ਅਲੋਪ ਹੋ ਰਿਹਾ “ਚੁੱਲ੍ਹੇ ਨਿਉਂਦੇ” ਦਾ ਰਿਵਾਜ਼

ਪੁਰਾਤਨ ਸਮਿਆਂ ਵਿੱਚ ਜਦੋਂ ਵੀ ਕਿਸੇ ਪਿੰਡ ਜਾਂ ਪਰਿਵਾਰ ਵਿੱਚ ਵਿਆਹ ਹੁੰਦਾ ਤਾਂ ਸਮੂਹ ਭਾਈਚਾਰੇ ਦੇ ਰਿਸ਼ਤੇਦਾਰਾਂ ਅਤੇ ਆਂਡ- ਗੁਆਂਡ ਨੂੰ “ਚੁੱਲ੍ਹੇ ਨਿਉਂਦੇ” ਦਾ ਸੱਦਾ ਭੇਜਿਆ ਜਾਂਦਾ।
ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਪੰਜਾਬੀ ਸਭਿਆਚਾਰ ਆਪਣੇ ਵਿਅਕਤੀਗਤ ਤੇ ਭਾਈਚਾਰਕ ਰਵਾਇਤਾਂ ਲਈ ਪ੍ਰਸਿੱਧ ਹੈ। ਇਹੋ ਜਿਹੀ ਹੀ ਇੱਕ ਰਵਾਇਤ ਹੈ “ਚੁੱਲ੍ਹੇ ਨਿਉਂਦੇ” ਦੀ, ਜੋ ਪੰਜਾਬੀ ਵਿਆਹਾਂ ਦੀ ਆਪਸੀ ਸਾਂਝ ਅਤੇ ਮਿਲਣਵਰਤਨ ਦਾ ਪ੍ਰਤੀਕ ਹੈ। ਸਮੂਹਿਕ ਜੀਵਨ ਦੀ ਰੌਣਕ ਬਣੀ ਇਹ ਪਰੰਪਰਾ ਅੱਜ ਆਧੁਨਿਕਤਾ ਦੀ ਝਲਕ ਵਿੱਚ ਅਲੋਪ ਹੁੰਦੀ ਜਾ ਰਹੀ ਹੈ।

ਪੁਰਾਤਨ ਸਮਿਆਂ ਵਿੱਚ ਜਦੋਂ ਵੀ ਕਿਸੇ ਪਿੰਡ ਜਾਂ ਪਰਿਵਾਰ ਵਿੱਚ ਵਿਆਹ ਹੁੰਦਾ ਤਾਂ ਸਮੂਹ ਭਾਈਚਾਰੇ ਦੇ ਰਿਸ਼ਤੇਦਾਰਾਂ ਅਤੇ ਆਂਡ- ਗੁਆਂਡ ਨੂੰ “ਚੁੱਲ੍ਹੇ ਨਿਉਂਦੇ” ਦਾ ਸੱਦਾ ਭੇਜਿਆ ਜਾਂਦਾ। ਜਿਸ ਪਰਿਵਾਰ ਨੂੰ ਇਹ ਸੱਦਾ ਮਿਲਦਾ ਉਹ ਆਪਣੇ ਘਰ ਦਾ ਚੁੱਲ੍ਹਾ ਚੌਂਕਾ ਬੰਦ ਰੱਖ ਵਿਆਹ ਵਾਲੇ ਘਰ ‘ਚ ਹੀ ਖਾਣ-ਪੀਣ ਕਰਦੇ ਤੇ ਕੰਮ ਕਾਜ਼ ‘ਚ ਹੱਥ ਵਟਾਉਂਦੇ। ਇਹ ਰਵਾਇਤ ਨਾ ਕੇਵਲ ਵਿਅਕਤੀਗਤ ਸੰਬੰਧਾਂ ਨੂੰ ਮਜ਼ਬੂਤ ਕਰਦੀ ਬਲਕਿ ਵਿਆਹ ਦੀਆਂ ਤਿਆਰੀਆਂ ਵਿੱਚ ਉਨ੍ਹਾਂ ਵਲੋਂ ਯੋਗਦਾਨ ਵੀ ਪਾਉਂਦੀ।
ਇਸ ਰਸਮ ਤਹਿਤ ਸੱਜਣ-ਸੰਬੰਧੀ ਆਪਣੇ ਘਰੋਂ ਆਟਾ, ਦਾਲ, ਚੌਲ, ਗੁੜ, ਘਿਉ ਅਤੇ ਹੋਰ ਲੋੜੀਂਦੀਆਂ ਵਸਤੂਆਂ ਲੈ ਕੇ ਆਉਂਦੇ, ਜੋ ਕਿ ਵਿਆਹ-ਸ਼ਗਨ ਦੀਆਂ ਰਸਮਾਂ ਵਿੱਚ ਵਰਤੀਆਂ ਜਾਂਦੀਆਂ। ਇਹ ਪੰਜਾਬੀ ਸਭਿਆਚਾਰ ਦੀ ਉਹ ਰਵਾਇਤ ਸੀ ਜਿੱਥੇ ਭਾਈਚਾਰਕ ਸਹਿਯੋਗ ਦੀ ਮਹਿਕ ਵੀ ਹੁੰਦੀ।
“ਚੁੱਲ੍ਹੇ ਨਿਉਂਦੇ” ਦੌਰਾਨ ਪਰਿਵਾਰ ਦੇ ਮਰਦ ਪਹਿਲਾਂ ਭੋਜਨ ਕਰਦੇ ਅਤੇ ਔਰਤਾਂ ਉਨ੍ਹਾਂ ਤੋਂ ਬਾਅਦ। ਭੋਜਨ ਸਧਾਰਣ ਪਰ ਪਰੰਪਰਾਵਾਦੀ ਹੁੰਦਾਂ। ਇਹ ਸਾਰਾ ਖਾਣ-ਪੀਣ ਖੁੱਲ੍ਹੇ ਮਨ ਅਤੇ ਪਿਆਰ-ਮੁਹੱਬਤ ਨਾਲ ਵੰਡਿਆ ਜਾਂਦਾ। ਖਾਣੇ ਸਮੇਂ ਪਰੋਸਣ ਦਾ ਮੌਕਾ ਵੀ ਖਾਸ ਸੰਬੰਧੀਆਂ ਅਤੇ ਦੋਸਤਾਂ ਨੂੰ ਮਿਲਦਾ ਜੋ ਕਿ ਇੱਕ ਸਨਮਾਨ ਦੀ ਗੱਲ ਵੀ ਸਮਝੀ ਜਾਂਦੀ।
ਵਿਆਹ ਦੀਆਂ ਰਸਮਾਂ ਵਿਚ “ਚੁੱਲ੍ਹੇ ਨਿਉਂਦੇ ਤੇ ਆਉਣ ਵਾਲੇ ਸ਼ਰੀਕ-ਭਾਈਚਾਰੇ ਦੇ ਲੋਕ ਵਿਆਹੁੰਦੜੇ ਮੁੰਡੇ ਜਾਂ ਕੁੜੀ ਲਈ ਸ਼ਗਨ ਵਜੋਂ ਪੈਸੇ ਜਾਂ ਕੱਪੜੇ ਲੈ ਕੇ ਆਉਂਦੇ। ਇਸ ਦੌਰਾਨ, “ਲਾਗੀਏ ਲਾਗ” ਦੀ ਰਸਮ ਵੀ ਨਿਭਾਈ ਜਾਂਦੀ ਹੈ, ਜਿਸ ਅਧੀਨ ਲਾਗੀਆਂ ਨੂੰ ਲਾਗ ਦੇ ਤੌਰ ਤੇ ਪੈਸੇ ਜਾਂ ਕੱਪੜੇ ਵੀ ਭੇਟ ਕੀਤੇ ਜਾਂਦੇ ਹਨ। ਜਿੱਥੇ ਇਹ ਰਸਮ ਭਾਈਚਾਰੇ ਅਤੇ ਸੰਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਉੱਥੇ ਹੀ ਇਹ ਰਸਮ ਸਮਾਜਕ ਏਕਤਾ ਦੀ ਨਿਸ਼ਾਨੀ ਵਜੋਂ ਮੰਨੀ ਜਾਂਦੀ।
ਸਮਾਂ ਬਦਲਣ ਨਾਲ ਜਿਥੇ ਜ਼ਿੰਦਗੀ ਤੇਜ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ ਉਥੇ ਹੀ ਪੰਜਾਬੀ ਵਿਆਹਾਂ ਦੀਆਂ ਪੁਰਾਣੀਆਂ ਰਸਮਾਂ ਵੀ ਹੌਲੀ – ਹੌਲੀ ਖਤਮ ਹੁੰਦੀਆਂ ਜਾ ਰਹੀਆਂ ਹਨ। ਹੁਣ ਵਿਆਹ ਮੈਰਿਜ ਪੈਲੇਸਾਂ ਵਿੱਚ ਹੋਣ ਲੱਗੇ ਪਏ, ਜਿੱਥੇ ਪਲੇਟ ਸਿਸਟਮ ਆ ਗਿਆ । “ਚੁੱਲ੍ਹੇ ਨਿਉਂਦੇ” ਦਾ ਉਹ ਸੱਦਾ ਜੋਕਿ ਆਪਸੀ ਯੋਗਦਾਨ ਸੀ ਹੁਣ ਉਸ ਦੀ ਥਾਂ ਕੇਟ੍ਰਿੰਗ ਨੇ ਲੈ ਲਈ ਹੈ। ਭੋਜਨ ਦੀ ਪੰਗਤ ਜੋ ਪਹਿਲਾਂ ਜ਼ਮੀਨ ਤੇ ਬੈਠ ਕੇ ਪਰੋਸੀ ਜਾਂਦੀ, ਹੁਣ ਟੇਬਲ-ਚੇਅਰ ਦੀ ਟੌਹਰ ਬਣ ਚੁੱਕੀ ਹੈ। “ਲਾਗ” ਜੋ ਪਹਿਲਾਂ ਲਾਗੀਆਂ ਨੂੰ ਤੋਹਫੇ ਦੇ ਤੌਰ ‘ਤੇ ਦਿੱਤਾ ਜਾਂਦਾ ਹੁਣ ਉਹ ਪਲੇਟਾਂ ਲੈਕੇ ਭੱਜ ਰਹੇ ਵੇਟਰਾਂ ਨੂੰ “ਟਿੱਪ” ਦੇ ਰੂਪ ‘ਚ ਮਿਲਣ ਲੱਗ ਪਿਆ।
ਭਾਵੇਂ “ਚੁੱਲ੍ਹੇ ਨਿਉਂਦੇ” ਵਰਗੀਆਂ ਪ੍ਰਥਾਵਾਂ ਹੁਣ ਬਹੁਤ ਘੱਟ ਰਹਿ ਗਈਆਂ ਹਨ ਪਰ ਇਹ ਅੱਜ ਵੀ ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪੰਨਿਆ ‘ਚ ਆਪਣੀ ਮੌਜੂਦਗੀ ਦੀ ਗਵਾਹੀ ਦਿੰਦੀਆਂ ਹਨ। ਲੋੜ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਪਛਾਣੀਏ, ਜਿਨ੍ਹਾਂ ਰਸਮ-ਰਿਵਾਜਾਂ ਨੇ ਸਾਡੇ ਭਾਈਚਾਰੇ ਨੂੰ ਮਜ਼ਬੂਤ ਬਣਾਇਆ, ਉਨ੍ਹਾਂ ਨੂੰ ਸਿਰਫ਼ ਯਾਦਾਂ ਤੱਕ ਹੀ ਸੀਮਿਤ ਨਾ ਕਰੀਏ ਬਲਕਿ ਉਨ੍ਹਾਂ ਨੂੰ ਦੁਬਾਰਾ ਜੀਵੰਤ ਕਰਨ ਦੀ ਗੱਲ ਵੀ ਕਰੀਏ।
✍️ ਬਲਦੇਵ ਸਿੰਘ ਬੇਦੀ
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੀਐਸਪੀ ਉਂਕਾਰ ਸਿੰਘ ਬਰਾੜ ਵੱਲੋਂ ਜਨਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਧਰਨਾ ਲਗਾ ਕੇ ਜਨਤਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ – ਬਰਾੜ
Next article“ਦੀਪ ਕੋਟੜਾ ਵਾਲਾ” ਦੀਆਂ ਲਘੂ ਫਿਲਮਾਂ ਤੇ ਵੈੱਬਸੀਰੀਜ਼ ਮਿਲੀਅਨ ਵਿਊਜ਼ ਲੈ ਚਰਚਾਂ ਦਾ ਵਿਸ਼ਾ ਬਣਦੀਆਂ ਹਨ।