(ਸਮਾਜ ਵੀਕਲੀ)- ਭਾਰਤ ਤਿਉਹਾਰਾਂ ਦਾ ਦੇਸ਼ ਹੈ।ਇੱਥੇ ਹਰ ਸਟੇਟ ਜਾਂ ਧਰਮ ਦੇ ਤਿਉਹਾਰ ਵੱਖਰੇ ਨਾਂਵਾਂ ਨਾਲ ਮਨਾਏ ਜਾਂਦੇ ਹਨ। ਪਰ ਮਕਸਦ ਪੂਜਾ ਪਾਠ ਜਾਂ ਖੁਸ਼ੀਆਂ ਮਨਾਉਣਾ ਹੀ ਹੁੰਦਾ ਹੈ। ਬਹੁਤ ਸਾਰੇ ਤਿਉਹਾਰ ਸਾਂਝੇ ਹਨ,ਵੈਸੇ ਹਰ ਜਾਤ ਧਰਮ ਅਤੇ ਵਰਗ ਦੇ ਲੋਕ ਇਕੱਠੇ ਹੀ ਸਾਰੇ ਤਿਉਹਾਰ ਮਨਾਉਂਦੇ ਹਨ।ਅਸਲ ਵਿੱਚ ਪਹਿਲਾਂ ਮੇਲੇ ਦੇ ਰੂਪ ਵਿੱਚ ਲੋਕ ਇਕੱਠੇ ਹੁੰਦੇ ਸਨ।ਤੋਹਫਿਆਂ ਦੇ ਦੇਣ ਲੈਣ ਦੀ ਕਿਸੇ ਨੂੰ ਟੈਨਸ਼ਨ ਨਹੀਂ ਹੁੰਦੀ ਸੀ।ਸਿਰਫ ਲੋਹੜੀ ਵੇਲੇ ਮਾਪਿਆਂ ਵੱਲੋਂ ਧੀਆਂ ਭੈਣਾਂ ਨੂੰ ਤੋਹਫਾ ਦਿੱਤਾ ਜਾਂਦਾ ਸੀ।ਪਰ ਵਕਤ ਦੇ ਨਾਲ ਹੁਣ ਤਿਉਹਾਰਾਂ ਦਾ ਰੂਪ ਵੀ ਬਦਲ ਗਿਆ।ਹੁਣ ਤਿਉਹਾਰ ਪਿਆਰ ਦਾ ਅਤੇ ਸਾਂਝ ਦਾ ਪ੍ਰਤੀਕ ਘੱਟ ਹੀ ਰਹਿ ਗਿਆ ਹੈ।ਇਸ ਵਕਤ ਵਿਖਾਵਾ ਅਤੇ ਮੁਕਾਬਲਾ ਵਧੇਰੇ ਭਾਰੂ ਹੈ।ਮਹਿੰਗੇ ਅਤੇ ਵੱਡੇ ਵੱਡੇ ਤੋਹਫੇ ਦਿੱਤੇ ਜਾਣ ਲੱਗੇ ਨੇ।ਬਹੁਤ ਵਾਰ ਇਹ ਤੋਹਫੇ ਖੁਸ਼ੀ ਘੱਟ ਅਤੇ ਟੈਨਸ਼ਨ ਵੱਧ ਦਿੰਦੇ ਹਨ।ਅਸਲ ਵਿੱਚ ਤਿਉਹਾਰ ਇਕ ਦੂਸਰੇ ਨੂੰ ਮਿਲਣ ਗਿਲਣ ਲਈ ਸਨ।ਇਸਦੇ ਨਾਲ ਹੀ ਫਸਲ ਦੀ ਕਟਾਈ ਹੁੰਦੀ ਸੀ,ਚਾਰ ਪੈਸੇ ਹੱਥ ਆਉਂਦੇ ਸਨ।ਤਿਉਹਾਰ ਵਿਖਾਵੇ ਅਤੇ ਫੁਕਰੇਪਣ ਦੀ ਭੇਂਟ ਚੜ੍ਹ ਗਏ ਹਨ।ਮਹਿੰਗੇ ਤੋਹਫੇ ਨੇੜਤਾ ਸਮਝੀ ਜਾ ਰਹੀ ਹੈ।ਤਿਉਹਾਰਾਂ ਦਾ ਅਸਲੀ ਮਕਸਦ ਕਿੱਧਰੇ ਗੁਆਚ ਹੀ ਗਿਆ ਹੈ।ਵਧੇਰੇ ਲੋਕ ਹੁਣ ਮੇਲਿਆਂ ਵਿੱਚ ਜਾਣਾ ਵੀ ਪਸੰਦ ਨਹੀਂ ਕਰਦੇ।ਹਰ ਤਿਉਹਾਰ ਨਾਲ ਇਕੱਠੇ ਹੋਇਆ ਜਾਂਦਾ ਸੀ।ਦੁਸ਼ਿਹਰੇ ਤੇ ਲੋਕ ਇਕੱਠੇ ਹੁੰਦੇ,ਵਿਸਾਖੀ ਤੇ ਖੂਬ ਮੇਲਾ ਭਰਦਾ ਸੀ।ਇਵੇਂ ਹੀ ਦੂਸਰੇ ਰਾਜਾਂ ਵਿੱਚ ਵੀ ਇਹ ਇਕੱਠੇ ਹੋਕੇ ਹੀ ਮਨਾਏ ਜਾਂਦਾ ਹਨ।ਹਾਂ,ਕੁੱਝ ਤਿਉਹਾਰਾਂ ਦੇ ਨਾਮ ਵੱਖਰਾ ਹੋ ਸਕਦਾ ਹੈ,ਪਰ ਤਿਉਹਾਰ ਉਹ ਹੀ ਹੁੰਦਾ ਹੈ। ਖੈਰ,ਬਦਲਦੇ ਵਕਤ ਨੇ ਜਿੱਥੇ ਤਿਉਹਾਰਾਂ ਦਾ ਰੂਪ ਬਦਲਿਆ, ਉੱਥੇ ਹੀ ਤਿਉਹਾਰਾਂ ਦਾ ਉਤਸ਼ਾਹ ਵੀ ਘੱਟ ਗਿਆ ਹੈ।ਅਸਲ ਵਿੱਚ ਕੁੱਝ ਦਹਾਕੇ ਪਹਿਲਾਂ ਤੱਕ ਨਵੇਂ ਕੱਪੜੇ ਤਿਉਹਾਰਾਂ ਤੇ ਹੀ ਮਿਲਦੇ ਸਨ।ਬਹੁਤ ਘੱਟ ਪਰਿਵਾਰਾਂ ਵਿੱਚ ਤਿਉਹਾਰ ਜਾਂ ਫਸਲ ਆਉਣ ਤੋਂ ਪਹਿਲਾਂ ਨਵੇਂ ਕੱਪੜੇ ਬਣਦੇ ਸਨ।ਇਸ ਕਰਕੇ ਤਿਉਹਾਰਾਂ ਅਤੇ ਫਸਲ ਦੀ ਬੜੇ ਉਤਸ਼ਾਹ ਨਾਲ ਉਡੀਕ ਕੀਤੀ ਜਾਂਦੀ ਸੀ।ਪਰ ਇਸ ਵਕਤ ਸਾਰਾ ਸਾਲ ਹੀ ਕੱਪੜੇ ਖਰੀਦੇ ਜਾਂਦੇ ਹਨ।ਘਰ ਬੈਠੇ ਔਨਲਾਇਨ ਆਰਡਰ ਕੀਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦਾ ਕੱਪੜਾ,ਜੁੱਤੀ ਅਤੇ ਹੋਰ ਜ਼ਰੂਰਤ ਦਾ ਸਮਾਨ ਘਰ ਪਹੁੰਚ ਜਾਂਦਾ ਹੈ।ਕਿਸੇ ਵੀ ਕੀਮਤ ਦਾ ਚਾਅ ਅਤੇ ਖੁਸ਼ੀ ਉਦੋਂ ਹੀ ਹੁੰਦੀ ਹੈ ਜਦੋਂ ਉਸਦੀ ਬਹੁਤਾਤ ਨਾ ਹੋਵੇ।ਜਿੰਨ੍ਹਾਂ ਨੂੰ ਸਾਰਾ ਸਾਲ ਸਮਾਨ ਮਿਲਦਾ ਹੈ,ਉਹ ਤਿਉਹਾਰ ਤੇ ਮਿਲੇ ਕੱਪੜੇ ਦੀ ਅਹਿਮੀਅਤ ਸਮਝ ਹੀ ਨਹੀਂ ਸਕਦੇ।ਇੰਜ ਹੀ ਖਾਣ ਵਾਲੀਆਂ ਚੀਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਤਿਉਹਾਰਾਂ ਤੇ ਲੱਡੂ ਜਲੇਬੀਆਂ ਅਤੇ ਪਕੌੜੇ ਆਦਿ ਬਣਦੇ ਸਨ ਜਾਂ ਖਰੀਦ ਕੇ ਲਿਆਏ ਜਾਂਦੇ ਸਨ।ਪਰ ਇਸ ਵਕਤ ਹਰ ਰੋਜ਼ ਮਿਠਾਈ,ਚਾਕਲੇਟ ਅਤੇ ਬਾਹਰ ਹੋਟਲਾਂ ਤੇ ਰੋਟੀ ਖਾਧੀ ਜਾਂਦੀ ਹੈ।ਇਸ ਕਰਕੇ ਤਿਉਹਾਰਾਂ ਤੇ ਕੁੱਝ ਖਾਸ ਬੱਚਿਆਂ ਨੂੰ ਮਹਿਸੂਸ ਹੀ ਨਹੀਂ ਹੁੰਦਾ।
ਇਸਦੇ ਨਾਲ ਹੀ ਬੱਚਿਆਂ ਨੂੰ ਤਿਉਹਾਰਾਂ ਦੇ ਮਨਾਉਣ ਦੀ ਵਜ੍ਹਾ ਅਤੇ ਮਹੱਤਤਾ ਵੀ ਨਹੀਂ ਪਤਾ।ਸਾਂਝੇ ਪਰਿਵਾਰਾਂ ਵਿੱਚ ਬਜ਼ੁਰਗਾਂ ਵੱਲੋਂ ਪੂਜਾ ਪਾਠ ਘਰ ਵਿੱਚ ਹੁੰਦਾ ਸੀ।ਬੱਚਿਆਂ ਨੂੰ ਕੋਲ ਬਿਠਾ ਕੇ ਦੱਸਿਆ ਵੀ ਜਾਂਦਾ ਸੀ।ਪਰ ਹੁਣ ਵਧੇਰੇ ਕਰਕੇ ਬਜ਼ੁਰਗ ਨਾਲ ਨਹੀਂ ਹਨ ਅਤੇ ਨੌਜਵਾਨ ਪੀੜ੍ਹੀ ਕੋਲ ਵਕਤ ਦੀ ਘਾਟ ਵੀ ਹੈ।ਇਸ ਕਰਕੇ ਲੈ ਦੇਕੇ ਤਿਉਹਾਰਾਂ ਦਾ ਰੂਪ ਵੀ ਕਾਫੀ ਹੱਦ ਤੱਕ ਬਦਲ ਗਿਆ ਅਤੇ ਉਤਸ਼ਾਹ ਵੀ ਘੱਟ ਗਿਆ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ ਮੋਬਾਈਲ ਨੰਬਰ 9815030221
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly