ਬੀਨਾ ਬਾਵਾ, ਲੁਧਿਆਣਾ
(ਸਮਾਜ ਵੀਕਲੀ) ਜਗਦੀਪ ਦੇ ਮਾਤਾ ਪਿਤਾ ਦੋਵਾਂ ਦੀ ਬਚਪਨ ਵਿੱਚ ਹੀ ਮੌਤ ਹੋ ਜਾਣ ਕਰਕੇ ਉਸਨੂੰ ਉਹਦੇ ਤਾਏ ਤਾਈ ਨੇ ਹੀ ਪਾਲ਼ਿਆ ਸੀ|ਉਹਨਾਂ ਦੀ ਆਪਣੀ ਇੱਕ ਹੀ ਧੀ ਸੀ ਜੱਸੀ ਤੇ ਜਗਦੀਪ ਨੂੰ ਉਹ ਆਪਣਾ ਪੁੱਤ ਹੀ ਮੰਨਦੇ ਸੀ|ਜਗਦੀਪ ਦੀ ਕਿਸਮਤ ਇਸ ਪੱਖੋਂ ਚੰਗੀ ਸੀ ਕਿ ਉਸ ਅਨਾਥ ਨੂੰ ਤਾਈ-ਤਾਏ ਨੇ ਕਦੇ ਮਾਂ- ਬਾਪ ਦੀ ਕਮੀ ਮਹਿਸੂਸ ਹੀ ਨਾ ਹੋਣ ਦਿੱਤੀ|ਤਾਈ ਜਗਦੀਪ ਨਾਲ਼ ਤਾਏ ਦੀਆਂ ਪਹਿਲੀ ਉਮਰੇ ਕੀਤੀਆਂ ਵਧੀਕੀਆਂ ਬਾਰੇ ਵੀ ਢਿੱਡ ਫ਼ਰੋਲ ਲੈਂਦੀ ਸੀ|ਉਸਨੂੰ ਤਾਏ ਤੇ ਵੱਡਾ ਗਿਲਾ ਸੀ ਕਿ ਵਿਆਹ ਵੇਲੇ ਤਾਏ ਨੇ ਅੜ ਕੇ ਦਾਜ ਵਿੱਚ ਉਨ੍ਹਾਂ ਸਮਿਆਂ ਵਿੱਚ ਸਾਈਕਲ ਲੈਣ ਦੀ ਜ਼ਿਦ ਪੁਗਾਈ ਸੀ ਜਦੋਂ ਸਾਈਕਲ ਵੀ ਅੱਜ ਦੇ ਸਮੇਂ ਦੀ ਵੱਡੀ ਗੱਡੀ ਵਾਂਗ ਖਰੀਦਣਾ ਔਖਾ ਸੀ|
ਤਾਏ ਨੂੰ ਆਪਣੀ ਜਾਇਦਾਦ, ਆਪਣੀ ਅਮੀਰੀ ਦਾ ਬਹੁਤ ਘੁਮੰਡ ਸੀ, ਉਸਨੇ ਜੱਸੀ ਨੂੰ ਵਿਆਹੁਣ ਸਮੇਂ ਕਾਰ ਦੇ ਨਾਲ਼ ਨਾਲ਼ ਆਹਲਾ ਦਰਜੇ ਦਾ ਘਰੇਲ਼ੂ ਸਮਾਨ ਦਾਜ ਵਿੱਚ ਦਿੱਤਾ|ਜੱਸੀ ਦੇ ਸਹੁਰਿਆਂ ਨੂੰ ਐਸਾ ਲਾਲਚ ਵਧਿਆ ਕਿ ਛੇ ਸਾਲਾਂ ਬਾਦ ਵੀ ਉਨ੍ਹਾਂ ਦੀਆਂ ਮੰਗਾ ਟੁੱਟੇ ਛਿੱਤਰ ਵਾਂਗੂੰ ਵਧਦੀਆਂ ਜਾ ਰਹੀਆਂ ਸਨ, ਥੋੜ੍ਹੀ ਬਹੁਤ ਢਿੱਲ ਮੱਠ ਹੋਣ ਤੇ ਹੀ ਜੱਸੀ ਨੂੰ ਮਿਹਣੇ ਸੁਣਨੇ ਪੈਂਦੇ ਸਨ, ਜਿਸ ਕਰਕੇ ਉਹ ਵੀ ਤਾਈ ਜਾਂ ਜਗਦੀਪ ਨਾਲ਼ ਹੀ ਦੁੱਖ ਸੁੱਖ ਸਾਂਝੇ ਕਰਦੀ|ਜਗਦੀਪ ਦੇ ਮਨ ਵਿੱਚ ਦਹੇਜ ਪ੍ਰਥਾ ਦੇ ਪ੍ਰਤੀ ਬੜੀ ਘ੍ਰਿਣਾ ਪੈਦਾ ਹੋ ਚੁੱਕੀ ਸੀ|ਉਸਨੇ ਸੌਂਹ ਖਾਧੀ ਕਿ ਉਹ ਆਪਣੇ ਸਹੁਰਿਆਂ ਤੋਂ ਦਾਜ ਲਏ ਬਿਨਾਂ ਆਪਣੀ ਜੀਵਨ ਸੰਗਣੀ ਨੂੰ ਵਿਆਹ ਕੇ ਲਿਆਵੇਗਾ|
ਜਦੋਂ ਤਾਏ ਨੇ ਜਗਦੀਪ ਦਾ ਰਿਸ਼ਤਾ ਕਮਲਜੀਤ ਨਾਲ਼ ਪੱਕਾ ਕੀਤਾ ਤਾਂ ਦਾਜ ਦਹੇਜ ਦੀ ਚਰਚਾ ਛਿੜੀ, ਤਾਏ ਦੇ ਬੋਲਣ ਤੋਂ ਵੀ ਪਹਿਲਾਂ ਜਗਦੀਪ ਬੋਲਿਆ,”ਜਿਹੜਾ ਬਾਪ ਆਪਣੀ ਸੰਸਕਾਰੀ ਧੀ ਪਾਲ ਪੋਸ ਕੇ, ਪੜ੍ਹਾ ਲਿਖਾ ਕੇ ਮੇਰੀ ਜੀਵਨ ਸਾਥਣ ਬਣਾਉਣ ਲੱਗਿਆ ਹੈ, ਉਸ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਆਪਣੀ ਲਾਡੋ ਨੂੰ ਸਿਰਫ਼ ਚੰਗੇ ਸੰਸਕਾਰਾਂ ਦਾ ਦਹੇਜ ਦੇ ਕੇ ਵਿਦਾ ਕਰੇ ਤਾਂ ਜੋ ਉਹ ਸਾਡੇ ਘਰੇ ਆ ਕੇ ਇਸ ਘਰ ਨੂੰ ਆਪਣਾ ਘਰ ਸਮਝੇ ਤੇ ਮੇਰੇ ਤਾਇਆ ਤਾਈ ਨੂੰ ਆਪਣੇ ਮਾ ਬਾਪ ਦਾ ਦਰਜਾ ਦੇਵੇ, ਨਾਂ ਫਰਨੀਚਰ, ਨਾਂ ਗੱਡੀਆਂ, ਨਾਂ ਗਹਿਣਾ ਗੱਟਾ ਤੇ ਨਾਂ ਹੀ ਕੋਈ ਨਕਦੀ ਹੀ ਚਾਹੀਦੀ ਹੈ|ਜੇ ਚੰਗੇ ਸੰਸਕਾਰਾਂ ਦੇ ਦਾਜ ਦਹੇਜ ਨਾਲ਼ ਸਜਕੇ ਕਮਲਜੀਤ ਕੌਰ ਆਉਣ ਨੂੰ ਤਿਆਰ ਹੈ ਤਾਂ ਇਹ ਮੈਂਨੂੰ ਵਿਆਹ ਮਨਜ਼ੂਰ ਹੈ|”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly