ਸੁਫਨਾ 

 ਸੁਕਰ ਦੀਨ ਕਾਮੀਂ

(ਸਮਾਜ ਵੀਕਲੀ)

ਘਰਵਾਲੀ-
ਰਾਤੀ ਮਾਹੀਆ ਸੁਫਨੇ ਨੇਂ, ਇੱਕ ਬੜਾ ਸਤਾਇਆ ਸੀ।
ਰੱਜ ਕੇ ਘਰੇ ਸ਼ਰਾਬ ਨਾਲ ਤੂੰ, ਕਿਧਰੋਂ ਆਇਆ ਸੀ।
ਪਤਾ ਨਹੀਂ ਸੀ ਕੌਣ ਤੈਨੂੰ, ਰਿਹਾ ਭੜਕਾਉਂਦਾ ਵੇ ।
ਸਾਰੀ ਰਾਤ ਹੀ ਰਿਹਾ ਮੇਰੇ ਤੇ, ਡਾਂਗ ਵਰਾਉਂਦਾ ਵੇ।
ਘਰਵਾਲਾ –
ਕੁੱਤ ਕਲੇਸ਼ ਤੂੰ ਘਰ ਆਉਂਦਿਆਂ ਨੂੰ, ਪਾਇਆ ਹੋਣਾ ਏਂ।
ਠਾਣੇਦਾਰਨੀ ਵਾਂਗੂੰ ਰੋਅਬ, ਦਿਖਾਇਆ ਹੋਣਾ ਏਂ।
ਸੱਟ ਵਜੇ ਨਾਂ ਜੇਕਰ, ਸ਼ੀਸ਼ਾ ਤਿੜਦਾ ਨਹੀਂ ਹੁੰਦਾ।
ਬਿਨਾਂ ਛੇੜਿਆਂ ਕਦੇ ਸ਼ਰਾਬੀ,ਛਿੜਦਾ ਨਹੀਂ ਹੁੰਦਾ।
ਘਰਵਾਲੀ-
ਬੂਹੇ ਅੱਗੇ ਸ਼ਰੀਕੇ ਦਾ ਵੀ ਮੇਲਾ ਭਰਿਆ ਸੀ।
ਡਾਂਗ ਫੜਨ ਦਾ ਹੱਥੋਂ,ਨਹੀਂ ਕਿਸੇ ਜਿਗਰਾ ਕਰਿਆ ਸੀ।
ਕੋਈ ਨਹੀਂ ਸੀ ਬਾਂਹ ਫੜ ਜੋ,ਤੈਨੂੰ ਸਮਝਾਉਂਦਾ ਵੇ ।
ਸਾਰੀ ਰਾਤ ਹੀ ਰਿਹਾ ਮੇਰੇ ਤੇ,ਡਾਂਗ ਵਰਾਉਂਦਾ ਵੇ।
ਘਰਵਾਲਾ-
ਬਣਦੀ ਹੋਣੀਂ ਆਪਣੇ ਆਪ ਚ,ਤੂੰ ਹੁਸ਼ਿਆਰ ਬਿਲੋ।
ਕੁੱਟ ਖਾਵਣ ਦਾ ਹੋਇਆ ਹੋਣਾ, ਭੂਤ  ਸਵਾਰ ਬਿਲੋ।
ਕਾਯਰ ਵਿੱਚ ਮੈਦਾਨਾਂ ਦੇ ਕਦੇ,ਭਿੜਦਾ ਨਹੀਂ ਹੁੰਦਾ।
ਬਿਨਾਂ ਛੇੜਿਆਂ ਕਦੇ ਸ਼ਰਾਬੀ, ਛਿੜਦਾ ਨਹੀਂ ਹੁੰਦਾ।
ਘਰਵਾਲੀ-
ਬੋਲ ਪਾਠੀ ਨੇਂ ਐਨੇਂ ਸੁੱਤੀ ਨੀਂਦ ਜਗਾ ਲਿਆ ਵੇ।
ਸੁਕਰ ਮਨਾਇਆ ਸੁਫਨਾ ਹੀ ਸੀ “ਕਾਮੀ ਵਾਲਿਆ” ਵੇ।
ਬਿਨਾਂ ਗੱਲ ਤੋਂ ਚੰਗੀ ਭਲੀ ਨੂੰ, ਰਿਹਾ ਡਰਾਉਂਦਾ ਵੇ।
ਸਾਰੀ ਰਾਤ ਹੀ ਰਿਹਾ ਮੇਰੇ ਤੇ, ਡਾਂਗ ਵਰਾਉਂਦਾ ਵੇ।
ਘਰਵਾਲਾ-
ਸੁਫਨਾ ਤੇਰਾ “ਖ਼ਾਨ”ਨੂੰ ਸਿੱਧੇ ਰਾਹ ਤੇ, ਪਾ ਗਿਆ ਨੀਂ।
ਜੜ ਸਿਆਪਿਆਂ ਦੀ ਦਾਰੂ,ਇਹੋ ਗੱਲ ਸਮਝਾ ਗਿਆ ਨੀਂ।
ਟਾਹਣੀ ਨਾਲੋਂ  ਟੁੱਟ ਗਿਆ ਫੁੱਲ , ਖਿੜਦਾ ਨਹੀਂ ਹੁੰਦਾ
ਬਿਨਾਂ ਛੇੜਿਆਂ ਕਦੇ ਸ਼ਰਾਬੀ, ਛਿੜਦਾ ਨਹੀਂ ਹੁੰਦਾ।
    ਸੁਕਰ ਦੀਨ ਕਾਮੀਂ ਖੁਰਦ 
      9592384393
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੰਗ ਬਰੱਸ਼ ਤੇ ਕੈਨਵਸ 
Next articleਕਵਿਤਾ