HOME ਸੁਰੀਲੀ ਆਵਾਜ਼ ਦਾ ਸਦਾਬਹਾਰ ਗਾਇਕ : ਮੁਕੇਸ਼

ਸੁਰੀਲੀ ਆਵਾਜ਼ ਦਾ ਸਦਾਬਹਾਰ ਗਾਇਕ : ਮੁਕੇਸ਼

5
ਗਾਇਕ ਮੁਕੇਸ਼
 ਅੱਜ ਜਨਮ ਦਿਨ ‘ਤੇ ਵਿਸ਼ੇਸ਼ 
ਗਾਇਕ ਮੁਕੇਸ਼ ਅਦਾਕਾਰ ਰਾਜ ਕਪੂਰ ਦੇ ਨਾਲ
ਬਲਦੇਵ ਸਿੰਘ ਬੇਦੀ

  (ਸਮਾਜ ਵੀਕਲੀ)  ਹਿੰਦੀ ਸਿਨੇਮਾ ਦੀ ਦੁਨੀਆਂ ਵਿੱਚ ਕੁਝ ਅਵਾਜ਼ਾਂ ਅਜਿਹੀਆਂ ਵੀ ਰਹੀਆਂ ਹਨ, ਜੋ ਸਿਰਫ਼ ਕੰਨਾਂ ਤਕ ਹੀ ਨਹੀਂ, ਸਗੋਂ ਦਿਲਾਂ ਦੀ ਗਹਿਰਾਈ ਤਕ ਪਹੁੰਚਦੀਆਂ ਹਨ। ਇਹ ਅਵਾਜ਼ਾਂ ਸਿਰਫ਼ ਗੀਤਾਂ ਦੀ ਰੂਹ ਨਹੀਂ ਬਣੀਆਂ, ਬਲਕਿ ਦਰਸ਼ਕਾਂ ਦੇ ਹਿਰਦੇ ‘ਚ ਅਮਿੱਟ ਛਾਪ ਛੱਡ ਗਈਆਂ। ਅਜਿਹੀ ਹੀ ਇਕ ਅਵਾਜ਼ ਸੀ ਮੁਕੇਸ਼ ਦੀ, ਜੋ ਨਰਮ, ਮਿੱਠੀ ਤੇ ਭਾਵਨਾਵਾਂ ਨਾਲ ਭਰੀ ਹੋਈ ਸੀ। ਜਿਸ ਦੀ ਆਵਾਜ਼ ਵਿੱਚ ਦਰਦ ਅਤੇ ਪ੍ਰੇਮ ਦੀ ਇੱਕ ਅਜਿਹੀ ਸਚਾਈ ਸੀ ਜੋ ਸੁਣਨ ਵਾਲੇ ਦੇ ਦਿਲ ਨੂੰ ਜਕੜ ਲੈਂਦੀ ਸੀ।

22 ਜੁਲਾਈ 1923 ਨੂੰ ਦਿੱਲੀ ਦੇ ਇੱਕ ਸਧਾਰਣ ਪਰਿਵਾਰ ਵਿੱਚ ਇਸ ਮਹਾਨ ਫ਼ਨਕਾਰ ਦਾ ਜਨਮ ਹੋਇਆ। ਜਿੰਨ੍ਹਾਂ ਦਾ ਪੂਰਾ ਨਾਮ ਮੁਕੇਸ਼ ਚੰਦ ਮਾਥੁਰ ਸੀ। ਪਰਿਵਾਰ ਵਿੱਚ ਕਿਸੇ ਨੇ ਵੀ ਕਦੇ ਨਹੀਂ ਸੋਚਿਆ ਸੀ ਕਿ ਇਹ ਨੌਜਵਾਨ ਇੱਕ ਦਿਨ ਸੰਗੀਤਕ ਦੁਨੀਆ ਦੇ ਅਸਮਾਨ ‘ਚ ਚਮਕਦਾ ਤਾਰਾ ਬਣੂਗਾ। ਛੋਟੀ ਉਮਰ ਤੋਂ ਹੀ ਮੁਕੇਸ਼ ਨੂੰ ਗੀਤ ਗਾਉਣ ਦਾ ਬਹੁਤ ਸ਼ੌਂਕ ਸੀ। ਉਹ ਅਕਸਰ ਕੇ.ਐਲ. ਸਹਿਗਲ ਦੇ ਗੀਤਾਂ ਨੂੰ ਆਪਣੇ ਦੋਸਤਾਂ ਅਤੇ ਸਕੂਲ ਦੇ ਪ੍ਰੋਗਰਾਮਾ ਵਿੱਚ ਸੁਣਾਉਂਦੇ ਰਹਿੰਦੇ ਸਨ। ਨੌਜਵਾਨੀ ਵਿੱਚ ਉਨ੍ਹਾਂ ਨੇ ਇੱਕ ਵਿਆਹ ਸਮਾਰੋਹ ਵਿੱਚ ਗੀਤ ਗਾਇਆ, ਜਿੱਥੇ ਹਿੰਦੀ ਫਿਲਮਾਂ ਨਾਲ ਜੁੜੇ ਲੋਕ ਮੌਜੂਦ ਸਨ। ਉਨ੍ਹਾਂ ਦੀ ਆਵਾਜ਼ ਨੇ ਸਭਨਾਂ ਦੇ ਦਿਲਾਂ ਨੂੰ ਮੋਹ ਲਿਆ ਅਤੇ ਇਸ ਮੋੜ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਜਿਵੇਂ ਦਿਸ਼ਾ ਹੀ ਬਦਲ ਦਿੱਤੀ ਹੋਵੇ। ਮਸ਼ਹੂਰ ਅਦਾਕਾਰ ਮੋਤੀਲਾਲ (ਜੋ ਉਨ੍ਹਾਂ ਦੇ ਰਿਸ਼ਤੇਦਾਰ ਵੀ ਸਨ) ਨੇ ਉਨ੍ਹਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਬਾਲੀਵੁੱਡ ਲੈ ਜਾਣ ਦਾ ਫੈਸਲਾ ਲਿਆ।
ਮੁਕੇਸ਼ ਨੇ ਮੁੰਬਈ ਪਹੁੰਚ ਕੇ ਸੰਗੀਤ ਸਿੱਖਣ ਤੋਂ ਬਾਅਦ ਆਪਣਾ ਪਹਿਲਾ ਗੀਤ 1941 ਦੀ ਫ਼ਿਲਮ ‘ਨਿਰਦੋਸ਼’ ਲਈ “ਦਿਲ ਹੀ ਬੂਝਾ ਰਹਾ ਹੋ ਤੋ” ਰਿਕਾਰਡ ਕਰਵਾਇਆ। ਪਰ ਉਨ੍ਹਾਂ ਨੂੰ ਅਸਲ ਪਛਾਣ 1945 ਦੀ ਫਿਲਮ ‘ਪਹਿਲੀ ਨਜ਼ਰ’ ਦੇ ਗੀਤ “ਦਿਲ ਜਲਤਾ ਹੈ ਤੋ ਜਲਨੇ ਦੋ” ਨਾਲ ਮਿਲੀ। ਇਹ ਗੀਤ ਉਨ੍ਹਾਂ ਦੀ ਆਵਾਜ਼ ਦੀ ਅਜਿਹੀ ਪਛਾਣ ਬਣ ਗਿਆ ਕਿ ਲੋਕਾਂ ਨੇ ਸੋਚਿਆ ਇਹ ਕੇ. ਐਲ. ਸਹਿਗਲ ਨੇ ਗਾਇਆ ਹੈ, ਪਰ ਜਦੋਂ ਪਤਾ ਲੱਗਿਆ ਕਿ ਇਹ ਇਕ ਨਵੇਂ ਗਾਇਕ ਮੁਕੇਸ਼ ਦੀ ਆਵਾਜ਼ ਹੈ, ਤਾਂ ਲੋਕ ਹੈਰਾਨ ਹੀ ਰਹਿ ਗਏ। ਇਸ ਤੋਂ ਬਾਅਦ ਮੁਕੇਸ਼ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਜ ਕਪੂਰ ਦੇ ਰੂਪ ਵਿੱਚ ਉਨ੍ਹਾਂ ਨੂੰ ਇੱਕ ਅਜਿਹਾ ਚਿਹਰਾ ਮਿਲ ਗਿਆ ਜਿਸ ਲਈ ਉਨ੍ਹਾਂ ਦੀ ਆਵਾਜ਼ ਬਿਲਕੁਲ ਫਿਟ ਬੈਠਦੀ ਸੀ। ਰਾਜ ਕਪੂਰ ਤੇ ਮੁਕੇਸ਼ ਦੀ ਜੋੜੀ ਨੇ ਬੇਹਦ ਮਸ਼ਹੂਰ ਗੀਤ ਦਿੱਤੇ ਜਿਵੇਂ:-
“ਸੁਹਾਨਾ ਸਫਰ ਔਰ ਯੇ ਮੌਸਮ ਹਸੀਨ”
“ਦੋਸਤ ਦੋਸਤ ਨਾ ਰਿਹਾ”
“ਜਾਨੇ ਕਹਾਂ ਗਏ ਵੋ ਦਿਨ”
“ਮੇਰਾ ਜੂਤਾ ਹੈ ਜਾਪਾਨੀ”
“ਸਜਨ ਰੇ ਝੂਠ ਮਤ ਬੋਲੋ”
“ਏ ਭਾਈ ਜ਼ਰਾ ਦੇਖ ਕੇ ਚਲੋ”
“ਕੋਈ ਜਬ ਤੁਮਾਰ੍ਹਾ ਹਿਰਦੇ ਤੋੜ ਦੇ”
ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਜੋ ਅੱਜ ਵੀ ਲੋਕਾਂ ਦੀ ਜ਼ੁਬਾਂ ਤੇ ਹਨ।
ਮੁਕੇਸ਼ ਦੀ ਆਵਾਜ਼ ਵਿਚ ਇੱਕ ਆਤਮਿਕ ਸੁਰ ਸਨ। ਉਹ ਨਾ ਤੇ ਢੋਲ-ਧਮਾਕਿਆਂ ਵਾਲਾ ਗਾਇਕ ਸੀ ਅਤੇ ਨਾ ਹੀ ਰੌਲੇ-ਰੱਪੇ ਵਾਲਾ। ਉਹ ਇੱਕ ਅਜਿਹਾ ਫਨਕਾਰ ਸੀ ਜੋ ਜ਼ਿੰਦਗੀ ਦੇ ਦਰਦ ਨੂੰ ਸੁਰੀਲੇ ਰੂਪ ਵਿੱਚ ਪੇਸ਼ ਕਰਦਾ ਸੀ, ਜਿਸ ਦੀ ਆਵਾਜ਼ ਵਿੱਚ ਵਿਅਕਤੀਗਤ ਦਰਦ ਅਤੇ ਸਧਾਰਨ-ਪਣ ਦੀ ਮਿੱਠੀ ਖੁਸ਼ਬੂ ਸੀ। ਇਹੀ ਕਾਰਨ ਸੀ ਕਿ ਉਹਨਾਂ ਦੇ ਗੀਤ ਹਰ ਆਦਮੀ ਦੀ ਆਵਾਜ਼ ਬਣੇ।
ਬਹੁਤੇ ਲੋਕ ਸ਼ਾਇਦ ਇਹ ਗੱਲ ਘੱਟ ਹੀ ਜਾਣਦੇ ਹੋਣਗੇ ਕਿ ਮੁਕੇਸ਼ ਨੇ ਦਸ ਤੋਂ ਵੱਧ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੂੰ ਵਧੇਰੇ ਮਾਣ ਉਨ੍ਹਾਂ ਦੀ ਗਾਇਕੀ ਨੇ ਦਿੱਤਾ, ਪਰ ਉਨ੍ਹਾਂ ਦੀ ਸਧਾਰਨਤਾ ਅਤੇ ਦਿਲੀ ਭਾਵਨਾ ਉਨ੍ਹਾਂ ਦੇ ਅਦਾਕਾਰੀ ਪਾਤਰਾਂ ਵਿੱਚ ਵੀ ਦਿਖੀ ਸੀ।
27 ਅਗਸਤ 1976 ਨੂੰ ਅਮਰੀਕਾ ਵਿਖੇ ਇਕ ਸੰਗੀਤ ਸਮਾਗਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ 53 ਸਾਲਾਂ ਮੁਕੇਸ਼ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ਅਚਾਨਕ ਖਤਮ ਹੋ ਗਈ, ਪਰ ਉਨ੍ਹਾਂ ਦੀ ਆਵਾਜ਼ ਅੱਜ ਵੀ ਸਾਂਝੀ ਧਰੋਹਰ ਵਜੋਂ ਜਿਊਂਦੀ ਹੈ।
ਮੁਕੇਸ਼ ਦੀ ਆਵਾਜ਼ ਨੇ ਹਿੰਦੀ ਫਿਲਮ ਸੰਗੀਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੇ ਪੁੱਤਰ ਨਿਤਿਨ ਮੁਕੇਸ਼ ਨੇ ਆਪਣੇ ਪਿਓ ਤੋਂ ਸੰਗੀਤ ਦੀ ਗੁੜ੍ਹਤੀ ਲੇ ਗੀਤਾਂ ਦੇ ਸਫ਼ਰ ਨੂੰ ਜਾਰੀ ਰਖਿਆ। ਪੋਤਰਾ ਨੀਲ ਨਿਤਿਨ ਮੁਕੇਸ਼ ਵੀ ਸਿਨੇਮਾ ਦੀ ਦੁਨੀਆ ‘ਚ ਆਪਣਾ ਯੋਗਦਾਨ ਦੇ ਰਿਹਾ ਹੈ।
ਤਿੰਨ ਦਹਾਕਿਆਂ ‘ਚ ਤਕਰੀਬਨ 500 ਫ਼ਿਲਮਾਂ ਵਿਚ ਲਗਭਗ 1000 ਤੋਂ ਵੱਧ ਉਨ੍ਹਾਂ ਦੇ ਗਾਏ ਗੀਤ ਅੱਜ ਵੀ ਰੇਡੀਓ, ਯੂਟਿਊਬ, ਅਤੇ ਸਟੇਜ ‘ਤੇ ਵੱਜਦੇ ਹਨ। ਜਦੋਂ ਵੀ ਕਿਸੇ ਮਨੁੱਖ ਦੇ ਦਿਲ ਵਿੱਚ ਦਰਦ ਜਾਂ ਪਿਆਰ ਉੱਭਰਦਾ ਹੈ ਤਾਂ ਮੁਕੇਸ਼ ਦੀ ਆਵਾਜ਼ ਗੀਤਾਂ ਰਾਹੀਂ ਉਸਦੀ ਸਾਥੀ ਬਣ ਜਾਂਦੀ ਹੈ।
✍️ ਬਲਦੇਵ ਸਿੰਘ ਬੇਦੀ 
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਕਾਵਿ ਵਿਅੰਗ ਹਰਪ੍ਰੀਤ ਪੱਤੋ*
Next articleਮਿਹਨਤੀ ਤੇ ਇਮਾਨਦਾਰ : -ਡਾ. ਨਿਮਿਸ਼ ਗੁਪਤਾ ( ਐਸ. ਐਸ. ਬੀ. ਹਸਪਤਾਲ ਫਰੀਦਾਬਾਦ )