(ਸਮਾਜ ਵੀਕਲੀ)
ਜਿਸ ਨੂੰ ਚੱਜ ਨਾਲ ਤੱਕ ਲੈਣ ਇੱਕ ਵਾਰ ਅੱਖਾਂ,
ਉਸ ਨੂੰ ਬਣਾ ਲੈਂਦੀਆਂ ਨੇ ਆਪਣਾ ਯਾਰ ਅੱਖਾਂ।
ਕਿਸੇ ਨੂੰ ਦਿੰਦੀਆਂ ਨੇ ਖੁਸ਼ੀਆਂ ਦੇ ਫੁੱਲ ਸੋਹਣੇ,
ਕਿਸੇ ਨੂੰ ਦਿੰਦੀਆਂ ਨੇ ਗ਼ਮਾਂ ਦੇ ਖ਼ਾਰ ਅੱਖਾਂ।
ਪਲਾਂ ਵਿੱਚ ਬਣਾ ਦੇਵੇ ਦੋਸਤੋ ਸ਼ੁਦਾਈ ਜੋ,
ਸੰਭਾਲੀ ਬੈਠੀਆਂ ਨੇ ਐਸਾ ਖ਼ੁਮਾਰ ਅੱਖਾਂ।
ਰਾਂਝੇ ਪਾਸੋਂ ਪੁੱਛੋ ਜਾ ਕੇ ਕੀ ਇਸ਼ਕ ਹੁੰਦਾ ਹੈ,
ਜਿਸ ਤੋਂ ਖੋਹ ਲਿਆ ਸੀ ਘਰ ਬਾਰ ਅੱਖਾਂ।
ਭਰ ਜਾਂਦਾ ਏ ਉਹ ਥਾਂ ਖੁਸ਼ੀਆਂ, ਖੇੜਿਆਂ ਨਾਲ,
ਜਿੱਥੇ ਕਿਤੇ ਰਲ ਬਹਿੰਦੀਆਂ ਨੇ ਚਾਰ ਅੱਖਾਂ।
ਗਿਆ ਸੱਜਣ ਤੇ ਮੁੜ ਫਿਰ ਆਇਆ ਕਦੇ ਨਾ,
ਉਸ ਨੂੰ ਢੂੰਡਦੀਆਂ ਫਿਰਨ ਗਲੀ, ਬਾਜ਼ਾਰ ਅੱਖਾਂ।
ਕਦੇ ਤੱਕ ਜਾਈਂ ਆ ਕੇ ਇੱਕ ਵਾਰ ‘ਮਾਨ’ ਨੂੰ,
ਕਿਤੇ ਸਾਰੀ ਉਮਰ ਨਾ ਕਰੀਂ ਜਾਣ ਇੰਤਜ਼ਾਰ ਅੱਖਾਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554