ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਵਿੱਚ ਤਿਆਰ ਪਹਿਲੇ ਜੰਗੀ ਜਹਾਜ਼ ‘ਵਿਕਰਾਂਤ’ ਦੀ ਅੱਜ ਸਮੁੰਦਰ ਵਿੱਚ ਅਜ਼ਮਾਇਸ਼ ਸ਼ੁਰੂ ਹੋ ਗਈ ਹੈ। ਇਹ ਦੇਸ਼ ਵਿੱਚ ਤਿਆਰ ਸਭ ਤੋਂ ਵੱਡਾ ਜੰਗੀ ਬੇੜਾ ਹੈ, ਜਿਸ ’ਤੇ 30 ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਜਾ ਸਕਦੇ ਹਨ।
ਭਾਰਤੀ ਜਲ ਸੈਨਾ ਨੇ ਇਸ ਮੌਕੇ ਨੂੰ ਦੇਸ਼ ਲਈ ‘ਮਾਣ ਮਹਿਸੂਸ ਕਰਨ ਵਾਲਾ ਅਤੇ ਇਤਿਹਾਸਕ’ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਕੋਲ ਦੇਸ਼ ਵਿੱਚ ਡਿਜ਼ਾਈਨ ਕਰਨ, ਬਣਾਉਣ ਅਤੇ ਅਤਿ-ਆਧੁਨਿਕ ਜੰਗੀ ਬੇੜਾ ਤਿਆਰ ਕਰਨ ਦੀ ਵਿਸ਼ੇਸ਼ ਸਮਰੱਥਾ ਹੈ। ਵਿਕਰਾਂਤ ਦਾ ਭਾਰ 40,000 ਟਨ ਹੈ ਅਤੇ ਇਹ ਪਹਿਲੀ ਵਾਰ ਸਮੁੰਦਰ ਵਿੱਚ ਅਜ਼ਮਾਇਸ਼ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਇਸੇ ਨਾਮ ਦੇ ਇੱਕ ਜਹਾਜ਼ ਨੇ 50 ਸਾਲ ਪਹਿਲਾਂ 1971 ਦੀ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਏਅਰਕਰਾਫਟ ਬੇੜੇ ਨੂੰ, ਇਸ ਦੇ ਲੜਾਕੂ ਜਹਾਜ਼ਾਂ ਦੀ ਅਜਮਾਇਸ਼ ਪੂਰੀ ਕਰਨ ਮਗਰੋਂ, ਅਗਲੇ ਸਾਲ ਦੀ ਦੂਜੀ ਛਿਮਾਹੀ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਇਸ ਨੂੰ ਬਣਾਉਣ ’ਤੇ 23000 ਕਰੋੜ ਰੁਪਏ ਖ਼ਰਚਾ ਆਇਆ ਹੈ।
ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ‘‘ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਪਹਿਲ ਵਿੱਚ ਇਹ ਮਾਣ ਮਹਿਸੂਸ ਕਰਨ ਵਾਲਾ ਅਤੇ ਇਤਿਹਾਸਕ ਪਲ ਹੈ।’’ ਇਹ ਜੰਗੀ ਬੇੜਾ ਲਗਪਗ 262 ਮੀਟਰ ਲੰਬਾ ਅਤੇ 62 ਮੀਟਰ ਚੌੜਾ ਹੈ। ਇਸ ਨੂੰ ਕੋਚੀਨ ਸ਼ਿਪਯਾਰਡ ਲਿਮਿਟਡ ਨੇ ਤਿਆਰ ਕੀਤਾ ਹੈ। ਜੂਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਗੀ ਬੇੜੇ ਦੇ ਨਿਰਮਾਣ ਦਾ ਜਾਇਜ਼ਾ ਲਿਆ ਸੀ। ਇਸ ਜਹਾਜ਼ ’ਤੇ 30 ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਜਾ ਸਕਦੇ ਹਨ। ਜੰਗੀ ਬੇੜੇ ’ਤੇ ਮਿੱਗ-29ਕੇ ਲੜਾਕੂ ਜਹਾਜ਼ਾਂ ਅਤੇ ਕੇਏ-31 ਹੈਲੀਕਾਪਟਰਾਂ ਦਾ ਇੱਕ ਬੇੜਾ ਹੋਵੇਗਾ। ਭਾਰਤ ਕੋਲ ਇਸ ਸਮੇਂ ਸਿਰਫ਼ ਇੱਕ ਜੰਗੀ ਬੇੜਾ ‘ਆਈਐੱਨਐੱਸ ਵਿਕਰਮਾਦਿੱਤਿਆ’ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly