(ਸਮਾਜ ਵੀਕਲੀ) ਅਸੀਂ ਰੋਜ਼ਾਨਾ ਹਰ ਰੋਜ਼ ਪੜ੍ਹਦੇ ਹਾਂ ,ਕਿ ਪੰਜਾਬ ਅਤੇ ਹੋਰਨਾਂ ਸੂਬਿਆ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਵਿੱਚ ਵਿਦੇਸ਼ ਵਸਣ ਦਾ ਰੁਝਾਨ ਵੱਧਦਾ ਜਾਂਦਾ ਹੈ। ਇਹ ਵੀ ਅਸੀਂ ਖ਼ਬਰਾਂ ਪੜ੍ਹਦੇ ਹਾਂ, ਕਿ ਇਹਨਾਂ ਨਾਲ ਠੱਗੀ- ਠੋਰੀ ਵੀ ਬਹੁਤ ਹੋ ਰਹੀ ਹੈ। ਜਿਸ ਨਾਲ ਇਹ ਨਾ ਇਧਰ ਦੇ ਰਹਿੰਦੇ ਹਨ ਨਾ ਉਧਰ ਦੇ ਰਹਿੰਦੇ ਹਨ। ਮਾਂ -ਪਿਓ ਸਿਰ ਕਰਜ਼ਾ ਚੜ੍ਹ ਜਾਂਦਾ ਹੈ। ਜ਼ਮੀਨਾਂ ਵਿਕ ਜਾਂਦੀਆਂ ਹਨ। ਉਹ ਵੀ ਵੇਲੇ ਸਨ ਜਦੋਂ ਦੁਆਬੇ ਦੇ ਇਲਾਕੇ ਦੇ ਗ਼ਦਰੀ ਬਾਬਿਆਂ ਨੇ ਆਜ਼ਾਦੀ ਦੀ ਲੜਾਈ ਨੂੰ ਨਵਾਂ ਮੋੜ ਦਿੱਤਾ ।ਇਹ ਪੰਜਾਬੀ ਦੇਸ਼ ਭਗਤ ਆਪਣੀ ਮਾਤ -ਭੂਮੀ ਦੇ ਮੋਹ ਕਰਨ ਆਪਣਾ ਸਭ ਕੁਝ ਤਿਆਗ ਕੇ ਜੰਗੇ -ਆਜ਼ਾਦੀ ਵਿੱਚ ਕੁੱਦੇ ।ਹਾਲੇ ਕਿ ਉਹਨਾਂ ਸਮਿਆਂ ਵਿੱਚ ਵੀ ਵਿਦੇਸ਼ ਜਾ ਕੇ ਪੈਸਾ ਕਮਾਉਣਾ ਦੀ ਮਾਰਾਮਾਰੀ ਕਾਫ਼ੀ ਸੀ। ਪਰ ਇਹਨਾਂ ਯੋਧਿਆਂ ਨੇ ਪੈਸੇ ਨੂੰ ਠੋਕਰ ਮਾਰਦੇ ਹੋਏ ਆਪਣੀ ਮਾਤ- ਭੂਮੀ ਦੇ ਆਦਰ ਮਾਣ ਨੂੰ ਆਪਣੇ ਸਵੈ ਮਾਨ ਨਾਲ ਜੋੜਦੇ ਹੋਏ ਆਪਣੀਆਂ ਕੀਮਤਾਂ ਜ਼ਿੰਦਗੀਆਂ ਤੱਕ ਕੁਰਬਾਨ ਕਰ ਦਿੱਤੀਆਂ। ਸਮੇਂ ਦੀ ਵਿਡੰਬਣਾ ਹੈ, ਕਿ ਇੱਕ ਸਦੀ ਬਾਅਦ ਦੁਆਬੇ ਅੰਦਰ ਵਿਦੇਸ਼ਾਂ ‘ਚੋਂ ਵਸਣ ਦਾ ਮੋਹ ਸਭ ਤੋਂ ਜਿਆਦਾ ਵੱਧ ਰਿਹਾ ਹੈ। ਹੁਣ ਇਹ ਰੁਝਾਨ ਦੁਆਬੇ ਤੱਕ ਹੀ ਸੀਮਤ ਨਹੀਂ ਰਿਹਾ। ਇਹ ਮਾਝੇ ਅਤੇ ਮਾਲਵੇ ਵਿੱਚ ਵੀ ਵੱਧ ਰਿਹਾ ਹੈ। ਉਥੋਂ ਦੇ ਨੌਜਵਾਨ ਮੁੰਡੇ ਕੁੜੀਆਂ ਵੀ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ ,ਅਤੇ ਵਿਦੇਸ਼ ਜਾ ਰਹੇ ਹਨ।
ਵਿਦੇਸ਼ ਜਾਣ ਦੇ ਪਿੱਛੇ ਹਾਲਾਂਕਿ ਧਨ ਕਮਾਉਣ ਦੀ ਲਾਲਸਾ ਮੁੱਖ ਕਾਰਨ ਰਹੀ ਹੈ ।ਪ੍ਰੰਤੂ ਉਥੇ ਜਿਸ ਤਰ੍ਹਾਂ ਦਾ ਵਿਹਾਰ ਸਾਡੇ ਲੋਕਾਂ ਨਾਲ ਹੁੰਦਾ ਹੈ ।ਉਹ ਵੀ ਘੱਟ ਦੁਖਦਾਈ ਨਹੀਂ। ਵਰਿਆਂ ਦੀ ਸਖ਼ਤ ਮਿਹਨਤ ਮਗਰੋਂ ਅੱਜ ਸੰਸਾਰ ਦੇ ਵੱਖ -ਵੱਖ ਮੁਲਕਾਂ ਵਿੱਚ ਭਾਰਤੀਆਂ ਨੇ ਤੇ ਖ਼ਾਸ ਕਰਕੇ ਪੰਜਾਬੀਆਂ ਨੇ ਆਪਣੀ ਅਲੱਗ ਪਹਿਚਾਣ ਬਣਾਉਣ ਵਿੱਚ ਜਿੱਥੇ ਸਫਲਤਾ ਹਾਸਲ ਕੀਤੀ ਹੈ ,। ਕਾਮਯਾਬ ਲੋਕਾਂ ਦੀਆਂ ਕਹਾਣੀਆਂ ਤੇ ਪੈਸੇ ਦੀ ਭੁੱਖ ਲੋਕਾਂ ਨੂੰ ਵਿਦੇਸ਼ਾਂ ‘ਚੋਂ ਵਸਣ ਲਈ ਇਨ੍ਹਾਂ ਉਕਸਾਉਂਦੀ ਹੈ ਕਿ,ਵਿਦੇਸ਼ ਜਾਣ ਦੇ ਮੋਹ ਵਿੱਚ ਉਲਝਿਆ ਵਿਅਕਤੀ ਚੰਗੇ -ਮਾੜੇ ਤੇ ਨੈਤਿਕ- ਅਨੈਤਿਕ ਦਾ ਵਿਚਾਰ ਕੀਤੇ ਬਿਨ੍ਹਾਂ ਹੀ ਜਾਇਜ਼ -ਨਜਾਇਜ਼ ਹਰ ਹੱਥ ਕੰਡਾ ਵਰਤਕੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਵਾਰ ਆਪਣੀ ਇਸੇ ਕਮਜ਼ੋਰੀ ਕਾਰਨ ਟਰੈਵਲ ਏਜੈਂਟਾਂ ਦੇ ਮੱਕੜ ਜਾਲ ਵਿੱਚ ਜਾ ਫਸਦਾ ਹੈ ।ਇੱਕ ਪਾਸੇ ਤਾਂ ਉਸ ਨੂੰ ਪੈਸੇ ਤੋਂ ਹੱਥ ਧੋਣੇ ਪੈਂਦੇ ਹਨ, ਤੇ ਦੂਜੇ ਪਾਸੇ ਕਈ ਵਾਰ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈਂਦੇ ਹਨ। ਅਤੀਤ ਵੱਲ ਝਾਤ ਮਾਰੀਏ ਤਾਂ ਦਿਲ ਦਹਿਲਾਉਣ ਵਾਲੀਆਂ ਕਈ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ। ਸੈਂਕੜੇ ਘਰਾਂ ਦੇ ਚਿਰਾਗ਼ ਸੱਤ ਸਮੁੰਦਰੋਂ ਪਾਰ ਜਾਣ ਦੀ ਖਿੱਚ ਕਾਰਨ ਸਮੁੰਦਰ ਵਿੱਚ ਹੀ ਗਰਕ ਹੋ ਗਏ ਹਨ ,ਅਤੇ ਕਈ ਵਿਦੇਸਾ ਦੀਆਂ ਜੇਲਾਂ ਵਿੱਚ ਕਈ ਕਈ ਸਾਲਾਂ ਤੋਂ ਨਰਕ ਭੋਗ ਰਹੇ ਹਨ । ਪ੍ਰੰਤੂ ਦੁੱਖ ਇਸ ਗੱਲ ਦਾ ਹੈ ਕਿ ਹਾਲੇ ਤੱਕ ਵੀ ਸਰਕਾਰ ਤੇ ਨਾ ਹੀ ਸਮਾਜ ਕੋਈ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਹੈ ।ਸਗੋਂ ਅਸੀਂ ਇੱਕ ਦੂਜੇ ਦੀ ਵੇਖਾਂ ਵੇਖੀਂ ਆਪਣੇ ਬੱਚਿਆਂ ਨੂੰ ਵਿਦੇਸ਼ ਵੱਲ ਭੇਜ ਰਹੇ ਹਾਂ।
ਸਭ ਤੋਂ ਪਹਿਲਾਂ ਸਾਡੀ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹੋ ਜਿਹੀਆਂ ਸਭ ਦੁਖਦਾਈ ਘਟਨਾਵਾਂ ਦੇ ਤੱਥ ਸਰਬਜਨਕ ਕਰੇ ਜਿੰਨਾ ਵਿੱਚ ਗ਼ਲਤ ਢੰਗ ਨਾਲ ਅਪਣਾ ਕੇ ਵਿਦੇਸ਼ ਜਾਣ ਦੇ ਮੋਹ ਤੋਂ ਗ੍ਰਸਤ ਲੋਕਾਂ ਨੂੰ ਜਾਂ ਤਾਂ ਆਪਣੀ ਜਾਨ ਗਵਾਉਣੀ ਪਈ ਜਾਂ ਵਿਦੇਸ਼ੀ ਜੇਲ੍ਹਾਂ ਦੀ ਹਵਾ ਖਾਣੀ ਪਈ। ਇਹੋ ਜਿਹਾ ਹੋਣ ਨਾਲ ਵਿਦੇਸ਼ ਜਾਣ ਲਈ ਪੂਛ ਚੁੱਕੀ ਫਿਰਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉੱਥੋਂ ਦੇ ਕੌੜੇ ਸੱਚ ਨਾਲ ਰੂਬਰੂ ਹੋਣ ਦਾ ਮੌਕਾ ਤਾਂ ਮਿਲੇਗਾ । ਜਿੱਥੋਂ ਤੱਕ ਟਰੈਵਲ ਏਜੈਂਟਾਂ ਦਾ ਸਵਾਲ ਹੈ ,ਜਿਹੜੇ ਲੋਕ ਨਜ਼ਾਇਜ਼ ਤਰੀਕੇ ਨਾਲ ਬਾਹਰ ਭੇਜਣ ਲਈ ਭੋਲੇ ਭਾਲੇ ਲੋਕਾਂ ਨੂੰ ਉਕਸਾਉਂਦੇ ਹਨ ,ਜਾਂ ਗ਼ਲਤ ਦਸਤਾਵੇਜ਼ਾਂ ਨਾਲ ਉਹਨਾਂ ਨੂੰ ਬਾਹਰ ਭੇਜਦੇ ਆ। ਉਨ੍ਹਾਂ ਠੱਗ ਏਜੈਂਟਾਂ ਦੀ ਸੂਚੀ ਅਤੇ ਉਹਨਾਂ ਨੂੰ ਮਿਲੀ ਸਜ਼ਾ ਦਾ ਵੇਰਵਾ ਵੀ ਸਰਬਜਨਕ ਕਰਨਾ ਚਾਹੀਦਾ ਹੈ । ਤਾਂ ਕਿ ਬਾਕੀ ਲੋਕ ਕੁਝ ਸਬਕ ਲੈ ਸਕਣ ।ਇਨਾ ਸਭ ਉਪਰਾਲਿਆਂ ਤੋਂ ਵੀ ਕਿਤੇ ਵੱਧ ਜਿੰਮੇਵਾਰੀ ਸਾਡੀ ਸਰਕਾਰ ਦੀ ਬਣਦੀ ਹੈ ਕਿ ਉਹ ਬੇਰੁਜ਼ਗਾਰ ਹੱਥਾਂ ਨੂੰ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਏ। ਜਿੱਥੋਂ ਤੱਕ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਵੇਗੀ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦਾ ਭਵਿੱਖ ਧੁੰਦਲਾ ਨਜ਼ਰ ਆਵੇਗਾ ਤੇ ਉਹਨਾਂ ਆਰਥਿਕ ਪੱਖੋਂ ਸੁਰੱਖਿਅਤ ਨਹੀਂ ਕਰਦੀ ਉਦੋਂ ਤੱਕ ਉਦੇਸ਼ਾਂ ਵਿੱਚ ਵੱਸਣ ਦਾ ਮੋਹ ਬਣਿਆ ਰਹੇਗਾ । ਇਹ ਠੱਗੀਆਂ – ਠੋਰੀਆਂ ਦਾ ਸਿਲਸਿਲਾ ਵੀ ਚਲਦਾ ਰਹੇਗਾ। ਸਰਕਾਰ ਨੂੰ ਜਾਅਲੀ ਟਰੈਵਲ ਏਜੈਂਟਾਂ ਵਿਰੁਧ ਅਤੇ ਕਬੂਤਰ ਬਾਜ਼ੀ ਕਰਨ ਵਾਲਿਆਂ ਵਿਰੁੱਧ ਵੀ ਸਖਤ ਕਦਮ ਚੁੱਕਣੇ ਚਾਹੀਦੇ ਅਤੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349