ਗੁਜਰਾਤ ਦੇ ਇੱਕ ਕਿਸਾਨ ਨੇ ਆਪਣੀ ਕਬਾੜ ਹੋਈ ‘ਲੱਕੀ ਕਾਰ’ ਦਾ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰਕੇ ਅਨੋਖਾ ਇਤਿਹਾਸ ਰਚਿਆ।
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਇੰਨਸਾਨੀ ਇਤਿਹਾਸ ‘ਚ ਅਕਸਰ ਕਈ ਅਜਿਹੀਆਂ ਅਜੀਬੋਗਰੀਬ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਜੋ ਸਾਧਾਰਣ ਜਿੰਦਗੀ ਨੂੰ ਚੁਣੌਤੀ ਦੇਣ ਵਾਲੀਆਂ ਹੁੰਦੀਆਂ ਹਨ। ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪਿੰਡ ਪਡਰਸਿੰਗਾ ਵਿੱਚ ਵਾਪਰੀ ਇੱਕ ਅਜਿਹੀ ਹੀ ਘਟਨਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਘਟਨਾ ਵਿੱਚ ਇੱਕ ਕਿਸਾਨ ਨੇ ਆਪਣੀ ਸੈਕਿੰਡ ਹੈਂਡ ਕਾਰ ਨੂੰ ਮਿੱਟੀ ‘ਚ ਦੱਬ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਸ ਲਈ ਕਿ ਇਹ ਕਾਰ ਉਸਦੇ ਲਈ “ਲੱਕੀ ਕਾਰ” ਸੀ ਜਿਸਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਸੀ।
ਸੰਜੇ ਪੋਰਲਾ, ਪਡਰਸਿੰਗਾ ਪਿੰਡ ਦੇ ਇੱਕ ਕਿਸਾਨ ਜੋ ਪਿਛਲੇ ਦਸ ਸਾਲਾਂ ਤੋਂ ਇਸ ਕਾਰ ਦੀ ਵਰਤੋਂ ਕਰ ਰਿਹਾ ਸੀ। ਇਹ ਕਾਰ ਉਸਨੇ ਸੈਕਿੰਡ ਹੈਂਡ ਹੀ ਖਰੀਦੀ ਸੀ ਅਤੇ ਜਦੋਂ ਤੋ ਉਸਨੇ ਇਹ ਕਾਰ ਖਰੀਦੀ ਉਸ ਦੀ ਆਰਥਿਕ ਹਾਲਾਤ ਦਿਨੋਂ ਦਿਨ ਠੀਕ ਹੁੰਦੀ ਗਈ। ਉਸਦੇ ਲਈ ਇਹ ਕਾਰ ਮਾਤਰ ਇੱਕ ਸਵਾਰੀ ਦਾ ਵਸੀਲਾ ਨਹੀਂ ਸੀ, ਸਗੋਂ ਉਸਦੀ ਕਿਸਮਤ ਦਾ ਚਿੰਨ੍ਹ ਸੀ, ਜਿਸ ਨੇ ਉਸਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਇਸ ਕਾਰ ਨੇ ਉਸਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਸੁਖ-ਸਮ੍ਰਿੱਧੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਜਦੋਂ ਕਾਰ ਬੇਕਾਰ ਹੋ ਗਈ ਅਤੇ ਉਸਨੂੰ ਵੇਚਣ ਬਾਰੇ ਸੋਚਿਆ ਗਿਆ, ਤਾਂ ਸੰਜੇ ਦੇ ਮਨ ਵਿੱਚ ਉਸਦੇ ਨਾਲ ਜੁੜੀ ਜਜ਼ਬਾਤੀ ਕਹਾਣੀ ਨੇ ਜਨਮ ਲਿਆ। ਕਾਰ ਨੂੰ ਸਕਰੈਪ ਵਿੱਚ ਵੇਚਣ ਦੀ ਵਜਾਏ ਉਸਨੇ ਇਸ ਨੂੰ ਇੱਜਤ ਦੇਣ ਦਾ ਫੈਸਲਾ ਕੀਤਾ। ਉਸਨੇ ਇਸ ਕਾਰ ਨੂੰ ਇੱਕ ਅੰਤਿਮ ਸੰਸਕਾਰ ਦੇ ਕੇ ਦਫ਼ਨਾਉਣ ਦਾ ਅਨੋਖਾ ਇਤਿਹਾਸ ਰਚਿਆ।
ਕਾਰ ਨੂੰ ਦੱਬਣ ਤੋਂ ਪਹਿਲਾਂ, ਪਿੰਡ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਜੋ ਕਿਸੇ ਮਸ਼ਹੂਰ ਹਸਤੀ ਦੇ ਅੰਤਿਮ ਸੰਸਕਾਰ ਤੋਂ ਘੱਟ ਨਹੀਂ ਸੀ। ਕਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਡੀ ਜੇ ਸੰਗੀਤ ਦੇ ਨਾਲ ਇਸ ਦੀ “ਅੰਤਿਮ ਯਾਤਰਾ” ਕੱਢੀ ਗਈ। ਪਿੰਡ ਦੇ ਕਰੀਬ 1500 ਲੋਕਾਂ ਨੇ ਇਸ ‘ਚ ਭਾਗ ਲਿਆ ਅਤੇ ਇਸ ਸਮੇਂ ਨੂੰ ਇੱਕ ਯਾਦਗਾਰ ਪਲ ਬਣਾਇਆ। ਸਮਾਗਮ ਵਿੱਚ ਡੀ ਜੇ ਵਜਾਉਣ ਤੋਂ ਇਲਾਵਾ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਫੇਰ ਫੁੱਲਾਂ ਨਾਲ ਸਜੀ ਕਾਰ ਨੂੰ ਰੀਤੀ ਰਿਵਾਜਾਂ ਨਾਲ 15 ਫੁੱਟ ਡੂੰਘੇ ਟੋਏ ਵਿੱਚ ਦੱਬਿਆ ਗਿਆ। ਸੰਜੇ ਨੇ ਕਾਰ ਨੂੰ ਦਫ਼ਨਾਉਣ ਵਾਲੀ ਜਗ੍ਹਾ ਤੇ ਇੱਕ ਰੁੱਖ ਲਗਾਉਣ ਦਾ ਫੈਸਲਾ ਵੀ ਕੀਤਾ। ਇਸ ਰੁੱਖ ਨਾਲ ਉਹ ਕਾਰ ਦੀ ਯਾਦ ਨੂੰ ਸਦਾ ਲਈ ਜਿੰਦਾ ਰੱਖਣ ਦੀ ਕੋਸ਼ਿਸ਼ ਕੀਤੀ।
ਇਸ ” ਲੱਕੀ ਕਾਰ” ਦੀ ਘਟਨਾ ਨੇ ਸਾਬਿਤ ਕੀਤਾ ਕਿ ਮਨੁੱਖੀ ਭਾਵਨਾਵਾਂ ਕਦੇ-ਕਦੇ ਸਮਝ ਤੋਂ ਪਰੇ ਹੁੰਦੀਆਂ ਹਨ। ਸੰਜੇ ਲਈ ਇਹ ਕਾਰ ਸਿਰਫ਼ ਕਬਾੜ ਹੀ ਨਹੀ ਸੀ, ਉਸਦੇ ਮਨ ਵਿੱਚ ਉਸਦੀ ਸਫਲਤਾ ਦਾ ਪ੍ਰਤੀਕ ਵੀ ਬਣੀ ਰਹੀ। ਉਹ ਇਸਨੂੰ ਸਕਰੈਪ ਵਜੋਂ ਵੇਚ ਕੇ ਉਸਦੇ ਨਾਲ ਜੁੜੇ ਜਜ਼ਬਾਤਾਂ ਨੂੰ ਅਣਵੇਖਿਆ ਨਾ ਕਰ ਸਕਿਆ।
ਇਸ ਘਟਨਾ ਦੀ ਖਬਰ ਜਦੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ। ਕੁਝ ਲੋਕਾਂ ਨੇ ਇਸਨੂੰ ਮੂਰਖਤਾ ਅਤੇ ਪੈਸੇ ਦੀ ਬਰਬਾਦੀ ਕਰਾਰ ਦਿੱਤਾ, ਜਦਕਿ ਕਈ ਲੋਕਾਂ ਨੇ ਇਸਨੂੰ ਨਿੱਜੀ ਜਜ਼ਬਾਤਾਂ ਦੀ ਕਹਾਣੀ ਦਸਿਆ।
ਜਿੱਥੇ ਇਹ ਅਲੱਗ ਤਰ੍ਹਾਂ ਦੀ ਕਹਾਣੀ ਸਾਡੀ ਸਮਾਜਿਕ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਬਿਆਣ ਕਰਦੀ ਹੈ। ਉੱਥੇ ਹੀ ਇਹ ਸਾਡੀਆਂ ਭਾਵਨਾਵਾਂ ਨੂੰ ਸਮਝਣ ਦਾ ਮੌਕਾ ਵੀ ਦਿੰਦੀ ਹੈ। ਇਹ ਘਟਨਾ ਸਾਡੇ ਸਾਹਮਣੇ ਕਿਸਮਤ ਅਤੇ ਜਜ਼ਬਾਤਾਂ ਦੀ ਮਹੱਤਤਾ ਨੂੰ ਪੇਸ਼ ਕਰਦੀ ਹੈ।
ਇਹ ਸਮਾਜ ਲਈ ਇੱਕ ਸੰਦੇਸ਼ ਹੈ ਕਿ ਨਿੱਜੀ ਵਸਤੂਆਂ ਨਾਲ ਜੋੜੇ ਜਜ਼ਬਾਤ ਕਿਵੇਂ ਮਨੁੱਖੀ ਜੀਵਨ ਵਿੱਚ ਗੂੜ੍ਹਾ ਸੰਬਧ ਰੱਖਦੇ ਹਨ।
ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly