ਮੁੰਬਈ (ਸਮਾਜ ਵੀਕਲੀ) : ਯੂਕਰੇਨ ਵਿੱਚੋਂ ਬਚਾਏ 219 ਵਿਦਿਆਰਥੀਆਂ ਨੂੰ ਬੁਖਾਰੈਸਟ (ਰੋਮਾਨੀਆ) ਤੋਂ ਲੈ ਕੇ ਏਅਰ ਇੰਡੀਆ ਦੀ ਪਹਿਲੀ ਉਡਾਣ ਅੱਜ ਦੇਰ ਸ਼ਾਮ ਮੁੰਬਈ ਹਵਾਈ ਅੱਡੇ ’ਤੇ ਉੱਤਰੀ ਹੈ। ਇਹ ਜਾਣਕਾਰੀ ਏਟੀਸੀ ਸੂਤਰਾਂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਦੀ ਉਡਾਣ ਏਆਈ-1944 ਸ਼ਾਮ 7.50 ਵਜੇ ਛਤਰਪਤੀ ਸ਼ਿਵਾਜ਼ੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਕੇਂਦਰੀ ਮੰਤਰੀ ਪਿਊਸ਼ ਗੋਇਲ ਜੰਗ ਪ੍ਰਭਾਵਿਤ ਦੇਸ਼ ਤੋਂ ਪਰਤੇ ਵਿਦਿਆਰਥੀਆਂ ਦੇ ਸਵਾਗਤ ਲਈ ਲਈ ਹਵਾਈ ਅੱਡੇ ’ਤੇ ਮੌਜੂਦ ਸਨ। ਏਅਰ ਇੰਡੀਆ ਦੀ ਉਡਾਣ ਸ਼ਨਿਚਰਵਾਰ ਤੜਕੇ 3.38 ਵਜੇ ਬੁਖਾਰੈਸਟ ਲਈ ਰਵਾਨਾ ਹੋਈ ਸੀ ਅਤੇ ਲਗਪਗ 10.45 ’ਤੇ ਉੱਥੇ ਪਹੁੰਚੀ ਸੀ। ਉਥੋਂ ਬੁਖਾਰੈਸਟ ਤੋਂ ਇਹ ਉਡਾਣ 1.55 ਵਜੇ ਮੁੰਬਈ ਲਈ ਰਵਾਨਾ ਹੋਈ ਸੀ।
ਜ਼ਿਕਰਯੋਗ ਹੈ ਕਿ ਯੂਕਰੇਨ ਦਾ ਹਵਾਈ ਖੇਤਰ 24 ਫਰਵਰੀ ਨੂੰ ਸਵੇਰੇ ਹਵਾਈ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਲੋਕਾਂ ਨੂੰ ਬਚਾਅ ਕੇ ਲਿਆਉਣ ਲਈ ਉਡਾਣਾਂ ਬੁਖਾਰੈਸਟ ਅਤੇ ਬੁਡਾਪੈਸਟ ਤੋਂ ਚਲਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ 219 ਯਾਤਰੀਆਂ ਨੂੰ ਲੈ ਕੇ ਆਏ ਏਅਰ ਇੰਡੀਆ ਦੇ ਜਹਾਜ਼ ਦੀ ਹਵਾਈ ਅੱਡੇ ’ਤੇ ਉੱਤਰਦੇ ਸਮੇਂ ਦੀ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ। ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ, ‘‘ਮਾਤ ਭੂਮੀ ’ਤੇ ਤੁਹਾਡਾ ਸਵਾਗਤ ਹੈ।’’ ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਨਾਅਰੇ ਵੀ ਲਾਏ। ਵੀਡੀਓ ਵਿੱਚ ਸ੍ਰੀ ਗੋਇਲ ਵਿਦਿਆਰਥੀਆਂ ਨੂੰ ਯੂਕਰੇਨ ਵਿੱਚ ਫਸੇ ਹੋੲੇ ਬਾਕੀ ਲੋਕਾਂ ਨੂੰ ਵੀ ਸੁਰੱਖਿਅਤ ਵਾਪਸ ਲਿਆਉਣ ਦਾ ਭਰੋਸਾ ਦਿੰਦੇ ਹੋਏ ਸੁਣਾਈ ਦੇ ਰਹੇ ਹਨ। ਗੋਇਲ ਨੇ ਦੇਸ਼ਭਗਤੀ ਦੀ ਭਾਵਨਾ ਲਈ ਏਅਰ ਇੰਡੀਆ ਦੇ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ, ‘‘ਇਹ ਹੀ ਭਾਰਤ ਦੀ ਤਾਕਤ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly