(ਸਮਾਜ ਵੀਕਲੀ)
# ਯਾਦਵਿੰਦਰ*
(1)
ਇਹ ਹੱਦਾਂ/ਸਰਹੱਦਾਂ, ਜਿਹੜੀਆਂ ਸਾਨੂੰ ਹਕੀਕਤ ਲੱਗਦੀਆਂ ਹਨ, ਇਹ ਸਭ ਕੁਦਰਤੀ ਜਾਂ ਭੂਗੋਲਿਕ ਨਹੀਂ ਹਨ ਬਲਕਿ ਸਿਆਸੀ ਚਲਾਕੀਆਂ ਕਰ ਕੇ ਹਨ। ਤੁਸੀਂ, ਗਲੋਬ ਦਾ ਨਕਸ਼ਾ ਚੁਕ ਕੇ ਵੇਖ ਲਿਓ, ਓਹਦੇ ਉੱਤੇ ਲਿਖਿਆ ਹੁੰਦੈ, ‘ਵਰਲਡ ਪੋਲੀਟੀਕਲ’। ਦੱਸਣ ਦੀ ਲੋੜ ਨਹੀਂ ਕਿ ਕਾਇਨਾਤ ਵਿਚ ਕਿਤੇ ਕੋਈ ਤਕਸੀਮ ਨਹੀਂ। ਕੁਲ ਦੁਨੀਆਂ ਵਿਚ ਜਿੰਨੀ ਵੀ ਜ਼ਮੀਨ ਹੈ, ਇਸ ਵਿਚ ਕੁਦਰਤਨ ਕੋਈ ਤਕਸੀਮ ਨਹੀਂ। ਅਮਰੀਕਾ, ਕਨੇਡਾ, ਮੈਕਸੀਕੋ, ਭਾਰਤ, ਪਾਕਿਸਤਾਨ, ਕੋਰੀਆ, ਚੀਨ ਕਿਸੇ ਵੀ ਮੁਲਕ ਦਾ ਵੱਖਰਾ ਅਸਮਾਨ ਨਹੀਂ ਹੁੰਦਾ। ਧਰਤੀ ‘ਤੇ ਪਈਆਂ ਤਕਸੀਮਾਂ ਸਿਰਫ਼ ਤੇ ਸਿਰਫ਼ ਕੁਝ ਰਾਜ ਘਰਾਣਿਆਂ ਨੇ ਘੜੀਆਂ ਹਨ, ਕਿਉਂਜੋ ਜਿਨ੍ਹਾਂ ਹੱਥ ਰਾਜ-ਭਾਗ ਆ ਗਿਆ ਹੈ, ਉਹ ਹਮੇਸ਼ਾ ਚਾਹੁੰਦੇ ਰਹਿਣਗੇ ਕਿ ਮਨੁੱਖਾਂ ਨੂੰ ਹੱਕਣ ਲਈ ਉਨ੍ਹਾਂ ਕੋਲ ਇਹ ਇਲਾਕੇ ਬਰਕਰਾਰ ਰਹਿਣ ਤੇ ਉਨ੍ਹਾਂ ਦੀਆਂ ਆਇੰਦਾ ਨਸਲਾਂ ਵੀ ਇਸੇ ਤਰ੍ਹਾਂ ਰਾਜਭਾਗ ਦਾ ਲੁਤਫ਼ ਮਾਣਦੀਆਂ ਰਹਿਣ।ਇੰਝ ਇਹ ਸਿਆਸੀ ਘਪਲਾ ਹਾਲੇ ਤਕ ਜਾਰੀ ਹੈ। ਹੈ ਕਿ ਨਹੀਂ? ਇਹ ਤਕਸੀਮਾਂ ਰੱਬ ਸਬੱਬੀ ਨਹੀਂ ਹਨ।
ਅਸੀਂ ਸਮਝਦੇ ਹਾਂ ਕਿ ਬਾਬਾ-ਏ-ਪੰਜਾਬੀਅਤ ਵਾਰਿਸ਼ ਸ਼ਾਹ ਜੇ ਅਜੋਕੇ ਜ਼ਮਾਨੇ ਵਿਚ ਜਿਉਂਦੇ ਹੁੰਦੇ ਤਾਂ ਉਹ ਆਪਣੇ ਲਫ਼ਜ਼ਾਂ ਵਿਚ ਇਹੀ ਪੈਗ਼ਾਮ ਦਿੰਦੇ। ਪੜ੍ਹਣਹਾਰੇ ਦੋਸਤੋ! ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਗਲ ਵਾਰਿਸ ਸ਼ਾਹ ਵਲ ਕਿਵੇਂ ਮੋੜ ਦਿੱਤੀ। ਗਲ ਤਾਂ ਸ਼ੁਰੂਆਤ ਵਿਚ ਕੁਝ ਹੋਰ ਈ ਸੀ।
(2)
ਤੁਸੀਂ ਇੰਝ ਸੋਚਿਐ ਜਾਂ ਨਹੀਂ ਸੋਚਿਆ ਪਰ ਏਨਾ ਜ਼ਰੂਰ ਦੱਸਣਾ ਚਾਹਾਂਗਾ ਕਿ ਵਾਰਿਸ ਸ਼ਾਹ ਤੇ ਉਨ੍ਹਾਂ ਵੱਲੋਂ ਸਮਾਜ ਲਈ ਦਿੱਤਾ ਪੈਗ਼ਾਮ ਤੇ ਸਾਹਿਤਕ ਕਾਰਜ, ਕਈ ਦਿਨਾਂ ਤੋਂ ਮੇਰੇ ਜ਼ਿਹਨ ਵਿਚ ਘੁੰਮਦਾ ਪਿਆ ਹੈ। ਮੈਂ ਚਾਹੁੰਦਾ ਤਾਂ ਇਹ ਸੀ ਕਿ ਏਧਰੋਂ ਓਧਰੋਂ ਵਾਰਿਸ਼ ਸ਼ਾਹ ਬਾਰੇ ਜਾਣਕਾਰੀ ਇਕੱਤਰ ਕਰਦਾ ਤੇ ਸੁਲੇਖ ਲਿਖ ਦਿੰਦਾ ਪਰ ‘ਹੋਣੀ’ ਨੂੰ ਕੁਝ ਹੋਰ ਮਨਜ਼ੂਰ ਸੀ। ਵਾਰਿਸ਼ ਸ਼ਾਹ ਜਿਨ੍ਹਾਂ ਦੀ ਜੰਮਣ ਭੋਇੰ ਤੇ ਕਰਮ-ਭੋਇੰ ਲਹਿੰਦਾ ਪੰਜਾਬ ਸੀ, ਏਸ ਕਰ ਕੇ ਮੇਰੇ ਪੱਤਰਕਾਰ ਮਿੱਤਰਾਂ ਨੇ ਫੇਸਬੁਕ ਅਤੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਮੈਨੂੰ ਲਹਿੰਦੇ ਪੰਜਾਬ ਵਿਚ ਵੱਸਦੇ ਕੁਝ ਪੰਜਾਬੀ ਪਿਆਰਿਆਂ ਬਾਰੇ ਵਾਕਿਫ਼ ਕਰਵਾਇਆ। ਜਿਹੜੇ ਹਾਲੇ ਵੀ ਉਸੇ ਭਾਵਨਾ ਤੇ ਉਸੇ ਸੋਝੀ ਨਾਲ ਜੀਉਂਦੇ-ਥੀਉਂਦੇ ਨੇ, ਜਿਵੇਂ ਬਾਬਾ ਵਾਰਿਸ਼ ਸ਼ਾਹ ਆਪਣੇ ਮੁਰੀਦਾਂ ਨੂੰ ਪੈਗ਼ਾਮ ਦੇ ਗਏ ਹਨ। ਵਾਰਿਸ ਸ਼ਾਹ ਦੀ ਧਰਤੀ ਤੇ ਕਰਮ ਭੋਇ, ਲਹਿੰਦਾ ਪੰਜਾਬ ਸੀ, ਜਦਕਿ ਅੱਜ ਉਸ ਮੁਲਕ ਨੂੰ ‘ਇੰਤਹਾਪਸੰਦੀ’ ਦਾ ਲਕਬ ਦੇ ਦਿੱਤਾ ਗਿਆ ਹੈ, ਜਿਵੇਂ ਕਿ ਉਥੇ ਜੰਮਣ ਵਾਲਾ ਹਰ ਬੰਦਾ ਬੱਸ ਇੰਤਕਾਮੀ ਕਾਰਵਾਈਆਂ ਕਰਨ ਲਈ ਹੀ ਪੈਦਾ ਹੋਇਆ ਹੋਵੇ। ਬੰਦੇ-ਮਾਰੂ ਸਿਆਸਤ, ਜੋ ਨਾ ਕਰੇ, ਬੱਸ ਓਹੀ ਘੱਟ ਹੈ। ਯਕੀਨ ਮੰਨੋ, #ਲਹਿੰਦੇ ਪੰਜਾਬ ਦੇ ਪੰਜਾਬੀ ਭਰਾ ਚੰਗੇ ਹਨ ਤੇ ਸਾਡੇ ਵਾਂਗ ਹੀ ਸੋਚਦੇ ਤੇ ਜੀਉਂਦੇ ਹਨ।
(3)
ਲਹਿੰਦੇ ਪੰਜਾਬ ਬਾਰੇ ਜਾਣਨ ਦਾ ਉਨ੍ਹਾਂ ਪੰਜਾਬੀ ਲੋਕਾਂ ਨੂੰ ਬਹੁਤ ਸ਼ੌਕ ਹੁੰਦਾ ਹੈ, ਜਿਹੜੇ ਸੁਭਾਅ ਪੱਖੋਂ ਸੱਭਿਆਚਾਰਕ ਕਾਮੇ ਹੁੰਦੇ ਹਨ. ਲਾਹੌਰ ਵਿਚ ਜਿੱਥੇ ਅਦਾਰਾ ‘ਪੰਚਮ’ ਪੰਜਾਬੀ ਦੀ ਸ਼ਾਨ ਵਧਾਉਣ ਲਈ ਯਤਨਸ਼ੀਲ ਹੈ ਉਥੇ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ ਯਤਨ ਵੀ ਘਟਾਅ ਕੇ ਨਹੀਂ ਵੇਖੇ ਜਾ ਸਕਦੇ।
ਸ਼ੱਬੀਰ ਹੁਸੈਨ ਸ਼ੱਬੀਰ, ਇਸ ਸੰਸਥਾ ਦੇ ਬਾਨੀ ਮੁਖੀ ਹਨ। ਉਨ੍ਹਾਂ ਨੇ ਤਸੱਵੁਰ ਕੀਤਾ ਕਿ ਸਮਾਜ ਵਿਚ ਕਿੰਨੇ ਹੀ ਲੋਕ ਹਨ, ਜਿਹੜੇ ਆਪਣੇ ਆਪ ਨੂੰ ਵੱਖਰੀ ਇਕਾਈ ਮੰਨ ਕੇ ਬਹਿ ਗਏ ਹਨ, ਉਹ ਸਮਾਜ ਵਿੱਚੋਂ ਵਿਜੋਗੇ ਗਏ ਨੇ। ਕਿਉਂ ਨਾ ਉਨ੍ਹਾਂ ਨੂੰ ਜ਼ਿੰਦਗੀ ਤੇ ਪੰਜਾਬੀ ਸੱਭਿਆਚਾਰ ਦੀ ਮੁੱਖਧਾਰਾ ਨਾਲ ਜੋੜਿਆ ਜਾਵੇ। ਸਮਾਜ ਵਿੱਚੋਂ ਵਿਜੋਗੇ ਜਾਣ ਨੂੰ ਮੁਹਾਵਰੇ ਵਾਂਗ ਨਾ ਵੀ ਲਈਏ ਤਾਂ ਅਜੋਕੀ ਜ਼ੁਬਾਨ ਵਿਚ ਇਸ ਨੂੰ ‘ਡਿਪ੍ਰੈਸ਼ਨ’ ਵਜੋਂ ਸਮਝ ਸਕਦੇ ਹਾਂ। ਭਾਵ ਕਿ ਉਦਾਸੀ ਰੋਗ। (ਇਨ੍ਹਾਂ ਨੂੰ ਲਹਿੰਦੇ ਪੰਜਾਬ ਵਾਲੇ ਸ਼ੱਬੀਰਜੀ ਆਖਦੇ ਹਨ)। ਸ਼ੱਬੀਰ ਹੁਰਾਂ ਦਾ ਮਕ਼ਸਦ ਹੈ/ਸੀ ਕਿ ਵਿਜੋਗੇ ਗਏ ਜੀਆਂ ਨੂੰ ਪੰਜਾਬੀਅਤ ਤੇ ਵਿਵਹਾਰਕ ਗਿਆਨ ਦੀ ਧਾਰਾ ਵਿਚ ਪਰਤਾਅ ਲਿਆਉਣਾ ਹੈ। ਬੱਸ ਫੇਰ ਕੀ ਸੀ! ਏਸ ਤਰ੍ਹਾਂ ਉਨ੍ਹਾਂ ਦੇ ਖ਼ਿਆਲ ਦੀਆਂ ਤਰੰਗਾਂ ਏਧਰ ਓਧਰ ਫੈਲਦੀਆਂ ਰਹੀਆਂ। ਇਹ ਵਿਚਾਰ ਹਵਾਵਾਂ ਵਿਚ ਸਫ਼ਰ ਕਰਦੇ ਰਹੇ ਤੇ …ਤੈਰਦੇ ਰਹੇ। ਲੋਕ ਕਾਰਵਾਂ ਬਣਨ ਦਾ ਅਮਲ ਸ਼ੁਰੂ ਹੋ ਗਿਆ। ਇਸ ਦਾ ਪਤਾ ਸਿਰਫ਼ ਹਵਾਵਾਂ ਨੂੰ ਸੀ, ਇਸ ਦਾ ਪਤਾ ਸਿਰਫ਼ ਓਸ ਅਸਮਾਨ ਨੂੰ ਸੀ, ਜੀਹਦੇ ਹੇਠਾਂ ਖੜ੍ਹੇ ਮਨੁੱਖ ‘ਲੋਕ ਕਾਰਵਾਂ’ ਬਣਾਉਣ ਲਈ ਖ਼ਾਹਿਸ਼ਾਂ ਕਰਦੇ ਹੁੰਦੇ ਹਨ। ਇਹਦਾ ਪਤਾ ਮੈਨੂੰ ਸੀ …ਕਿਉਂਕਿ ਸੋਚਦਾ ਹੁੰਦਾ ਸੀ ਕਿ ਗੁਆਂਢੀ ਮੁਲਕ ਵਿਚ ਵੱਸਦੇ ਪੰਜਾਬ ਵਿਚ (ਵੀ) ਤਾਂ ਕੁਝ ਹੁੰਦਾ ਈ ਹੋਊਗਾ… ਉਥੇ ਵੀ ਤਾਂ ਸੱਭਿਆਚਾਰਕ ਤਬਦੀਲੀ ਲਈ ਕੁਝ ਕਾਰਕੁੰਨ ਲੱਗੇ ਹੋਣਗੇ… ਲੱਗੇ ਹੋਏ ਸਨ ਤੇ ਆਪਾਂ ਆਖ਼ਰ ਲੱਭ ਹੀ ਲਏ!!
(4)
ਲਹਿੰਦੇ ਪੰਜਾਬ ਵਿਚ ਬਹੁਤ ਸਾਰੇ ਮੁੰਡੇ ਤੇ ਕੁੜੀਆਂ ਇਹੋ-ਜਿਹੇ ਨੇ, ਜਿਹੜੇ ਪੰਜਾਬੀ ਬੋਲ ਕੇ ਖ਼ੁਸ਼ੀ ਤੇ ਸਕੂਨ ਮਹਿਸੂਸ ਕਰਦੇ ਨੇ, ਪਰ ਜਦੋਂ ਕੋਈ ਫਿਰਕੂ ਬੰਦਾ ਜਾਂ ਗੁਮਰਾਹ ਹੋਏ ਲੋਕ ਉਨ੍ਹਾਂ ਦੀ ਪੰਜਾਬੀ ਪਛਾਣ ਨੂੰ ਲੈ ਕੇ ਉਨ੍ਹਾਂ ਵਿਚ, ਅਹਿਸਾਸ-ਇ-ਕਮਤਰੀ ਪੈਦਾ ਕਰਨ ਦੀ ਸਾਜ਼ਿਸ਼ ਕਰਦੇ ਹਨ ਤਾਂ ਓਹ ਪੰਜਾਬੀ ਪਿਆਰਿਆਂ ਨੂੰ ਭੁਲੇਖੇ ਨਾਲ ਹੋਰ ਇਕਜੁੱਟ ਕਰ ਦਿੰਦੇ ਹਨ। ਪੰਜਾਬੀ ਬੋਲਣ ਵਾਲੇ ਅਕਸਰ ਸੋਚਦੇ ਨੇ ਕਿ ਯਾਰ …ਅਸੀਂ ਪੰਜਾਬੀ ਬੋਲ ਕੇ ਕੋਈ ਗ਼ੁਨਾਹ ਕਰ ਲਿਆ ਏ? ਜਾਂ ਅਸੀਂ ਜੇ ਪੰਜਾਬੀ ਤਰਜ਼-ਇ-ਜ਼ਿੰਦਗੀ ਜੀਉਂਦੇ ਹਾਂ ਤਾਂ ਇਹ ਕੋਈ ਭੈੜ ਏ?
ਲਹਿੰਦੇ ਪੰਜਾਬ ਵਾਲਿਆਂ ਦਾ ਸੰਤਾਪ ਤਾਂ ਵੇਖੋ ਕਿ ਗ਼ੈਰ-ਪੰਜਾਬੀਆਂ ਨੂੰ ‘ਦੀਨੀ ਭਾਈ’ ਮਤਲਬ ਕਿ ਧਰਮ ਭਰਾ ਸਮਝ ਕੇ ਆਪਣੇ ਪੰਜਾਬ ਵਿਚ ਤੇ ਆਪਣੇ ਨਵੇਂ ਉਸਰੇ ਮੁਲਕ ਵਿਚ ਪਨਾਹ ਦਿੱਤੀ ਸੀ, ਜਦੋਂ ਉਨ੍ਹਾਂ ਲੋਕਾਂ ਨੇ ਆਪਣੇ ਪੈਰ ਲਾ ਲਏ ਤਾਂ ਉਹੀ ਲੋਕ ਸਾਰੇ ਦੇਸ਼ ਨੂੰ ਉਰਦੂ ਬੋਲਣ ਤੇ ‘ਅਰਬੀ ਵਿਅਕਤੀ ਵਾਂਗ ਜੀਊਣ ਦਾ’ ਉਪਦੇਸ਼ ਦੇਣ ਲੱਗ ਪਏ। ਫੇਰ ਜਦੋਂ ਪੰਜਾਬੀਆਂ ਨੇ ਇਨ੍ਹਾਂ ਨੂੰ #ਮੁਹਾਜਿਰ ਜਾਂ ਪਨਾਹੀਏ ਆਖਿਆ ਤਾਂ ਪਿੱਟ ਸਿਆਪਾ ਕਰਨ ਲੱਗੇ। ਸਮਾਜ ਵਿਚ ਸੱਭਿਆਚਾਰਾਂ ਦਾ ਟਕਰਾਅ ਇੱਥੋਂ ਹੀ ਸ਼ੁਰੂ ਹੁੰਦਾ ਹੈ ਤੇ ਸਮਾਜ ਵਿਚ ਸੱਭਿਆਚਾਰਕ- ਭੇੜ ਦਾ ਆਗ਼ਾਜ਼ ਹਮੇਸ਼ਾਂ ਤਕਰਾਰ ਤੋਂ ਹੁੰਦਾ ਹੈ।
ਅਜਿਹੇ ਅਨੇਕਾਂ ਮਾਣਮੱਤੇ ਲਾਹੌਰੀਏ ਤੇ ਹੋਰ ਪੰਜਾਬੀ ਲੋਕ ਖ਼ਾਸਕਰ #ਜਾਗਰੂਕ ਨੌਜਵਾਨਾਂ ਦੀ ਰੂਹ ਕੁਰਲਾ ਰਹੀ ਸੀ। ਇਹ ਲੋਕ ਪੰਜਾਬੀ ਰਸਾਲੇ ਪੜ੍ਹਦੇ ਸਨ ਤੇ ਪੰਜਾਬੀ ਸਾਹਿਤ (ਜਿਸ ਨੂੰ ਅਦਬ ਆਖਦੇ ਹਨ) ਨਾਲ ਜੁੜੇ ਸਨ। ਓਧਰ ਰਾਜਭਾਗ ਉੱਤੇ ਕਾਬਜ਼ ਧਰਮਸੱਤਾ ਭਾਵ ਕਿ ਮਜ਼ਹਬੀ ਰਿਆਸਤ ਦੇ ਦਲਾਲ, ਮੁੱਠੀ ਭਰ ਜਗੀਰਦਾਰ, ਭ੍ਰਿਸ਼ਟ ਅਫਸਰ ਤੇ ਸਰਮਾਏਦਾਰਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਲਹਿੰਦੇ ਪੰਜਾਬ ਦੇ ਲੋਕ, ਆਪਣੇ ਅਸਲ ਨਾਲੋਂ ਟੁੱਟੇ ਰਹਿਣ, ਬਿਲਕੁਲ ਓਸੇ ਤਰ੍ਹਾਂ ਜਿਵੇਂ ਸਾਡੇ ਵਤਨ ਭਾਰਤ ਵਿਚ ਹਿੰਦੀ ਨੂੰ ਉਚਿਆਅ ਕੇ ਪੰਜਾਬੀ ਨੂੰ ਨਿੰਦਣ ਵਾਲੇ ਸ਼ਾਸਕ ਕਰ ਰਹੇ ਨੇ। ਮਜ਼ਹਬੀ ਸਰਕਾਰ ਅਰਥਾਤ ਧਰਮਸੱਤਾ Theocracy ਇੰਜ ਹੀ ਕਰਦੀ ਹੁੰਦੀ ਐ।
‘ਸਟੇਟ’ ਤੇ ‘ਪੂੰਜੀ’ ਦੀ ਇਹ ਅਣਦਿਸਦੀ ਗੱਲਵਕੜੀ ਕਿੰਨੇ ਸ਼ਾਨਦਾਰ ਦਿਮਾਗ਼ਾਂ ਨੂੰ ਬਰਬਾਦ ਕਰ ਦਿੰਦੀ ਹੈ! ਜਿਵੇਂ ਮੈਂ ਲਿਖਿਐ ਕਿ ਵਾਰਿਸ਼ ਸ਼ਾਹ ਦੀ ਧਰਤੀ ਉੱਤੇ ਵਾਰਿਸ਼ ਸ਼ਾਹ ਦੇ ਖ਼ਿਆਲ ਵੀ ਘੁੰਮਦੇ ਪਏ ਸਨ। ਉੱਪਰ ਦੱਸਿਆ ਗਿਆ ਹੈ ਕਿ ਸ਼ੱਬੀਰ ਹੁਸੈਨ ਸ਼ੱਬੀਰ ਨੇ ਕਸਮ ਖਾਧੀ ਸੀ ਕਿ ਵਿਜੋਗੇ ਹੋਏ ਜੀਆਂ ਨੂੰ ਯਕੀਨ ਦੁਆਉਣਾ ਹੈ ਕਿ ਜ਼ਿੰਦਗੀ ਖ਼ੂਬਸੂਰਤ ਹੈ ਤੇ ਪੰਜਾਬੀ ਲੋਕ ਖ਼ੂਬਸੀਰਤ ਹਨ, ਪੰਜਾਬੀ ਹੋਣ ਨੂੰ ਲੈ ਕੇ ਘਟੀਆ ਸਮਝਣਾ ਸਿਰੇ ਦੀ ਗ਼ਲਤੀ ਹੈ। ਕਰਾਚੀ ਤੇ ਦਿੱਲੀ ਵਿਚ ਬੈਠੇ ਨਾਲਾਇਕ ਅਮੀਰਜ਼ਾਦੇ ਤੇ ਵਪਾਰੀ ਖ਼ੁਦ ਪੰਜਾਬੀ ਬੋਲਣ ਲਿਖਣ ਦੇ ਕਾਬਿਲ ਨਹੀਂ ਤੇ ਇਹ ਨਾਲਾਇਕ ਬੰਦੇ ਪੰਜਾਬੀ ਦਾ ਵਿਰੋਧ ਜਾਰੀ ਰੱਖਦੇ ਹਨ। ਸਾਡੇ ਵਤਨ ਭਾਰਤ ਵਿਚ ਈ ਇਹੋ ਵਰਤਾਰਾ ਹੈ। ਬੰਬਈ ਤੇ ਉਤਰਾਖੰਡ ਵਿਚ ਬੈਠੇ ਪੰਜਾਬੀ ਪਿਛੋਕੜ ਦੇ ਲੋਕ ਨਾ ਹਿੰਦੀ ਬੋਲਣੀ ਸਿੱਖ ਸਕੇ ਤੇ ਨਾ ਚੱਜ ਦੇ ਪੰਜਾਬੀ ਬਣ ਸਕੇ।
(5)
ਏਸ ਤਰ੍ਹਾਂ ਹਵਾਵਾਂ ਵਿਚ ਤੈਰਦੇ ਖ਼ਿਆਲ ਲਾਹੌਰ ਤੇ ਹੋਰਨੀਂ ਥਾਈਂ ਖਿੱਲਰਦੇ ਗਏ। ਇਸ ਤਰ੍ਹਾਂ ਸ਼ਾਮ ਨਗਰ ਵਿਚ ਵੱਸਦੇ ਕਾਮਰਾਨ ਅਕਰਮ ਨੇ ਇਹ ਸਾਰਾ ਸੰਤਾਪ ਝੱਲਿਆ ਹੋਇਆ ਸੀ। ਸ਼ਾਮ ਨਗਰ ਦੀਆਂ ਗਲੀਆਂ ਦੇ ਬਾਸ਼ਿੰਦੇ ਜਾਂ ਲਾਹੌਰ ਦੇ ਲੋਕ ਹਾਲੇ ਬਹੁਤ ਘੱਟ ਜਾਣਦੇ ਹਨ ਕਿ ਇਹ ਕਾਮਰਾਨ ਕੌਣ ਹੈ। ਇਹ ਲੋਕ, ਟੀ. ਵੀ. ਦੇਖਦੇ ਹਨ ਤੇ ਨਿੱਜੀ ਸੋਚ ਨਹੀਂ ਰੱਖਦੇ, ਸਰਕਾਰ ਰੇਡੀਓ ਤੇ ਟੀ ਵੀ ਚੈਨਲਾਂ ਰਾਹੀਂ ਆਪਣੇ ਜ਼ਰਖਰੀਦ ਨਿਊਜ਼ ਐਂਕਰਾਂ ਤੋਂ ਜਿਹੜਾ ਪ੍ਰਾਪੇਗੰਡਾ ਕਰਵਾਉਂਦੀ ਹੈ, ਭੇਡਾਂ ਬਣੇ ਲੋਕ ਓਸ ਜ਼ਹਿਰੀਲੇ ਪ੍ਰਚਾਰ ਨੂੰ “ਆਖ਼ਰੀ ਸੱਚ” ਮੰਨਦੇ ਹਨ। ਇਹ ਲੋਕ ਬੋਲਦੇ ਤੇ ਸੋਚਦੇ ਪੰਜਾਬੀ ਵਿਚ ਹਨ ਪਰ ਖ਼ੈਰ ਹਾਕਮਾਂ ਦੀ ਮੰਗਦੇ ਹਨ ਜਿਹੜੇ ਹਿੰਦੀਨੁਮਾ ਉਰਦੂ ਦੇ ਮੁਕਾਬਲੇ, ਪੰਜਾਬੀ ਨੂੰ ਗਵਾਰਾਂ ਦੀ ਬੋਲੀ ਸਮਝਦੇ ਨੇ।
ਇਸ ਦੇ ਬਾਵਜੂਦ ‘ਕੱਲਿਆਂ ਦਾ ਕਾਫ਼ਲਾ’ ਬੰਨ੍ਹ ਕੇ ਕਾਮਰਾਨ ਹੁਰੀਂ ਵੀ ਨਿਕਲ ਪਏ। ਕਾਮਰਾਨ ਨੂੰ ਆਪਣੇ ਨਾਂ ਦੇ ਅਰਥਾਂ ਮੁਤਾਬਕ ਜੀਣਾ ਆਉਂਦਾ ਹੈ। ਉਸ ਨੇ ਕਹਾਣੀ ਲਿਖਿਆਰ# ਮਕ਼ਸੂਦ ਸਾਕਬ ਦੇ ਰਸਾਲੇ ਤੇ ਸੰਸਥਾ ‘ਪੰਚਮ’ ਦੀ ‘ਸੰਗਤ’ ਵਿਚ ਬੈਠਕਾਂ ਕਰਦਿਆਂ ਇਹ ਜਾਣ ਲਿਆ ਸੀ ਕਿ ਉਹ ਧਾਰਮਕ ਪੱਖੋਂ ਕੋਈ ਵੀ ਹੋਵੇ ਪਰ ਉਹ ਦੁੱਲ੍ਹੇ ਭੱਟੀ ਦੀ ਸੋਚ ਦਾ ਵਾਰਿਸ ਹੋ ਸਕਦਾ ਹੈ। ਉਸ ਨੇ ਆਪਣੇ ਮਨ ਅੰਦਰ ਸੁਲਘਦੇ ਚੰਗਿਆੜਿਆਂ ਨੂੰ ਭਾਂਬੜ ਬਣਾ ਕੇ ਮਚਾਉਣ ਦਾ ਤਹੱਈਆ ਕਰ ਲਿਆ ਪਰ ਇਹ ਬੇਬਾਕ ਐਲਾਨ ਕਿਸੇ ਅੱਗੇ ਨਾ ਕੀਤੇ। ਦਰਅਸਲ, ਉਸ ਨੂੰ ਅੰਦਰੋਂ ਚਾਨਣ ਸੀ ਕਿ ਚੁੱਪ ਚੁਪੀਤੇ ਕੀਤੇ ਉਹਦੇ ਕੰਮਾਂ ਨੇ ਸ਼ੋਰ ਮਚਾਅ ਦੇਣਾ ਹੈ ਤੇ ਚੁੱਪ ਚੁਪੀਤੇ ਕੰਮ ਕਰਨ ਵਿਚ (ਹੀ) ਸਮਝਦਾਰੀ ਏ।
(6)
‘ਵਾਰਿਸ਼ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ ਬਾਨੀ ਸ਼ੱਬੀਰਜੀ ਦਾ ਸਾਥ ਹਾਸਿਲ ਕਰ ਕੇ ਕਾਮਰਾਨ ਨੂੰ ਸਕੂਨ ਮਿਲਿਆ ਕਿ ਹਾਂ, ਹੁਣ ਏਥੇ ਕੁਝ ਹੋ ਸਕਦਾ ਹੈ। ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਇਹੋ ਜਿਹੀ ‘ਸੱਥ’ ਹੈ, ਜਿੱਥੇ ਹੋਰ ਵੀ ਕਈ ਸੰਗੀ ਸਾਥੀ ਹਨ, ਜਿਨ੍ਹਾਂ ਨੂੰ ਜਨਾਬ ਸ਼ੱਬੀਰ ‘ਮੋਹਰੀ’ ਆਖਦੇ ਹਨ। ਇਨ੍ਹਾਂ ਦੇ ਨਾਂ ਨੋਟ ਫਰਮਾਓ :ਮਿਰਜ਼ਾ ਉਸਮਾਨ ਬੇਗ ਪਰਚਾਰਕ, ਕਾਮਰੇਡ ਅਬਦੁਲ ਗ਼ਫ਼ੂਰ, ਕਾਸ਼ਿਫ਼ ਜ਼ਫ਼ਰ (ਬਰੈਂਡਰਥ ਰੋਡ), ਫਰਖ਼ ਮਹਿਮੂਦ (ਕੋਟ ਸ਼ਹਾਬਦੀਨ ਸ਼ਾਹਦੱਰਾ), ਮੁਹੰਮਦ ਅਕਰਮ (ਕੋਟਲੀ ਪੀਰ ਅਬਦੁਰ ਰਹਮਾਨ), ਉਮੈਰ ਅਕਬਰ ਕਿਤਾਬਫਰੋਸ਼ (ਕ੍ਰਿਸ਼ਨ ਨਗਰ), ਕਾਮਰੇਡ ਅਬਦੁਰ ਰਸ਼ੀਦ (ਬਦਾਮੀ ਬਾਗ਼) ਅਮਜਦ ਰਸ਼ੀਦ (ਹਾਲ ਰੋਡ), ਮੁਹੰਮਦ ਨਵਾਜ਼ (ਅਲਹਮਰਾ), ਨੋਫਲ ਗੁੱਜਰ ਤੇ ਕਈ ਹੋਰ ਸੰਗੀ-ਸਾਥੀ ਨੇ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਨ ਤੇ ਹੋਰ ‘ਸੰਗਤੀ’ ਲਿਆਉਂਦੇ ਹਨ। ਮੇਰੀ ਜਾਣਕਾਰੀ ਵਿਚ ਲਿਆਂਦਾ ਗਿਆ ਹੈ ਕਿ ‘ਸੱਥ’ (ਪਰਿਆ) ਦੀਆਂ ਬੈਠਕਾਂ, ਜਿਸ ਨੂੰ ਅਕਸਰ ਇਹ ਪੰਜਾਬੀ ਪਿਆਰੇ ‘ਸੰਗਤ’ ਆਖਦੇ ਹਨ, ਵਿਚ ‘ਸੰਗਤੀਏ’ ਵੱਧ-ਘੱਟ ਜਾਂਦੇ ਹਨ ਪਰ ਸ਼ੱਬੀਰਜੀ ਤੇ ਉਨ੍ਹਾਂ ਦੇ ਸੰਗੀ-ਸਾਥੀ ਨਹੀਂ ਡਾਵਾਂਡੋਲ ਹੁੰਦੇ। ਪਹਿਲਾਂ ਇਹ ਸ਼ਹਿਰੀ ਮੁੱਹਲੇ ਤੋਂ ਸ਼ੁਰੂ ਹੋਈ ਸੀ ਜਦਕਿ ਇਸ ਦੀਆਂ ਸ਼ਾਖਾਵਾਂ ਨਿੱਤ ਫੈਲਦੀਆਂ ਪਈਆਂ ਹਨ। ਨਿੱਤ ਦਿਹਾੜੇ ਨਵੇਂ ਲੋਕ ਰਾਬਤਾ ਕਰਦੇ ਹਨ ਤੇ ਬੈਠਕਾਂ/ਸੰਗਤਾਂ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ। ਸਾਲ ਬਾਅਦ ਵਾਰਸ ਸ਼ਾਹ ਦੀ ਯਾਦ ਵਿਚ ਪੰਜਾਬੀ ਮੇਲਾ ਲਾਉਂਦੇ ਨੇ।
(7)
ਦਰਸਅਲ ਜਿੱਥੇ ਜਿੱਥੇ ਧਰਮਸੱਤਾ Theocracy ਜਾਂ ਧਾਰਮਿਕ ਮੁਖੌਟੇ ਵਾਲੇ ਰਾਜਭਾਗ ਮੌਜੂਦ ਨੇ, ਉਥੇ ਉਥੇ ਨਾ ਸਿਰਫ਼ ਸਧਾਰਨ ਬੰਦੇ ਮਾਯੂਸ ਹੋ ਕੇ ਹਯਾਤੀ ਬਿਤਾਉਂਦੇ ਹਨ ਬਲਕਿ ਗਿਆਨਵਾਨ ਲੋਕਾਂ ਲਈ ਜ਼ਿੰਦਗੀ ਦਾ ਪੈਂਡਾ ਔਖਾ ਹੋ ਜਾਂਦਾ ਹੈ। ਚੜ੍ਹਦੇ ਪੰਜਾਬ ਵਿਚ ਆਮ ਕਰ ਕੇ ਇਹ ਆਖਿਆ ਜਾਂਦਾ ਹੈ ਕਿ ਧਰਮ ਤੇ ਸਿਆਸਤ ਇੱਕੋ ਚੀਜ਼ ਹਨ। ਮਤਲਬ ਮਜ਼ਹਬੀ ਬੁਨਿਆਦ ‘ਤੇ ਰਿਆਸਤ ਉਸਾਰ ਕੇ ਉਥੇ ਸਿਆਸਤ ਕੀਤੀ ਜਾ ਸਕਦੀ ਹੈ। ਜੇ ਚੜ੍ਹਦੇ ਪੰਜਾਬ ਜਾਂ ਸਮੁੱਚੇ ਭਾਰਤ ਵਿਚ ਇਹ ਹਾਲ ਹੈ ਤਾਂ ਭਾਰਤ ਤੋਂ ਅਲਹਿਦਾ ਹੋਏ ਮੁਲਕ ਵਿਚ ਵੀ ਤਾਂ ਇਹੋ ਹਾਲ ਹੀ ਹੋਵੇਗਾ। ਪੰਜਾਬਾਂ ਦੇ ਸਮਾਜ, ਜਿੱਥੇ ਸਧਾਰਨ ਜ਼ਿੰਦਗੀ ਜੀਊਣ ਵਾਲੇ ਲੋਕਾਂ ਦੀ ਗਿਣਤੀ 90 ਫ਼ੀਸਦ ਤੋਂ ਵੱਧ ਹੈ। ਅਜਿਹੇ ਸਮਾਜਾਂ ਵਿਚ ਕਲਾਵੰਤ ਤੇ ਹੁਨਰਮੰਦ ਬੰਦੇ ਬੜੀ ਮੁਸ਼ਕਲ ਨਾਲ ਜੀਊਣ ਜੋਗਾ ਰਿਜ਼ਕ ਹਾਸਿਲ ਕਰਦੇ ਨੇ। … ਤੇ ਕਲਾ ਤੋਂ ਸੱਖਣੇ ਤੇ ਹੁਨਰਮੰਦਾਂ ਦੇ ਦੁਸ਼ਮਨ ਅਕਸਰ ਪੈਸੇ ਵਿਚ ਖੇਡਿਆ ਕਰਦੇ ਹਨ। ਫੇਰ ਅੱਜ ਤਾਂ ਦੌਰ ਹੀ ਪੈਸੇ ਦਾ ਹੈ। ਉੱਪਰਲੀ ਮਿਡਲ ਕਲਾਸ ਕਿਵੇਂ ਗ਼ੁਰਬਤ ਮਾਰੇ ਬੰਦਿਆਂ ਨੂੰ ਨਪੀੜ ਕੇ ਰੱਖਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਲਹਿੰਦਾ ਪੰਜਾਬ ਹੋਵੇ ਜਾਂ ਚੜ੍ਹਦਾ ਪੰਜਾਬ ਹੋਵੇ ਜਾਂ ਬਾਕੀ ਕੁਲ ਆਲਮ ਹੋਵੇ, ਇਹੀ ਵਰਤਾਰਾ ਭਾਰੂ ਹੈ।?
(8)
ਸ਼ੱਬੀਰ ਤੇ ਵਾਰਸ ਪਰ੍ਹੇਆ ਦੇ ਪ੍ਰੇਮੀ ਆਪਣੇ ਕਾਮਰਾਨ ਨਾਲ ਵੀ ਬਾਹਲਾ ਮੋਹ ਕਰਦੇ ਹਨ। ਇਹ ਲੋਕ ਵਟਸਐਪ ਗਰੁੱਪ ਚਲਾਉਂਦੇ ਨੇ, ਜਦੋਂ ਇਹ ਕਿਸੇ ਪੰਜਾਬੀ ਪਿਆਰੇ ਨੂੰ, ਜਿਹੜਾ ਲਹਿੰਦੇ ਪੰਜਾਬ ਤੋਂ ਬਾਹਰ ਦਾ ਹੋਵੇ ਜਾਂ ਖ਼ਾਸਕਰ ਪਾਕਿਸਤਾਨ ਤੋਂ ਬਾਹਰ ਦਾ ਹੋਵੇ, ਉਸ ਨੂੰ ਸ਼ਾਮਲ ਕਰ ਲੈਣ ਤਾਂ ਕੁਝ ਲੋਕ ਬੁਰਾ ਮਨ੍ਹਾ ਕੇ ‘ਲੈਫਟ’ ਕਰ ਜਾਂਦੇ ਹਨ ਪਰ ਬਹੁਤੇ ਨਹੀਂ ਕਰਦੇ, ਸਿਰਫ਼ ਉਹੀ ਕਰਦੇ ਹਨ, ਜਿਨ੍ਹਾਂ ਨੂੰ ਗਿਆਨਧਾਰਾ ਨਾਲ ਜੋੜਣ ਲਈ ਸ਼ਾਮਲ ਕੀਤਾ ਗਿਆ ਹੁੰਦਾ ਹੈ ਪਰ ਉਹ ਹਾਲੇ ਇਸ ਕਾਬਿਲ ਨਹੀਂ ਹੁੰਦੇ. ਛੇਤੀ ਰੁੱਸ ਜਾਂਦੇ ਹਨ ਕਿ ਤੁਸੀਂ ‘ਗ਼ੈਰਾਂ’ ਨਾਲ ਸਾਂਝ ਪਾਉਂਦੇ ਹੋ, ਆਹ ਲਓ, ਮੈਂ ਛੱਡ ਚੱਲਿਆ..!!।?
(9)
ਬਹੁਤ ਦਿਣਾਂ ਤੋਂ ਮੈਂ ਸੋਚਦਾ ਸਾਂ ਕਿ 1947 ਦੀ ‘ਵੰਡ’ ਦਰਸਅਲ ‘ਵੰਡ’ ਜਾਂ ‘ਤਕਸੀਮ’ ਨਹੀਂ ਹੈ ਬਲਕਿ ‘ਉਜਾੜਾ’ ਹੈ। ਜਦੋਂ #ਲਹਿੰਦੇ ਪੰਜਾਬ ਦੇ ਪੰਜਾਬੀ ਪਿਆਰਿਆਂ ਨਾਲ ਡਾਇਲਾਗ ਐਕਸਚੇਂਜ ਕੀਤਾ ਤੇ ਜਦੋਂ ਵਿਚਾਰ ਵਟਾਂਦਰੇ ਹੋਏ ਤਾਂ ਉਨ੍ਹਾਂ ਮੇਰੇ ਇਸ ਖ਼ਿਆਲ ਦੀ ਤਸਦੀਕ ਕੀਤੀ। ਤੌਬਾ! ਏਨਾ ਵੱਡਾ ਘੱਲੂਘਾਰਾ। ਮਨੁੱਖਤਾ ਉੱਤੇ ਇਹ ਕਿਹੋ ਜਿਹਾ ਆਜ਼ਾਬ ਆ ਗਿਆ ਸੀ। ਜਿਸ ਧਰਤੀ ‘ਤੇ ਲੋਕ ਸਦੀਆਂ ਤੋਂ ਰਹਿੰਦੇ ਆਏ ਸਨ, ਜਿੱਥੋਂ ਦੇ ਪਿੰਡਾਂ ਨੂੰ, ਜਿੱਥੋਂ ਦੇ ਸ਼ਹਿਰਾਂ ਨੂੰ ਪਿਆਰਦੇ ਸਨ, ਜਿੱਥੋਂ ਦੇ ਪੌਣ ਪਾਣੀ ਵਿਚ ਸਾਹ ਲੈਂਦੇ ਸਨ, ਉੱਥੋਂ ਹਿਜਰਤ ਕਰਨੀ ਪਈ। ਕਿੰਨਾ ਵੱਡਾ ਜਿਗਰਾ ਹੋਵੇਗਾ ਤਬਾਹ ਹੋਏ ਲੋਕਾਂ ਦਾ। ਜਿਹੜੇ ਉਥੇ ਲਹਿੰਦੇ ਪੰਜਾਬ ਵਿਚ ਪਿੱਛੇ ਰਹਿ ਗਏ, ਉਹ ਆਪਣੀ ਬਾਲ ਵਰੇਸ ਦੇ ਯਾਰਾਂ ਦੋਸਤਾਂ ਨੂੰ ਤਰਸਦੇ ਰਹੇ। ਹੁਣ ਉਥੇ ਕਿਸੇ ਅਰਸ਼ਦ ਨੂੰ ਲੱਭਿਆ ਵੀ ਕਰਤਾਰਾ ਨਹੀਂ ਲੱਭਦਾ, ਵਿਸਾਖਾ ਨਹੀਂ ਲੱਭਦਾ, ਗੁਰਵਿੰਦਰ ਨਹੀਂ ਲੱਭਦਾ, ਯਾਦਵਿੰਦਰ ਨਹੀਂ ਲੱਭਦਾ। ਨਹੀਂ ਤਾਂ ਕਦੇ ਸਦਰਉਦਦੀਨ ਜਦੋ ਮੇਲੇ ਜਾਂਦਾ ਸੀ ਤਾਂ ਉਹਦੇ ਨਾਲ ਜੋਗਿੰਦਰ ਹੁੰਦਾ, ਉਹਦੇ ਨਾਲ ਮੇਲਾ ਹੁੰਦਾ ਸੀ, ਉਹਦੇ ਨਾਲ ਮੇਹਰ ਸਿੰਘ ਹੁੰਦਾ ਸੀ। ਇਸ ਗੱਲ ਦਾ ਦੁੱਖ ਤਾਂ ਪਾਕਿਸਤਾਨ ਦੀ ਲਿਖਾਰਨ ਜ਼ਾਹਿਦਾ ਹਿਨਾ ਵੀ ਮਨਾਉਂਦੀ ਹੈ। ਸੱਚਮੁੱਚ ਪੰਜਾਬੀਆਂ ਨੇ 1947 ਦੇ ਮਨਹੂਸ ਅਗਸਤ ਮਹੀਨੇ ਦੌਰਾਨ ਉਜਾੜਾ ਤੇ ਮਹਾਸੰਤਾਪ ਹੰਢਾਇਆ ਹੈ। ਦੁਨੀਆਂ ਦੀ ਕਿਸੇ ਕੌਮ ਨਾਲ ਇੰਝ ਨਾ ਵਾਪਰੇ।
ਅਚੇਤ ਮਨ ਦੇ ਅਧੂਰੇ ਇਰਾਦੇ!
ਸੋਚਦਾ ਹਾਂ ਕਿ ਮੈਨੂੰ ਉਸ ਧਰਤੀ ਦੀ ਫੇਰੀ ਪਾ ਲੈਣੀ ਚਾਹੀਦੀ ਹੈ। ਵਿਰਕ ਤੇ ਸੰਤ ਸੇਖੋਂ ਦੀਆਂ ਕਹਾਣੀਆਂ ਵਿੱਚੋਂ ਉਸ ਪੰਜਾਬ ਦਾ ਬਿੰਬ ਉੱਭਰਦਾ ਵੇਖਿਆ ਹੈ। ਜਲੰਧਰ ਵੱਸਦੇ ਲਾਹੌਰੀਆਂ ਕੋਲੋਂ ਓਧਰ ਦੀਆਂ ਗੱਲਾਂ ਸੁਣੀਆਂ ਨੇ। ਹੁਣ ਅਸੀਂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਦੀਦਾਰ ਲਈ ਓਧਰ ਜਾ ਸਕਦੇ ਸਾਂ ਪਰ ਕੋਰੋਨਾ ਵਬਾ ਦੀ ਵਜ੍ਹਾ ਨਾਲ ਕਰਤਾਰਪੁਰ ਲਾਂਘਾ ਵੀ ਤਬਾਹ ਓ ਬਰਬਾਦ ਹੋ ਰਿਹੈ, ਫਿਰਕੂ ਹਾਕਮਾਂ ਨੂੰ ਪੰਜਾਬੀ ਪਿਆਰਿਆਂ ਨੂੰ ਮਿਲਣੋਂ ਹਟਾਉਣ ਲਈ ਕੁਦਰਤੀ ਬਹਾਨਾ ਜੁ ਲੱਭ ਪਿਐ।
(10)
ਗੱਲ, ਪੰਜਾਬੀਆਂ ਦੀ ਨਿੱਕੀ ਭੈਣ ਅਬੀਰਾ ਦੀ
ਏਸੇ ਦੌਰਾਨ ਯੂ ਟਿਊਬ ਤੇ ਹੋਰਨਾਂ ਸੋਸ਼ਲ ਪਲੇਟਫਾਰਮਜ਼ ਉੱਤੇ ਸੱਜਾਦ ਜਾਨੀ ਦੀ ਸ਼ਾਗਿਰਦਾ ਅਬੀਰਾ ਖਾਨ ਵੀ ਚੜ੍ਹਤ ਦਰਜ ਕਰਵਾ ਰਹੀ ਹੈ। you tube ਉੱਤੇ fun time with abeera ਸਿਰਲੇਖ ਤਹਿਤ ਉਹ ਪੰਜਾਬੀ ਬੋਲੀ ਵਿਚ ਹਾਸੇ ਠੱਠੇ ਵਾਲਾ ਸ਼ੋ ਚਲਾ ਰਹੀ ਹੈ। ਵੇਖਣ ਨੂੰ ਭਾਵੇਂ ਓਹ ਸੋਚਵਾਨ ਨਹੀਂ ਲੱਗਦੀ ਪਰ ਓਹਦਾ ਕੰਮ ਪੰਜਾਬੀ ਕੌਮ ਲਈ ਫਾਇਦੇਮੰਦ ਹੈ। ਏਸੇ ਸਿਲਸਿਲੇ ਵਿਚ ਹੋਰ ਪੰਜਾਬੀ ਪਿਆਰਿਆਂ ਬਾਰੇ ਅਗਲੇ ਕਾਲਮ ਵਿਚ ਗੱਲ ਕਰਾਂਗੇ। ?
# ਸੰਪਰਕ : ਯਾਦ ਮੈਨਸ਼ਨ
ਪਿੰਡ ਸਰੂਪ ਨਗਰ- ਰਾਓਵਾਲੀ, ਪਠਾਨਕੋਟ ਸ਼ਾਹਰਾਹ, ਜਲੰਧਰ।
[email protected]
+919465329617