ਮੁੱਖ ਮੰਤਰੀ ਦਾ ਚਿਹਰਾ ਕੋਈ ਵੀ ਹੋਏ ਪੰਜਾਬ ਲੜਾਈ ਲੜੇਗਾ ਸਿਰਫ਼ ਮੁੱਦਿਆਂ ਦੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਤਿੰਨ ਕੁ ਦਹਾਕਿਆਂ ਤੋਂ ਪੰਜਾਬ ਵਿਧਾਨ ਸਭਾ ਵਿਚ ਪਾਰਟੀਆਂ ਦੀ ਅਦਲਾ ਬਦਲੀ ਹਾੜ੍ਹੀ ਸਾਉਣੀ ਦੀ ਫ਼ਸਲ ਵਾਂਗ ਹੁੰਦੀ ਹੈ।ਪਾਰਟੀਆਂ ਦੋ ਹਨ ਬੋਤਲ ਇੱਕ ਹੈ ਸ਼ਰਾਬ ਬਦਲ ਜਾਂਦੀ ਹੈ।ਪ੍ਰਸ਼ਾਸਨਕ ਅਧਿਕਾਰੀ ਸਾਲਾਂ ਤੋਂ ਉਹ ਹੀ ਬਣੇ ਹੋਏ ਹਨ ਅਦਲਾਬਦਲੀ ਚਲਦੀ ਰਹਿੰਦੀ ਹੈ।ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਪਹਿਲਾਂ ਚੋਣਾਂ ਹੋਇਆ ਕਰਦੀਆਂ ਸਨ ਤਾਂ ਬਹੁਮਤ ਪ੍ਰਾਪਤ ਕਰ ਚੁੱਕੀ ਪਾਰਟੀ ਵਾਲੇ ਆਪਣਾ ਨੇਤਾ ਚੁਣ ਲੈਂਦੇ ਸੀ ਬਹੁਤ ਵਧੀਆ ਸਰਕਾਰਾਂ ਚੱਲੀਆਂ ਤੇ ਲੋਕ ਸੇਵਾ ਹੁੰਦੀ ਰਹੀ।ਹੁਣ ਇਨ੍ਹਾਂ ਨੇ ਇਕ ਨਵੀਂ ਸੂਰਲੀ ਛੱਡੀ ਹੈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦਾ ਚਿਹਰਾ,ਚੋਣਾਂ ਹਾਲਾਂ ਹੋਈਆਂ ਨਹੀਂ ਪਹਿਲਾਂ ਹੀ ਇਹ ਕਿਵੇਂ ਹੋ ਸਕਦਾ ਹੈ।

ਪਾਰਟੀਆਂ ਦੇ ਪਿੱਛੇ ਕਾਰਪੋਰੇਟ ਘਰਾਣਿਆਂ ਦਾ ਜ਼ੋਰ ਹੈ ਉਹ ਇਕ ਬੰਦੇ ਨੂੰ ਦੱਲਾ ਬਣਾ ਕੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦਾ ਪ੍ਰਚਾਰ ਆਪਣੇ ਚੈਨਲਾਂ ਤੇ ਚਾਲੂ ਕਰਦੇ ਹਨ।ਦੂਸਰੀ ਨਵੀਂ ਖੇਡ ਜਿਸ ਤਰ੍ਹਾਂ ਲੰਬੜਦਾਰੀ ਵਿੱਚ ਹੁੰਦਾ ਹੈ ਲੰਬੜਦਾਰ ਦਾ ਮੁੰਡਾ ਲੰਬੜਦਾਰ ਪ੍ਰਧਾਨ ਮੰਤਰੀ ਮੁੱਖ ਮੰਤਰੀ ਐਮ ਪੀ ਐਮ ਐਲ ਏ ਐਮ ਸੀ ਇੱਥੋਂ ਤੱਕ ਸਰਪੰਚੀ ਵੀ ਪਰਿਵਾਰਕ ਬਣਾ ਦਿੱਤੀ ਗਈ ਹੈ।ਪੈਸਾ ਗੁੰਡਾਗਰਦੀ,ਨਸ਼ਾ ਪੱਤਾ ਭਾਰੂ ਹੈ ਇਹ ਸੀ ਕੱਲ੍ਹ ਤਕ ਦੀ ਤਸਵੀਰ,ਜਿਸ ਨਾਲ ਆਪਣੇ ਵੋਟਰਾਂ ਨੂੰ ਲੁੱਟਦੇ ਰਹੇ ਤੇ ਕੁੱਟਦੇ ਰਹੇ।

ਪਰ ਕੇਂਦਰ ਸਰਕਾਰ ਨੇ ਖੇਤੀ ਦੇ ਤਿੱਨ ਕਾਲੇ ਕਾਨੂੰਨ ਪਾਸ ਕੀਤੇ ਹਰ ਕੋਈ ਜਾਣਦਾ ਹੈ ਕਿ ਇਹ ਕਾਨੂੰਨ ਗਲਤ ਹਨ ਪਰ ਇਕ ਧੰਨਵਾਦ ਕਰਨਾ ਬਣਦਾ ਹੈ ਕਮਲੀ ਸਰਕਾਰ ਨੇ ਸਾਨੂੰ ਸਿਆਣੇ ਬਣਾ ਦਿੱਤਾ।ਜਿਸ ਵਿਚ ਪੈਦਾ ਹੋਇਆ ਸੰਯੁਕਤ ਕਿਸਾਨ ਮੋਰਚੇ ਦਾ ਇਨਕਲਾਬੀ ਯੁੱਧ,ਸਰਕਾਰ ਨੇ ਝੂਠੇ ਮੂਠੇ ਅਨੇਕਾਂ ਬਹਾਨੇ ਬਣਾ ਕੇ ਮੋਰਚੇ ਨੂੰ ਗ਼ਲਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਯੋਧਿਆਂ ਨੇ ਆਪਣਾ ਇਤਿਹਾਸ ਪੜ੍ਹ ਲਿਆ ਹੈ।ਜਦੋਂ ਵੀ ਕੋਈ ਪੰਜਾਬ ਵਿਚੋਂ ਆਵਾਜ਼ ਉੱਠੀ ਹੈ ਜਿੱਤ ਦੀਆਂ ਬੁਲੰਦੀਆਂ ਤੱਕ ਪਹੁੰਚੀ ਹੈ।ਸੰਯੁਕਤ ਕਿਸਾਨ ਮੋਰਚੇ ਵੱਖ ਵੱਖ ਕਿਸਾਨ ਤੇ ਮਜ਼ਦੂਰ ਯੂਨੀਅਨਾਂ ਦੇ ਮੁਖੀਆਂ ਨੇ ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਨੂੰ ਮੂਧੇ ਮੂੰਹ ਸੁੱਟ ਦਿੱਤਾ।

ਵੱਖ ਵੱਖ ਕਿਸਾਨ ਯੂਨੀਅਨਾਂ ਦੇ ਮੁਖੀਆਂ ਵੱਲੋਂ ਸਾਡੇ ਨੌਜਵਾਨਾਂ ਦੀਆਂ ਉਥੇ ਸਾਰਥਿਕ ਮੀਟਿੰਗਾਂ ਦਸ ਮਹੀਨਿਆਂ ਤੋਂ ਚੱਲ ਰਹੀਆਂ ਹਨ।ਜਿਸ ਵਿੱਚ ਲੋਕਰਾਜ ਦੀ ਪਰਿਭਾਸ਼ਾ ਨੇਤਾ ਤੇ ਪ੍ਰਸ਼ਾਸਨ ਦਾ ਕੀ ਕੰਮ ਹੁੰਦਾ ਹੈ ਕੁੱਟ ਕੁੱਟ ਕੇ ਸਾਡੀ ਨਵੀਂ ਪੀੜ੍ਹੀ ਦੇ ਦਿਮਾਗ਼ ਵਿੱਚ ਭਰ ਦਿੱਤਾ ਹੈ।ਪੰਜਾਬ ਚੋਂ ਉੱਠਿਆ ਇਨਕਲਾਬ ਪੂਰੇ ਭਾਰਤ ਵਿੱਚ ਪਿਛਲੇ ਦਿਨੀਂ ਸੰਪੂਰਨ ਬੰਦ ਕਰਕੇ ਸਰਕਾਰ ਦੇ ਚੂਲੇ ਢਿੱਲੇ ਕਰ ਦਿੱਤੇ ਹਨ। 27 ਸਤੰਬਰ ਦੇ ਬੰਦ ਵਿਚ ਕਿਸਾਨ ਮਜ਼ਦੂਰ ਸਾਮਲ ਜ਼ਰੂਰ ਸਨ ਪਰ ਉਨ੍ਹਾਂ ਦੀ ਸੋਚ ਵਿਚੋਂ ਉੱਭਰਿਆ ਪੂਰੇ ਭਾਰਤ ਦੀ ਜਨਤਾ ਦਾ ਜਿਵੇਂ ਵਿਉਪਾਰੀ ਕਲਾਕਾਰ ਔਰਤਾਂ ਬੱਚੇ ਕਿਸੇ ਵੀ ਵਰਗ ਦੇ ਸੜਕਾਂ ਤੇ ਆ ਕੇ ਖੜ੍ਹੇ ਹੋ ਗਏ।ਜਿਸ ਤੋਂ ਸਾਫ਼ ਸੰਯੁਕਤ ਮੋਰਚੇ ਦੀ ਜਿੱਤ ਦਾ ਬਿਗਲ ਸੁਣਾਈ ਦਿੱਤਾ।

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਨੇੜੇ ਹਨ ਮੁੱਖ ਮੰਤਰੀਆਂ ਦੇ ਚਿਹਰੇ ਸਾਰੀਆਂ ਰਾਜਨੀਤਕ ਪਾਰਟੀਆਂ ਭੁੱਲ ਗਈਆਂ,ਸਭ ਤੋਂ ਵੱਡੀ ਕਮਾਲ ਤਾਂ ਇਹ ਹੋ ਗਈ ਸਾਢੇ ਚਾਰ ਸਾਲ ਤੋਂ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਦਾ ਚਿਹਰਾ ਮੋਹਰਾ ਵੀ ਵਿਗੜ ਗਿਆ।ਕਿਉਂਕਿ ਹੁਣ ਕੋਈ ਵੀ ਨੇਤਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਨਤਾ ਵਿੱਚ ਜਾਂਦਾ ਹੈ,ਉਸ ਤੋਂ ਆਉਣ ਦਾ ਕਾਰਨ ਤੁਸੀਂ ਹੁਣ ਤਕ ਜਨਤਾ ਲਈ ਕੀ ਕੀਤਾ ਤੇ ਅੱਗੇ ਕੀ ਪ੍ਰੋਗਰਾਮ ਹੈ,ਕਿਸੇ ਕੋਲ ਵੀ ਕੋਈ ਜਵਾਬ ਹੁੰਦਾ ਹੀ ਨਹੀਂ ਕਿਉਂਕਿ ਦਹਾਕਿਆਂ ਤੋਂ ਕੰਮ ਨਹੀਂ ਕੀਤਾ,ਸਿਰਫ਼ ਚੌਧਰ ਕੀਤੀ ਹੈ। ਪੰਜਾਬ ਦਾ ਸਿਹਤ ਸਿੱਖਿਆ ਤੇ ਨੌਕਰੀ ਦਾ ਢਾਂਚਾ ਬਿਲਕੁਲ ਖੜੋਤ ਵਿੱਚ ਆ ਚੁੱਕਿਆ ਹੈ।ਹਸਪਤਾਲਾਂ ਵਿੱਚ ਡਾਕਟਰ ਤੇ ਦਵਾਈਆਂ ਨਹੀਂ ਸਕੂਲਾਂ ਵਿੱਚ ਅਧਿਆਪਕ ਨਹੀਂ,ਸੜਕਾਂ ਤੇ ਬੇਰੋਜ਼ਗਾਰ ਨੌਜਵਾਨ ਡੰਡੇ ਖਾ ਰਹੇ ਹਨ।

ਸਿਰਫ਼ ਨੇਤਾਵਾਂ ਦੀ ਚੌਧਰ ਪ੍ਰਸ਼ਾਸਕਾਂ ਦੀ ਆਕੜ ਨਸ਼ੇ ਪੱਤੇ ਤੇ ਬੇਰੁਜ਼ਗਾਰੀ ਤੋਂ ਬਿਨਾਂ ਪੰਜਾਬ ਵਿਚ ਕੁਝ ਵੀ ਨਹੀਂ ਸੀ।ਸਾਡੇ ਕਿਸਾਨ ਤੇ ਮਜ਼ਦੂਰ ਮੁਖੀਆਂ ਜਿਨ੍ਹਾਂ ਨੇ ਦੁੱਖ ਸਹਿੰਦੇ ਹੋਏ ਅਨੇਕਾਂ ਮੋਰਚੇ ਲਗਾਏ ਤੇ ਦੁੱਖ ਝੱਲੇ ਸਿੱਖਿਆ ਉਨ੍ਹਾਂ ਦੇ ਰਗ ਰਗ ਵਿਚ ਲਿਖੀ ਹੋਈ ਹੈ,ਜੋ ਕਿਸਾਨ ਮੋਰਚੇ ਵਿੱਚ ਬਹਿ ਕੇ ਸਾਡੀਆਂ ਬੀਬੀਆਂ ਭੈਣਾਂ ਬੱਚੇ ਤੇ ਨੌਜਵਾਨ ਸਾਰੇ ਪੰਨੇ ਪੜ੍ਹ ਚੁੱਕੇ ਹਨ।ਜਿਨ੍ਹਾਂ ਨੂੰ ਪਤਾ ਲੱਗ ਗਿਆ ਹੈ ਪੰਜਾਬ ਵਿੱਚ ਜਿੰਨੇ ਵੀ ਚਿਹਰਿਆਂ ਨੇ ਰਾਜ ਕੀਤਾ ਸਾਨੂੰ ਕੀ ਦਿੱਤਾ ਤੇ ਅਸੀਂ ਕੀ ਖੱਟਿਆ। ਭਗਤ ਸਿੰਘ ਦੀ ਇਨਕਲਾਬੀ ਸੋਚ ਅੱਜ ਹਰ ਇਕ ਭਾਰਤੀ ਦੇ ਖ਼ੂਨ ਵਿੱਚ ਦੌੜ ਰਹੀ ਹੈ,ਤੇ ਸਾਡੇ ਪੰਜਾਬ ਦੇ ਨੌਜਵਾਨ ਚਿਹਰੇ ਪ੍ਰਸ਼ਾਸਨ ਨੂੰ ਵੀ ਕੀ ਸਵਾਲ ਪੁੱਛਣਾ ਤੇ ਕਰਨਾ ਹੈ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਕਿਸਾਨ ਮੋਰਚੇ ਤੋਂ ਪਹਿਲਾਂ ਜੋ ਭਾਰਤ ਖਾਸ ਤੌਰ ਤੇ ਪੰਜਾਬ ਦੇ ਹਾਲਾਤ ਸਨ ਉਹ ਹੁਣ ਵਾਪਸ ਕਦੇ ਨਹੀਂ ਆਉਣਗੇ।

ਹੁਣ ਰਾਜ ਹੈ ਇਨਕਲਾਬੀ ਤੇ ਅਗਾਂਹ ਵਧੂ ਸੋਚ ਦਾ,ਆਉਣ ਵਾਲੀਆਂ ਚੋਣਾਂ ਕੋਈ ਵੀ ਹੋਣ ਰਾਜਨੀਤਕ ਪਾਰਟੀਆਂ ਵਾਲਿਓ ਸੁਣ ਲਵੋ,ਹੁਣ ਮੁੱਖ ਮੰਤਰੀਆਂ ਦੇ ਚਿਹਰੇ ਨਹੀਂ ਮੁੱਦੇ ਲੈ ਕੇ ਜਨਤਾ ਵਿੱਚ ਵੋਟ ਮੰਗਣ ਆਇਓ, ਵੋਟਰਾਂ ਤੋਂ ਇਲਾਵਾ ਹਰ ਬੱਚਾ ਵੀ ਸਵਾਲ ਪੁੱਛੇਗਾ ਕਿ ਤੁਸੀਂ ਕਿਸ ਲਈ ਆਏ,ਤੁਸੀਂ ਪੰਜਾਬ ਤੇ ਸਾਡੇ ਇਲਾਕੇ ਲਈ ਕੀ ਕੀਤਾ ਤੇ ਅਗਲਾ ਕੀ ਨਕਸ਼ਾ ਹੈ ਵਿਖਾਉ ਨਹੀਂ ਸਾਡੇ ਸ਼ਹਿਰ ਜਾਂ ਪਿੰਡ ਵਿੱਚੋਂ ਬਾਹਰ ਨਿਕਲ ਜਾਓ। ਸਾਡਾ ਨਾਅਰਾ ਹੋਵੇਗਾ “ਮੁੱਖ ਮੰਤਰੀ ਦਾ ਚਿਹਰਾ ਕੋਈ ਵੀ ਹੋਵੇ ਸਾਡੀ ਮੁੱਖ ਲੜਾਈ ਹੈ ਮੁੱਦਿਆਂ ਨਾਲ,ਆ ਜਾਓ ਸਾਡੇ ਨਾਲ ਗੱਲ ਕਰੋ ਵੋਟ ਮਿਲ ਜਾਵੇਗੀ।” ਨਹੀਂ ਤਾਂ ਕਿਸਾਨ ਮਜ਼ਦੂਰ ਏਕਤਾ ਮੋਰਚੇ ਫ਼ਤਹਿ ਕਰ ਸਕਦੀ ਹੈ ਸਾਡੇ ਕੋਲੇ ਵੀ ਹਰ ਤਰ੍ਹਾਂ ਦੇ ਨੇਤਾ ਮੌਜੂਦ ਹਨ ਤੁਸੀਂ ਹੁਣ ਅਰਾਮ ਕਰੋ ਧੰਨਵਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਫ਼ ਤੀਹ ਕੁ ਲੱਖ ਰੁਪੱਈਆ
Next articleਉਜਾੜਾ ਸਾਬ