ਘਰਾਂ ਦੇ ਵਿਹੜਿਆਂ ਵਿੱਚੋਂ ਘੜੇ ਦੀ ਸਰਦਾਰੀ ਖ਼ਤਮ ਹੋਈ

(ਸਮਾਜ ਵੀਕਲੀ)

ਘੜਾ ਸਾਡੇ ਅਮੀਰ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ। ਘੜਾ ਆਪਣੇ ਠੰਢੇ ਅਤੇ ਸਿਹਤਮੰਦ ਪਾਣੀ , ਭਾਈਚਾਰਕ ਸਾਂਝ , ਖ਼ੁਸ਼ੀ – ਗ਼ਮੀ ਦੇ ਸੰਗੀ – ਸਾਥੀ ਅਤੇ ਲੋਕ ਸਾਜ਼ ਵਜੋਂ ਪੰਜਾਬੀਆਂ ਦੇ ਦਿਲਾਂ ਵਿੱਚ ਵਿਸ਼ਾਲ ਅਤੇ ਅਮਿੱਟ ਥਾਂ ਬਣਾਈ ਬੈਠਾ ਹੈ। ਘੜੇ ਦੇ ਪਾਣੀ ਦੀ ਸਿਫ਼ਤ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੇ ਸੰਤੋਖਮਈ ਠੰਢੇ ਪਾਣੀ ਦੀ ਰੀਸ ਮਹਿੰਗੇ ਤੋਂ ਮਹਿੰਗੇ ਅਤੇ ਵਧੀਆ ਤੋਂ ਵਧੀਆ ਫਰਿੱਜ , ਵਾਟਰ ਕੂਲਰ ਜਾਂ ਹੋਰ ਸਾਧਨ ਕਦੇ ਵੀ ਨਹੀਂ ਕਰ ਸਕਦੇ। ਘੜਾ ਘਰ ਦੀ ਸ਼ਾਨ , ਤ੍ਰਿਪਤੀ , ਠੰਢਕ ਅਤੇ ਸੰਤੋਖ ਦੀ ਨਿਸ਼ਾਨੀ ਰਿਹਾ ਹੈ।

ਮੁਟਿਆਰਾਂ ਖੂਹਾਂ ਤੋਂ ਪਾਣੀ ਲਿਆਉਣ ਸਮੇਂ ਘੜੇ ਦੀ ਵਰਤੋਂ ਕਰਦੀਆਂ ਸਨ ਅਤੇ ਹਾਸੇ – ਹਾਸੇ ਵਿੱਚ ਪਾਣੀ ਦੇ ਭਰੇ ਦੋ – ਦੋ ਘੜੇ ਸਿਰ ਉੱਤੇ ਚੁੱਕ ਲੈਂਦੀਆਂ ਸਨ। ਕਈ ਵਾਰ ਗਿੱਧਿਆਂ ਆਦਿ ਵਿੱਚ ਵੀ ਘੜੇ ਦੀ ਵਰਤੋਂ ਹੁੰਦੀ ਸੀ। ਸਾਜ ਦੇ ਤੌਰ ‘ਤੇ ਵੀ ਘੜਾ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਖ਼ੁਸ਼ੀ ਸਮੇਂ ਗੀਤ ਗਾਉਣ ਵੇਲੇ ਘੜੇ ਦੀ ਸਰਦਾਰੀ ਆਮ ਹੀ ਸੀ ਅਤੇ ਗਮੀ ਸਮੇਂ ਘੜਾ ਭੰਨਣਾ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਰਿਹਾ। ਘੜੇ ਉੱਤੇ ਰੰਗ – ਬਿਰੰਗੀ ਕਲਾਕਾਰੀ ਅਤੇ ਚਿੱਤਰਕਾਰੀ ਵੀ ਕੀਤੀ ਜਾਂਦੀ ਹੁੰਦੀ ਸੀ। ਘੜੇ ਦੇ ਪਾਣੀ ਵਿੱਚ ਮੌਜੂਦ ਸਿਹਤਮੰਦ ਤੱਤ ਹੋਰ ਦੂਜੇ ਪਾਣੀਆਂ ਵਿੱਚ ਨਹੀਂ ਮਿਲਦੇ।

ਪੁਰਾਤਨ ਲੋਕ ਰਾਤ ਨੂੰ ਘੜੇ ਵਿੱਚ ਰੱਖੇ ਪਾਣੀ ਨੂੰ ਸਵੇਰੇ – ਸੁਵੱਖਤੇ ਉੱਠ ਕੇ ਪੀਂਦੇ ਸਨ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦੇ ਸਨ। ਘੜਾ ਹਰ ਰੁੱਤ ਵਿੱਚ ਹਰ ਥਾਂ ਸਾਡੇ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਉਂਦਾ ਰਿਹਾ ਹੈ। ਘੜੇ ਦੀ ਮੌਜੂਦਗੀ ਸਾਡੇ ਘਰਾਂ – ਵਿਹੜਿਆਂ ਤੇ ਰਸੋਈਆਂ ਵਿੱਚੋਂ ਘੱਟ ਜਾਣ ਕਰਕੇ ਅੱਜ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਮਨੁੱਖ ਨੂੰ ਘੇਰ ਲਿਆ ਹੈ ਅਤੇ ਨਾਲ ਹੀ ਘੜੇ ਬਣਾਉਣ ਤੇ ਘਰ – ਘਰ ਹੋਕੇ ਦੇ ਕੇ ਘੜੇ ਵੇਚਣ ਦਾ ਕਿੱਤਾ ਅਤੇ ਪਛਾਣ ਵੀ ਮਿਟਦੀ ਜਾ ਰਹੀ ਹੈ। ਸਾਡੇ ਸੱਭਿਆਚਾਰਕ ਗੀਤਾਂ ਅਤੇ ਲੋਕ ਗੀਤਾਂ ਵਿੱਚ ਘੜੇ ਦਾ ਜ਼ਿਕਰ ਆਮ ਹੀ ਮਿਲਦਾ ਹੈ।

ਸੋਹਣੀ ਮਹੀਂਵਾਲ ਦੀ ਅਮਰ ਕਹਾਣੀ ਵੀ ਘੜੇ ‘ਤੇ ਹੀ ਆਧਾਰਿਤ ਹੈ। ਘੜੇ ਨੇ ਸਾਡੇ ਦੁੱਖਾਂ – ਸੁੱਖਾਂ , ਆਪਸੀ ਸਾਂਝ , ਸੱਭਿਆਚਾਰਕ ਅਤੇ ਤੰਦਰੁਸਤੀ ਪੱਖੋਂ ਸਾਡੇ ਦਿਲੋ – ਦਿਮਾਗ ‘ਤੇ ਰਾਜ ਕੀਤਾ ਅਤੇ ਸਾਡੀਆਂ ਯਾਦਾਂ ਦਾ ਹਿੱਸਾ ਰਿਹਾ। ਸ਼ਹਿਰੀਕਰਨ , ਆਧੁਨਿਕਤਾ ਦੀ ਹੋੜ ਅਤੇ ਸੱਭਿਆਚਾਰਕ ਜਾਗਰੂਕਤਾ ਦੀ ਘਾਟ ਸਦਕਾ ਅੱਜ ਸਾਡੀਆਂ ਰਸੋਈਆਂ , ਘਰਾਂ ਅਤੇ ਵਿਹੜਿਆਂ ਵਿੱਚੋਂ ਘੜੇ ਦੀ ਹੋਂਦ ਅਤੇ ਸਰਦਾਰੀ ਖ਼ਤਮ ਹੀ ਹੋ ਰਹੀ ਹੈ , ਪਰ ਜਿਹੜੇ ਸੁਭਾਗੇ ਬੰਦਿਆਂ ਨੇ ਘੜੇ ਦੇ ਸੰਗ ਜੀਵਨ ਦਾ ਕੁਝ ਸਮਾਂ ਬਤੀਤ ਕੀਤਾ ਹੋਇਆ ਹੋਵੇਗਾ , ਉਨ੍ਹਾਂ ਵਡਭਾਗਿਆਂ ਅਤੇ ਖ਼ੁਸ਼ਕਿਸਮਤ ਪੰਜਾਬੀਆਂ ਨੂੰ ਕਦੇ ਤਾਂ ਘੜੇ ਦੀ ਯਾਦ ਜ਼ਰੂਰ ਆਉਂਦੀ ਹੋਵੇਗੀ ਅਤੇ ਕਿਤੇ ਨਾ ਕਿਤੇ ਉਨ੍ਹਾਂ ਦੇ ਦਿਲੋ – ਦਿਮਾਗ ਵਿੱਚ ਘੜੇ ਲਈ ਜ਼ਰੂਰ ਥਾਂ , ਪਿਆਰ , ਸਤਿਕਾਰ ਤੇ ਭਾਵਨਾਵਾਂ ਹੋਣਗੀਆਂ।

ਅੰਤਰਰਾਸ਼ਟਰੀ ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੇਰੇ ਪੰਜਾਬ ਅਕੈਡਮੀ ਕੈਲੀਫ਼ੋਰਨੀਆ ਪੰਜਾਬ ਦੇ ਮੈਦਾਨਾ ਵਿੱਚ ਧਾਕ ਜਮਾਉਣ ਲਈ ਤਿਆਰ- ਲੱਛਰ ਬ੍ਰਦਰਜ
Next articleਗੰਭੀਰਪੁਰ ਲੋਅਰ ਸਕੂਲ ਵਿੱਚ ਮਨਾਇਆ ” ਬਾਲ ਮੇਲਾ “