਿਰਮਾਣ ਕਰਦੀਆਂ ਹਨ। ਉਹ ਜਦੋਂ ਵੀ ਕੋਈ ਕਵਿਤਾ ਸਿਰਜਦਾ ਹੈ ਤਾਂ ਉਹ ਨਵੇਂ ਰਾਹ ਬਣਾਉਂਦਾ ਅਤੇ ਨਵੀਆਂ ਧਰਤੀਆਂ ਤਲਾਸ਼ਦਾ ਹੈ ਅਤੇ ਆਪਣੀ ਗੱਲ ਨੂੰ ਸਪੱਸ਼ਟਤਾ ਸੰਖੇਪਤਾ ਖੂਬਸੂਰਤੀ ਨਾਲ ਕਰਨ ਲਈ ਨਵੀਆਂ ਵਿਧੀਆਂ ਦਾ ਪ੍ਰਯੋਗ ਕਰਦਾ ਹੈ।ਉਸਦੀ ਇਹੀ ਵਿਲੱਖਣਤਾ ਉਸਦਾ ਚਿੰਤਨ ਸੁਹਜ ਅਤੇ ਦਲੇਰੀ ਦਾ ਸੁਮੇਲ ਹੈ। ਸਾਦਗੀ ਭਰਪੂਰਤਾ ਨਾਲ ਜ਼ਿੰਦਗੀ ਜਿਉਣ ਵਾਲੇ ਜਸਵੰਤ ਜ਼ਫ਼ਰ ਅਕਾਲ ਪੁਰਖ ਦੀ ਰਜ਼ਾ ਨਾਲ ਭਾਣੇ ਅੰਦਰ ਰਹਿ ਕੇ ਜੀਵਨ ਬਤੀਤ ਕਰਨਾ ਪਸੰਦ ਕਰਦੇ ਹਨ ਜੋਂ ਮਨੁੱਖਤਾ ਲਈ ਪ੍ਰੇਰਨਾ ਸਰੋਤ ਸਾਬਤ ਹੋ ਸਕਦਾ ਹੈ। ਜਦੋਂ ਸਾਲ 2015 ਵਿੱਚ ਉਨ੍ਹਾਂ ਦੇ ਨੌਜਵਾਨ ਪੁੱਤਰ ਵਿਵੇਕ ਪੰਧੇਰ ਦੀ ਮੌਤ ਹੋਈ ਤਾਂ ਉਨ੍ਹਾਂ ਇਸ ਦੁਖਾਂਤ ਵੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨੂੰ ਚੇਤੇ ਕਰਕੇ ਹੌਸਲੇ ਨੂੰ ਬਰਕਰਾਰ ਰੱਖਿਆ ਹੋਇਆ ਚੜ੍ਹਦੀ ਕਲਾ ਵਿਚ ਰਹਿ ਕੇ ਨਵੀਂ ਮਿਸਾਲ ਕਾਇਮ ਕੀਤੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣ ਵਾਲੇ ਅੰਗੀ ਸਾਕੀ ਤੇ ਸਨੇਹੀਆਂ ਨੂੰ ਵਿਰਲਾਪ ਨਾ ਕਰਨ ਦੀ ਬਜਾਏ ਅਰਦਾਸ ਕਰਨ ਲਈ ਪ੍ਰੇਰਿਤ ਕੀਤਾ। ਜਦੋਂ ਇਸ ਦ੍ਰਿੜ ਸੰਕਲਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਹਿਜ ਸੁਭਾਅ ਕਿਹਾ ਕਿ ਇਨਸਾਨ ਕਈ ਚੀਜ਼ਾਂ ਦਾ ਮਿਲਣ ਬਿੰਦੂ ਹੁੰਦਾ ਹੈ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਨੂੰ ਚੇਤੇ ਰੱਖਣਾ ਚਾਹੀਦਾ ਹੈ। ਮਨੁੱਖ ਜਿਸ ਤਰ੍ਹਾਂ ਦੇ ਸਮਾਜ ਵਿਚ ਰਹਿੰਦਾ ਹੈ ਜਾਂ ਜਿਸ ਤਰ੍ਹਾਂ ਦਾ ਸਾਹਿਤ ਸੁਣਦਾ ਪੜ੍ਹਦਾ ਹੈ ਉਸ ਦੀ ਮਾਨਸਿਕਤਾ ਉਸੇ ਤਰ੍ਹਾਂ ਦਾ ਕਾਰਜ ਕਰਦੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਸੱਥ ਬਣਾਈ ਜਿਸ ਨੂੰ ਉਨ੍ਹਾਂ ਦੇ ਪਰਿਵਾਰ ਨੇ ਇੱਕ ਕਮਿਉਨਟੀ ਸੈਂਟਰ ਵਜੋਂ ਵਿਕਸਿਤ ਕੀਤਾ ਹੈ। ਕੁਦਰਤ ਦੀ ਪ੍ਰਕਿਰਤੀ ਨਾਲ ਪਿਆਰ ਕਰਦੇ ਹੋਏ ਜਸਵੰਤ ਜ਼ਫਰ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਅਜੋਕੇ ਸਮੇਂ ਦੀ ਵੱਧ ਰਹੀ ਜ਼ਰੂਰਤ ਦੇ ਮੱਦੇਨਜ਼ਰ ਸਾਲ 2014 ਵਿਚ ਵਾਤਾਵਰਣ ਸੰਭਾਲ਼ ਲਈ ਸ਼ਹਿਰ ਦੇ ਵੱਖ ਵੱਖ ਵਿਭਾਗਾਂ, ਅਦਾਰਿਆਂ ਵਿਚ ਸਮਾਜਿਕ ਜਥੇਬੰਦੀਆਂ ਅਤੇ ਆਮ ਸ਼ਹਿਰੀਆਂ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ਇਕੋ ਵਾਰ ਚ ਕਰੀਬ ਇੱਕ ਲੱਖ ਬੂਟੇ ਲਗਵਾਏ ਜੋ ਕਿ ਇੱਕ ਤਰ੍ਹਾਂ ਦਾ ਰਿਕਾਰਡ ਸੀ। ਜਸਵੰਤ ਸਿੰਘ ਜ਼ਫਰ ਦੀਆਂ ਲਿਖਤਾਂ ਵਿੱਚ ਕਈ ਥਾਈਂ ਧਰਮ ਦਾ ਜ਼ਿਕਰ ਆਉਂਦਾ ਹੈ।ਉਹ ਦੱਸਦੇ ਹਨ ਕਿ ਸਾਡਾ ਧਰਮ ਨਾਲ ਸਬੰਧ ਠੀਕ ਨਹੀਂ ਹੈ। ਗੁਰੂ ਸਾਹਿਬ ਨੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦਾ ਸੰਦੇਸ਼ ਦਿੱਤਾ ਪਰ ਸਾਡੀ ਪੰਜਾਬ ਦੀ ਹਵਾ ਸਭ ਤੋਂ ਵੱਧ ਦੂਸ਼ਿਤ ਹੈ। ਜਸਵੰਤ ਜ਼ਫ਼ਰ ਦੀਆਂ ਕਵਿਤਾਵਾਂ ਇਸ ਗੱਲ ਦਾ ਅਹਿਸਾਸ ਕਰਵਾਉਂਦੀਆਂ ਹਨ ਕਿ ਅਸੀਂ ਨਾਨਕ ਦਾ ਨਾਮ ਲੈਂਦੈ ਹੋਏ ਨਾਨਕ ਤੇ ਆਪਣਾ ਹੱਕ ਜਮਾਉਂਦੇ ਹਾਂ ਅਸੀਂ ਨਾਨਕ ਦੇ ਕੀ ਲੱਗਦੇ ਹਾਂ।‌ ਜਸਵੰਤ ਜ਼ਫ਼ਰ ਆਪਣੀਆਂ ਕਵਿਤਾਵਾਂ ਰਾਹੀਂ ਆਪਣੀ ਗੱਲ ਨੂੰ ਸਪੱਸ਼ਟ ਸੰਖੇਪਤਾ ਨਾਲ ਕਰਨ ਲਈ ਨਵੀਆਂ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਆਪਣੀ ਪਹਿਲੀ ਕਿਤਾਬ ਤੋਂ ਬਾਅਦ ਗਹਿਰੀ ਕਾਵਿ ਰਚਨਾ ਜਿਵੇਂ ਕਿ :- ਦੋ ਸਾਹਾਂ ਦੇ ਵਿਚਕਾਰ, ਅਸੀਂ ਨਾਨਕ ਦੇ ਕੀ ਲੱਗਦੇ ਹਾਂ,ਸਿਖੁ ਸੋ ਖੋਜਿ ਰਹੈ (ਨਿਬੰਧ ਸੰਗ੍ਰਹਿ), ਇਹ‌ ਬੰਦਾ ਕੀ ਹੁੰਦਾ ਅਤੇ ਮੈਨੂੰ ਇਓਂ ਲੱਗਿਆ ਵਰਗੀਆਂ ਪੁਸਤਕਾਂ ਦੀ ਰਚਨਾ ਕਰਦਿਆਂ ਲੁਧਿਆਣਾ ਚ ਵਗਦੇ ਗੰਦੇ ਨਾਲੇ ਦੀ ਸਫਾਈ ਦਾ ਬੀੜਾ ਚੁੱਕਣ ਵਾਲੇ ਜਸਵੰਤ ਜ਼ਫ਼ਰ ਬੁੱਢਾ ਦਰਿਆ ਨਾਟਕ ਦੀ ਵੀ ਰਚਨਾ ਕਰ ਚੁੱਕੇ ਹਨ । ਹਲੀਮੀ ਅਤੇ ਸਾਦਗੀ ਦੇ ਨਾਲ ਆਪਣੀ ਵਿਲੱਖਣ ਕਾਵਿ ਸ਼ੈਲੀ ਰਾਹੀਂ ਨਿਰਵਿਘਨ ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੇ ਜਸਵੰਤ ਜ਼ਫ਼ਰ ਨੂੰ ਪੰਜਾਬ ਰਾਜ ਬਿਜਲੀ ਬੋਰਡ ਤੋਂ ਰਿਟਾਇਰ ਹੋਇਆ ਨੂੰ ਅਜੇ ਸਾਲ/ਡੇਢ਼ ਸਾਲ ਦਾ ਸਮਾਂ ਹੋਇਆ ਸੀ ਕਿ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਉੱਚ ਪੱਧਰੀ ਸਾਹਿਤਕ ਸੇਵਾਵਾਂ ਨੂੰ ਦੇਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ। ਜੂਨ 2024 ਚ ਵਿਭਾਗ ਦਾ ਕਾਰਜਕਾਲ ਸੰਭਾਲਦਿਆਂ ਜ਼ਫ਼ਰ ਸਾਹਿਬ ਨੇ ਦਫ਼ਤਰ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਕਈ ਅਹਿਮ ਉਪਰਾਲੇ ਕੀਤੇ। ਉਨ੍ਹਾਂ ਆਪਣੀ ਮੱਤ ਅਨੁਸਾਰ ਸਿਰਫ਼ ਪੰਜਾਬੀ ਵਿੱਚ ਕਵਿਤਾਵਾਂ ਲਿਖ ਲੈਣਾ ਹੀ ਮਾਂ ਬੋਲੀ ਦੀ ਸੇਵਾ ਨਹੀਂ ਬਲਕਿ ਬੋਲੀ ਨੂੰ ਸਮਕਾਲੀ ਤਕਨੀਕ ਦੇ ਹਾਣ ਦਾ ਬਣਾਉਣਾ ਅਤੇ ਲੋਕਾਂ ਤੱਕ ਪਹੁੰਚਾਉਣ ਦੇ ਸਾਧਨ ਵਿਕਸਿਤ ਕਰਨਾ ਅਸਲ ਵਿੱਚ ਪੰਜਾਬੀ ਬੋਲੀ ਦੀ ਸੇਵਾ ਹੈ ਸਾਹਿਤ ਦੇ ਦਰਿਆ ਚ ਆਪਣੇ ਸ਼ਬਦਾਂ ਦਾ ਨਿਰੰਤਰ ਵਹਾਅ ਕਰਨ ਵਾਲੇ ਜਸਵੰਤ ਜ਼ਫ਼ਰ ਨੇ ਆਪਣੀ ਦੂਰਅੰਦੇਸ਼ੀ ਤੇ ਨਿੱਗਰ ਸੋਚ ਦੇ ਨਾਲ ਸਮੇਂ ਦੇ ਬਦਲਾਅ ਅਨੁਸਾਰ ਵਿਭਾਗ ਦੀਆਂ ਦੁਰਲੱਭ ਸਾਹਿਤਕ ਪੁਸਤਕਾਂ ਦਾ ਦਾਇਰਾ ਵਧਾਉਣ ਲਈ ਡਿਜੀਟਲੀ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਪਹਿਲ ਦੇ ਅਧਾਰ ਤੇ ਸ਼ੁਰੂ ਕੀਤੀ ਤਾਂ ਜੋਂ ਅਜੋਕੇ ਸਮੇਂ ਦੀ ਮੰਗ ਅਨੁਸਾਰ ਇੰਟਰਨੈਟ ਮਾਧਿਅਮ ਰਾਹੀਂ ਸਮੁੱਚੇ ਪਾਠਕ ਆਪਣੀ ਸਾਹਿਤਕ ਵੰਨਗੀ ਦਾ ਰਸ ਚਖ ਸਕਣ। ਜਸਵੰਤ ਸਿੰਘ ਜ਼ਫਰ ਮੰਨਦੇ ਹਨ ਕਿ ਭਾਸ਼ਾ ਲਗਾਤਾਰ ਵਿਕਸਿਤ ਹੁੰਦੀ ਹੈ। ਜੇ ਅਸੀਂ ਤਕਨੀਕ ਨਾਲ ਮਿਲ ਕੇ ਚਲਦੇ ਰਹਾਂਗੇ ਤਾਂ ਪੰਜਾਬੀ ਨੂੰ ਕੋਈ ਖਤਰਾ ਨਹੀਂ। ਸਾਨੂੰ ਆਸ ਹੀ ਨਹੀਂ ਬਲਕਿ ਪੂਰਨ ਵਿਸ਼ਵਾਸ ਹੈ ਕਿ ਪੰਜਾਬੀ ਸਾਹਿਤ ਦੇ ਮੁਦੱਸਰ ਜਸਵੰਤ ਜ਼ਫ਼ਰ ਜੀ ਆਪਣੇ ਡਾਇਰੈਕਟਰ ਭਾਸ਼ਾ ਦੇ ਰਹਿੰਦੇ ਕਾਰਜਕਾਲ ਦੌਰਾਨ ਹੋਰ ਵੀ ਉੱਦਮੀ ਕਦਮ ਪੁੱਟਦੇ ਹੋਏ ਵਿਭਾਗ ਦੇ ਸੁਨਹਿਰੇ ਭਵਿੱਖ ਲਈ ਅਹਿਮ ਉਪਰਾਲੇ ਕਰਦੇ ਰਹਿਣਗੇ।
===================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
  99886-27880

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਾਸ ਏਂਜਲਸ ਵਿੱਚ ਹਾਲਾਤ ਵਿਗੜ ਗਏ, ਪੁਲਿਸ ਨੇ ਰਿਪੋਰਟਿੰਗ ਦੌਰਾਨ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ,
Next articleਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਲੋੜ – ਡਾ.ਰਾਜਿੰਦਰ ਪਾਲ