ਹਿਮਾਚਲ ਦੇ ਸਿਰਮੌਰ ’ਚ ਪੂਰਾ ਪਹਾੜ ਖ਼ਿਸਕਿਆ

ਸ਼ਿਮਲਾ (ਸਮਾਜ ਵੀਕਲੀ) : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਜ਼ਮੀਨ ਖ਼ਿਸਕਣ ਦੀ ਦਿਲ ਦਹਿਲਾਊ ਘਟਨਾ ਵਾਪਰੀ ਹੈ। ਬਰਵਸ ਕੋਲ ਅੱਜ ਪੂਰਾ ਪਹਾੜ ਖ਼ਿਸਕਣ ਕਾਰਨ ਕੌਮੀ ਮਾਰਗ-707 ਬੰਦ ਹੋ ਗਿਆ। ਇਲਾਕੇ ਵਿਚ ਜ਼ੋਰਦਾਰ ਮੀਂਹ ਪੈਣ ਕਾਰਨ ਇਹ ਘਟਨਾ ਵਾਪਰੀ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਸੂਬੇ ਦੀ ਆਫ਼ਤ ਪ੍ਰਬੰਧਨ ਅਥਾਰਿਟੀ ਨੇ ਪਹਾੜ ਖ਼ਿਸਕਣ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ। ਪਹਾੜ ਖ਼ਿਸਕਣ ਨਾਲ ਕਰੀਬ 100 ਮੀਟਰ ਸੜਕ ਦੱਬ ਗਈ।

ਇਸ ਨਾਲ ਪਾਉਂਟਾ ਸਾਹਿਬ-ਸ਼ਿੱਲਈ ਮਾਰਗ ਬੰਦ ਹੋ ਗਿਆ ਤੇ ਸਥਾਨਕ ਲੋਕਾਂ ਨੇ ਭੱਜ ਕੇ ਜਾਨ ਬਚਾਈ। ਹਿਮਾਚਲ ਦੇ ਡੀਜੀਪੀ ਸੰਜੈ ਕੁੰਡੂ ਨੇ ਲੋਕਾਂ ਨੂੰ ਸਾਵਧਾਨੀ ਨਾਲ ਯਾਤਰਾ ਕਰਨ ਲਈ ਕਿਹਾ ਹੈ। ਇਸੇ ਦੌਰਾਨ ਲਾਹੌਲ-ਸਪਿਤੀ ਦੇ ਉਦੈਪੁਰ ਵਿਚ ਜ਼ਮੀਨ ਖ਼ਿਸਕਣ ਕਾਰਨ ਫਸੇ ਕਰੀਬ 150 ਲੋਕ ਜਿਨ੍ਹਾਂ ਵਿਚ ਸੈਲਾਨੀ ਵੀ ਸ਼ਾਮਲ ਸਨ, ਨੂੰ ਅੱਜ ਤਿੰਨ ਦਿਨਾਂ ਬਾਅਦ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਹੈ। ਉਦੈਪੁਰ ਸਬ-ਡਿਵੀਜ਼ਨ (ਕੇਲੌਂਗ ਜ਼ਿਲ੍ਹਾ) ਦੇ ਤੋਜ਼ਿੰਗ ਨਾਲ਼ੇ ਵਿਚ ਬੱਦਲ ਫਟਣ ਕਾਰਨ ਹੜ੍ਹ ਆ ਗਿਆ ਸੀ।

ਉਧਰ ਲਾਹੌਲ-ਸਪਿਤੀ ਵਿੱਚ ਰਾਜਸਥਾਨ ਦੇ ਤਿੰਨ ਪਰਬਤਾਰੋਹੀ ਲਾਪਤਾ ਹੋ ਗਏ ਹਨ। ਸੂਬਾ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਰਾਜਸਥਾਨ ਦੇ ਪਰਬਤਾਰੋਹੀ ਨਿਕੁੰਜ ਜੈਸਵਾਲ ਅਤੇ ਉਸ ਦੇ ਦੋ ਸਾਥੀ ਘੇਪਾਨ ਪਰਬਤ ’ਤੇ ਲਾਪਤਾ ਹੋ ਗਏ ਹਨ। ਸਿਸੂ ਥਾਣਾ ਚੌਕੀ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਦੇ ਬੀਕਾਨੇਰ ਦਾ ਵਾਸੀ ਜੈਸਵਾਲ ਅਤੇ ਉਸ ਦੇ ਸਾਥੀ ਪਿੰਡ ਵਿੱਚ ਹੋਟਲ ਤ੍ਰਿਵੇਣੀ ਵਿੱਚ ਰੁਕੇ ਹੋਏ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਸੰਸਦ: ਬਿਜਲੀ ਸੋਧ ਬਿੱਲ ਸੂਚੀਬੱਧ ਕਰਨਾ ਵਾਅਦਾਖ਼ਿਲਾਫ਼ੀ ਕਰਾਰ
Next articleਰਾਕੇਸ਼ ਅਸਥਾਨਾ ਦੀ ਨਿਯੁਕਤੀ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ