ਅਤਿਵਾਦ ਵੇਲੇ ਲਾਪਤਾ ਹੋਏ ਅਬਿਨਾਸ਼ੀ ਸਿੰਘ ਦੇ ਪਰਿਵਾਰ ਨੇ ਨੌਕਰੀ ਮੰਗੀ

ਅੰਮ੍ਰਿਤਸਰ (ਸਮਾਜ ਵੀਕਲੀ):  ਸ਼੍ਰੋਮਣੀ ਕਮੇਟੀ ਦੇ ਤਤਕਾਲੀ ਸਹਾਇਕ ਸਕੱਤਰ ਅਤੇ ਸਾਬਕਾ ਪ੍ਰਧਾਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪੀਏ ਅਬਿਨਾਸ਼ੀ ਸਿੰਘ ਦੇ ਪਰਿਵਾਰ ਨੇ ਵੀ ਮੁੱਖ ਮੰਤਰੀ ਕੋਲੋਂ ਮੰਗ ਕੀਤੀ  ਹੈ ਕਿ ਅਤਿਵਾਦ ਪੀੜਤ ਪਰਿਵਾਰਾਂ ਦੇ ਦਰਜੇ ਹੇਠ ਇਸ ਪਰਿਵਾਰ ਦੇ ਮੈਂਬਰ ਨੂੰ ਵੀ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਅਬਿਨਾਸ਼ੀ ਸਿੰਘ ਨੂੰ 31 ਮਾਰਚ 1987 ਨੂੰ ਅਗਵਾ ਕਰ ਲਿਆ   ਗਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਾ ਸੀ। ਇਸ ਮਾਮਲੇ ਦੀ ਜਾਂਚ ਸੀਬੀਆਈ ਵਲੋਂ ਵੀ ਕੀਤੀ ਗਈ ਪਰ ਕੋਈ ਨਤੀਜਾ ਨਹੀਂ ਨਿਕਲਿਆ ਸੀ।

ਪੀੜਤ ਪਰਿਵਾਰ ਵਲੋਂ ਅਬਿਨਾਸ਼ੀ ਸਿੰਘ ਦੇ ਬੇਟੇ ਗੁਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ  ਹੈ ਕਿ ਉਨ੍ਹਾਂ ਦੇ ਦੋ ਬੇਟੇ ਬੇਰੁਜ਼ਗਾਰ ਹਨ ਅਤੇ ਉਨ੍ਹਾਂ ਨੂੰ ਇਸ ਕੋਟੇ ਹੇਠ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੇ ਇਕ ਬੇਟੇ ਨੇ ਐਮਟੈੱਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਅਤੇ ਦੂਜੇ ਬੇਟੇ ਨੇ ਗਰੈਜੂਏਸ਼ਨ ਕੀਤੀ ਹੋਈ ਹੈ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਨੂੰ ਟਵੀਟ ਵੀ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਹੁਣ ਤਕ ਪਰਿਵਾਰ ਨੇ ਇਸ ਸ਼੍ਰੇਣੀ ਹੇਠ ਕੋਈ ਲਾਭ  ਪ੍ਰਾਪਤ ਨਹੀਂ ਕੀਤਾ। ਉਹ ਖੁਦ ਵੀ ਸਿਵਲ  ਇੰਜਨੀਅਰ ਹਨ ਅਤੇ ਜਥੇਦਾਰ ਟੌਹੜਾ ਵਲੋਂ  ਇਸ ਸ਼੍ਰੇਣੀ  ਹੇਠ ਉਸ ਦੀ ਸਰਕਾਰੀ ਨੌਕਰੀ ਲਈ ਯਤਨ ਕੀਤੇ ਗਏ ਸਨ ਪਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਈ ਅਣਕਿਆਸੀ ਸਥਿਤੀ ਕਾਰਨ ਉਨ੍ਹਾਂ ਦਾ ਸਰਕਾਰੀ ਨੌਕਰੀ ਦਾ ਮਾਮਲਾ ਲਟਕ ਗਿਆ ਸੀ।

ਗੁਰਪ੍ਰੀਤ ਸਿੰੰਘ ਨੇ ਦੱਸਿਆ ਕਿ ਸਰਕਾਰ ਇਸ ਕੋਟੇ ਹੇਠ ਅਤਿਵਾਦ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਪੋਤਰਿਆਂ ਨੂੰ ਨੌਕਰੀ ਦੇ ਰਹੀ ਹੈ ਤਾਂ ਉਨ੍ਹਾਂ ਵੀ ਆਪਣੇ ਲੜਕਿਆਂ ਲਈ ਨੌਕਰੀ ਦੀ ਅਪੀਲ ਕੀਤੀ ਹੈ।

ਜਾਣਕਾਰੀ ਮੁਤਾਬਕ ਅਤਿਵਾਦ ਵੇਲੇ ਉਹ ਸਿੱਖ ਨੌਜਵਾਨਾਂ ਨੂੰ ਮੁੱਖ ਧਾਰਾ ਨਾਲ ਜੋੜਨ ਦਾ ਯਤਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ 31 ਮਾਰਚ 1987 ਨੂੰ ਅਭਿਨਾਸ਼ੀ ਸਿੰਘ ਕਾਰ ਸਵਾਰ ਨਾਲ ਗਏ ਸਨ ਜਿਨ੍ਹਾਂ ਦੇ ਲਾਪਤਾ ਹੋਣ ਦਾ ਹਾਲੇ ਤਕ ਪਤਾ ਨਹੀਂ ਲੱਗਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਵਾਨੀਗੜ੍ਹ: ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ
Next articleਮੈਨੂੰ ਮੁਆਫ਼ ਕਰ ਦਿਓ ਜਥੇਦਾਰ ਸਾਹਿਬ: ਲੰਗਾਹ ਨੇ ਪੰਥ ’ਚ ਵਾਪਸੀ ਲਈ ਕੀਤਾ ਤਰਲਾ