ਜਿੱਥੇ ਸੰਪਰਕ ਦੇ ਪੁਰਾਣੇ ਤਰੀਕੇ ਔਖੇ ਅਤੇ ਸਮਾਂ ਲੈਣ ਵਾਲੇ ਸਨ, ਓਥੇ ਹੀ ਅੱਜ ਦੇ ਤਰੀਕੇ ਬਹੁਤ ਤੇਜ਼ ਅਤੇ ਸੌਖੇ ਹੋ ਗਏ।
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਪਹਿਲਾਂ ਦੇ ਜ਼ਮਾਨੇ ਵਿੱਚ, ਜਦੋਂ ਅਧੁਨਿਕਤਾ ਦੀਆਂ ਸਹੂਲਤਾਂ ਨਹੀਂ ਸੀ, ਤਾਂ ਇੱਕ ਦੁਜੇ ਨੂੰ ਸੰਪਰਕ ਕਰਨ ਦੇ ਤਰੀਕੇ ਵੀ ਬਹੁਤ ਸਾਦੇ ਤੇ ਅਸਾਨ ਜਿਹੇ ਹੁੰਦੇ ਸਨ। ਲੋਕ ਆਪਣੀਆਂ ਨੂੰ ਉਸ ਦੇ ਪਿੰਡ ਜਾਂ ਸ਼ਹਿਰਾਂ ਵਿੱਚ ਜਾ ਕੇ ਮੁਖ਼ਾਤਿਬ ਹੁੰਦੇ ਸਨ। ਅਕਸਰ ਇਹ ਸੰਪਰਕ ਸਮਾਂ ਬਹੁਤ ਲੈਂਦਾ ਸੀ, ਕਿਉਂਕਿ ਆਉਣ ਜਾਣ ਦੇ ਸਾਧਨ ਵੀ ਬਹੁਤੇ ਨਹੀਂ ਸੀ, ਪੈਦਲ ਚੱਲ ਕੇ ਜਾਂ ਬੈਲ ਗੱਡੀਆਂ ਦੀ ਸਵਾਰੀ ਰਾਹੀਂ ਹੀ ਇੱਕ ਤੋਂ ਦੂਸਰੀ ਜਗ੍ਹਾ ਜਾਇਆ ਜਾਂਦਾ ਸੀ। ਸਮੇਂ ਦੇ ਨਾਲ-ਨਾਲ ਸਾਡਾ ਲੋਕਾਂ ਨਾਲ ਸੰਪਰਕ ਕਰਨ ਦਾ ਤਰੀਕਾ ਵੀ ਬਦਲਦਾ ਰਿਹਾ। ਸਿੱਧੀ ਸਾਦੀ ਜਿੰਦਗੀ ਤੋ ਚਲਕੇ ਟੈਕਨੋਲਜੀ ਭਰੇ ਸਮੇਂ ਨੇ ਸਾਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ।
ਫੇਰ ਇੱਕ ਦੁਜੇ ਨਾਲ ਸੰਪਰਕ ਕਰਨ ਦਾ ਤਰੀਕਾ ਚਿੱਠੀਆਂ ਲਿਖਣ ਰਾਹੀ ਸ਼ੁਰੂ ਹੋਇਆ। ਕਬੂਤਰਾਂ ਤੋਂ ਚਲਕੇ ਡਾਕੀਏ ਰਾਹੀ ਚਿੱਠੀਆਂ ਦਾ ਸਿਲਸਿਲਾ ਬਹੁਤ ਹੀ ਪੁਰਾਣਾ ਹੈ, ਜਿਸ ਵਿੱਚ ਇੱਕ ਵਿਅਕਤੀ ਆਪਣੀ ਭਾਵਨਾਵਾਂ ਨੂੰ ਕਾਗਜ਼ ‘ਤੇ ਲਿੱਖਦਾ ਅਤੇ ਅਪਣਿਆ ਤੱਕ ਭੇਜਦਾ ਪਰ ਉਹਨਾਂ ਨੂੰ ਪਹੁੰਚਣ ‘ਚ ਕਈ ਦਿਨ ਲੱਗ ਜਾਂਦੇ। ਇਸ ਤਰੀਕੇ ਨੇ ਲੋਕਾਂ ਨੂੰ ਇੱਕ ਦੂਜੇ ਨਾਲ ਬਹੁਤ ਲੰਬੇ ਸਮੇਂ ਤੱਕ ਜੋੜੀ ਰੱਖਿਆ, ਕਿਉਕਿ ਚਿੱਠੀਆਂ ਦੇ ਜਵਾਬ ਆਉਣ ਵਿੱਚ ਕਈ ਵਾਰ ਮਹੀਨੇ ਵੀ ਲੱਗ ਜਾਂਦੇ ਸਨ। ਇਸ ਸੁਸਤ ਜਿਹੇ ਤਰੀਕੇ ‘ਚ ਟੈਲੀਫ਼ੋਨ ਆਉਣ ਨਾਲ ਕਾਫ਼ੀ ਬਦਲਾਅ ਆਇਆ। ਸੰਪਰਕ ਕਰਨ ਦਾ ਤਰੀਕਾ ਬਹੁਤ ਬਦਲ ਗਿਆ। ਟੈਲੀਫ਼ੋਨ ਦੀ ਸਹੂਲਤ ਨੇ ਆਮ ਲੋਕਾਂ ਨੂੰ ਇੱਕ ਅਜਿਹਾ ਮੌਕਾ ਦਿੱਤਾ ਕਿ ਉਹ ਦੂਸਰੇ ਨਾਲ ਤੁਰੰਤ ਗੱਲ ਕਰ ਸਕਣ ਅਤੇ ਜਵਾਬ ਵੀ ਸੁਣ ਸਕਣ। ਇਸ ਨਾਲ ਲੋਕਾਂ ਦਾ ਇੱਕ ਦੂੱਜੇ ਨਾਲ ਸੰਪਰਕ ਤੇਜ਼ ਹੋ ਗਿਆ ਅਤੇ ਲੋਕ ਇੱਕ ਦੂਜੇ ਨਾਲ ਜ਼ਿਆਦਾ ਜੁੜਨ ਲੱਗੇ। ਟੈਲੀਫ਼ੋਨ ਦੀ ਸਹੂਲਤ ਨੇ ਸੰਪਰਕ ਨੂੰ ਜਿਥੇ ਤੇਜ਼ ਕੀਤਾ, ਓਥੇ ਹੀ ਇਸਨੇ ਸੰਪਰਕ ਕਰਨ ਦੇ ਤਰੀਕੇ ‘ਚ ਇੱਕ ਨਵਾਂ ਰੁਝਾਨ ਵੀ ਲਿਆਂਦਾ। ਥਾਂ-ਥਾਂ ਖੁੱਲ੍ਹੇ ਐੱਸ. ਟੀ. ਡੀ. ਪੀ. ਸੀ. ਓ. ਇੱਸ ਗੱਲ ਦੀ ਗਵਾਹੀ ਭਰਦੇ ਸਨ।
ਗਲ੍ਹ ਕਰੀਏ ਅੱਜ ਦੇ ਸਮੇਂ ਦੀ ਤਾਂ, ਇੰਟਰਨੈੱਟ ਅਤੇ ਸਮਾਰਟਫੋਨ ਨੇ ਸੰਪਰਕ ਦੇ ਤਰੀਕੇ ਵਿੱਚ ਜਿਵੇਂ ਇੰਕਲਾਬ ਹੀ ਲਿਆ ਦਿੱਤਾ ਹੋਵੇ। ਸੋਸ਼ਲ ਮੀਡੀਆ ਪਲੇਟਫਾਰਮ, ਜਿਵੇਂ ਕਿ ਫੇਸਬੁੱਕ, ਵਟਸਐਪ, ਅਤੇ ਇੰਸਟਾਗ੍ਰਾਮ ਨੇ ਲੋਕਾਂ ਨੂੰ ਆਪਸ ਵਿੱਚ ਜੋੜੀ ਰੱਖਣ ਦਾ ਤੌਰ ਤਰੀਕਾ ਹੀ ਬਦਲ ਦਿੱਤਾ ਹੈ। ਹੁਣ ਲੋਕਾਂ ਦੇ ਵਿਚਕਾਰ ਦੂਰੀ ਕੋਈ ਮਾਇਨੇ ਨਹੀਂ ਰੱਖਦੀ,ਅਸੀਂ ਤੁਰੰਤ ਕਿਸੇ ਨਾਲ ਗੱਲ ਕਰ ਸਕਦੇ ਹਾਂ, ਚਾਹੇ ਉਹ ਵਿਅਕਤੀ ਕਿਤੇ ਵੀ ਹੋਵੇ। ਗਲ੍ਹ ਕਰਨ ਦੇ ਨਾਲ ਅਸੀਂ ਦੂੱਜੇ ਵਿਅਕਤੀ ਦੀ ਫੋਟੋ ਵੀ ਵੇਖ ਸਕਦੇ ਹਾਂ। ਇੱਕ ਐਸਾ ਇੰਕਲਾਬ,ਜਿਸ ਨੂੰ ਅਸੀਂ ਚਿੱਠੀਆਂ ਲਿਖਣ ਦੇ ਸਮੇਂ ਤਾਂ ਸੋਚਿਆਂ ਵੀ ਨਹੀਂ ਹੋਣਾ।
ਇਸ ਤਰ੍ਹਾਂ, ਸਮੇਂ ਦੇ ਨਾਲ-ਨਾਲ ਸੰਪਰਕ ਕਰਨ ਦੇ ਤਰੀਕਿਆਂ ਵਿੱਚ ਬਹੁਤ ਬਦਲਾਅ ਆਉਂਦਾ ਰਿਹਾ। ਜਿੱਥੇ ਪੁਰਾਣੇ ਤਰੀਕੇ ਔਖੇ ਅਤੇ ਸਮਾ ਲੈਣ ਵਾਲੇ ਸਨ, ਓਥੇ ਹੀ ਅੱਜ ਦੇ ਤਰੀਕੇ ਬਹੁਤ ਤੇਜ਼ ਅਤੇ ਸੌਖੇ ਹੋ ਗਏ। ਹਰ ਤਰੀਕੇ ਦੀ ਆਪਣੀ ਖੂਬੀ ਤੇ ਖਾਮੀ ਰਹੀ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਹੜਾ ਤਰੀਕਾ ਚੁਣਦੇ ਹਾਂ ਅਤੇ ਉਸਦਾ ਕਿਵੇਂ ਇਸਤੇਮਾਲ ਕਰਦੇ ਹਾਂ। ਜਿਥੇ ਪੁਰਾਣੇ ਵੇਲਿਆਂ ‘ਚ ਕਾਗ਼ਜ਼ ਤੇ ਲਿੱਖੇ ਅੱਖਰ ਸਾਡਾ ਵਿਸ਼ਵਾਸ ਜਿੱਤਦੇ ਸਨ ਉੱਥੇ ਹੀ ਅੱਜ ਦੇ ਤਰੀਕੇ ‘ਚ ਸਾਨੂੰ ਸਾਹਮਣੇ ਵਾਲਾ ਵੀਡੀਓ ਕਾਲ ਤੇ ਵੀ ਝੂੱਠ ਬੋਲ ਰਿਹਾ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly