ਮਾਨਸਾ (ਸਮਾਜ ਵੀਕਲੀ): ਤਿੰਨ ਪਿੰਡਾਂ ਵਿੱਚ ਨਹਿਰੀ ਪਾਣੀ ਪੂਰਾ ਨਾ ਪਹੁੰਚਣ ਦੇ ਵਿਰੋਧ ’ਚ ਅੱਕੇ ਹੋਏ ਕਿਸਾਨਾਂ ਨੇ ਅੱਜ ਨਹਿਰੀ ਵਿਭਾਗ ਦੇ ਤਿੰਨ ਅਧਿਕਾਰੀਆਂ ਨੂੰ ਮਾਨਸਾ ਦੀ ਜਵਾਹਰਕੇ ਕੋਠੀ ਵਿਖੇ ਦਫ਼ਤਰ ਵਿੱਚ ਬੰਦੀ ਬਣਾ ਲਿਆ। ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਹੇਠ ਬੰਦੀ ਬਣਾਏ ਗਏ ਸੁਪਰਡੈਂਟ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਜਦੋਂ ਰਾਤ ਭਰ ਵੀ ਨਾ ਛੱਡਣ ਲਈ ਮੰਚ ਤੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਐਲਾਨ ਕਰ ਦਿੱਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦੇਰ ਸ਼ਾਮ ਮਾਨਸਾ ਦੇ ਤਹਿਸੀਲਦਾਰ ਨਵਜੀਵਨ ਛਾਬੜਾ ਵੱਲੋਂ ਮੰਗ ਪੱਤਰ ਲੈ ਕੇ ਕਿਸਾਨਾਂ ਦੀ ਤਕਲੀਫ਼ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਤਾਂ ਦਫ਼ਤਰੀ ਸਮੇਂ ਤੋਂ ਬਾਅਦ ਕਿਸਾਨਾਂ ਨੇ ਜੇਤੂ ਰੈਲੀ ਕਰਕੇ ਬੰਦੀ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਗਿਆ, ਜਿਸ ਨਾਲ ਬੰਦੀ ਬਣਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪਿੰਡ ਬਾਜੇਵਾਲਾ ਦੇ ਜੋੜੇ ਮੋਘਿਆਂ ਨੂੰ ਰਾਜਨੀਤਿਕ ਤੌਰ ’ਤੇ ਅਸਰ ਰਸੂਖ ਰੱਖਣ ਵਾਲੇ ਕੁੱਝ ਵਿਸ਼ੇਸ਼ ਵਿਅਕਤੀਆਂ ਵੱਲੋਂ ਤੋੜਿਆ ਗਿਆ, ਜਿਸ ਕਾਰਨ ਤਿੰਨ ਪਿੰਡਾਂ ਭਲਾਈਕੇ, ਬੀਰੇਵਾਲਾ ਜੱਟਾਂ ਅਤੇ ਝੇਰਿਆਂਵਾਲੀ ਦੇ ਖੇਤਾਂ ਵਿੱਚ ਪੂਰਾ ਨਹਿਰੀ ਪਾਣੀ ਨਹੀਂ ਸੀ ਪੁੱਜ ਰਿਹਾ, ਜਿਸ ਕਾਰਨ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਅਗੇਤੀ ਗਰਮੀ ਪੈਣ ਕਾਰਨ ਮੁਰਝਾਉਣ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਨਹਿਰੀ ਮਹਿਕਮੇ ਦੇ ਐਕਸੀਅਨ ਸਮੇਤ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਕੋਲ ਇਹ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ, ਪਰ ਕਿਸੇ ਵੱਲੋਂ ਕਿਸਾਨਾਂ ਦੀ ਇਸ ਵੱਡੀ ਤਕਲੀਫ਼ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਕੇ ਹੋਏ ਕਿਸਾਨਾਂ ਵੱਲੋਂ ਅੱਜ ਐਕਸੀਅਨ ਦਾ ਘਿਰਾਓ ਰੱਖਿਆ ਗਿਆ, ਪਰ ਉਨ੍ਹਾਂ ਦੇ ਮਾਮਲਾ ਨੋਟਿਸ ਵਿੱਚ ਹੋਣ ਦੇ ਬਾਵਜੂਦ ਉਹ ਦਫ਼ਤਰ ਵਿੱਚ ਨਹੀਂ ਆਏ, ਪਰ ਜਥੇਬੰਦੀ ਨੇ ਆਪਣੇ ਪ੍ਰੋਗਰਾਮ ਮੁਤਾਬਕ ਉਥੇ ਮੌਜੂਦ ਤਿੰਨ ਅਧਿਕਾਰੀਆਂ ਨੂੰ ਦਫ਼ਤਰ ਵਿੱਚ ਹੀ ਬੰਦੀ ਬਣਾ ਲਿਆ। ਉਨ੍ਹਾਂ ਕਿਹਾ ਕਿ ਭਾਵੇਂ ਜਥੇਬੰਦਕ ਆਗੂ ਬੰਦੀ ਬਣਾਏ ਗਏ ਅਧਿਕਾਰੀਆਂ ਲਈ ਚਾਹ-ਪਾਣੀ ਅਤੇ ਪਖਾਨੇ ਜਾਣ ਦੀ ਬਕਾਇਦਾ ਸਹੂਲਤ ਜਾਰੀ ਰੱਖੀ, ਪਰ ਜਦੋਂ ਬੰਦੀ ਬਣਾਏ ਅਫ਼ਸਰਾਂ ਦਾ ਦਫ਼ਤਰੀ ਸਮੇਂ ਤੋਂ ਬਾਅਦ ਰਾਤ ਵੇਲੇ ਵੀ ਘਿਰਾਓ ਜਾਰੀ ਰੱਖਣ ਦਾ ਐਲਾਨ ਕੀਤਾ। ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਨੂੰ ਭੇਜਿਆ ਗਿਆ, ਜਿਨ੍ਹਾਂ ਵੱਲੋਂ ਮੰਗ ਪੱਤਰ ਲੈਣ ਤੋਂ ਬਾਅਦ ਪਰਸੋਂ ਤੱਕ ਮੋਘਿਆਂ ਦੀ ਦਰੁੱਸਤੀ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮਗਰੋਂ ਜੇਤੂ ਰੈਲੀ ਕਰਦਿਆਂ ਕਿਸਾਨਾਂ ਵੱਲੋਂ ਅਧਿਕਾਰੀਆਂ ਨੂੰ ਛੱਡਿਆ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly