(ਸਮਾਜ ਵੀਕਲੀ)
ਕੁੜੇ ਜੀਤਾਂ ਤੇਰੀ ਮਾਂ ਕਿੰਨੀਂ ਚੰਗੀ ਏ,ਜੋ ਤੁਹਾਨੂੰ ਤਿੰਨੋਂ ਕੁੜੀਆਂ ਹੋਣ ਦੇ ਬਾਵਜੂਦ ਵੀ ਕਿੰਨਾ ਪਿਆਰ ਕਰਦੀ ਹੈ। ਕਦੀ ਕਦੀ ਤਾਂ ਉਹ ਜੀਤਾਂ ਦੀ ਮਾਂ ਨੂੰ ਵੀ ਆਖਦੀ,ਨੀ ਭਾਬੀ ਮੈਂ ਤਾਂ ਤੇਰੇ ਘਰ ਜਨਮ ਲੈਣਾ ਸੀ ਤੂੰ ਮੇਰੀ ਮਾਂ ਹੋਣੀਂ ਸੀ। ਤੂੰ ਤਿੰਨ ਧੀਆਂ ਦੀ ਮਾਂ ਹੋ ਕੇ ਕਿੰਨਾ ਪਿਆਰ ਕਰਦੀ ਏ, ਇੱਕ ਮੇਰੀ ਮਾਂ ਕੱਲੀ ਹਾਂ ਫਿਰ ਵੀ ਸਾਰਾ ਦਿਨ ਗੂਹੇ ਕੂੜੇ ਲਾਈ ਰੱਖਦੀ ਹੈ। ਨੀ ਆਜਾ ਭੈਣੇ ਸਕੂਲ ਤੋਂ ਪਹਿਲਾਂ ਹੀ ਲੇਟ ਹੋ ਗਈਆਂ, ਤੂੰ ਭਾਬੀ ਨਾਲ਼ ਹੀ ਗੁਰਮਤੇ ਮਾਰੀਂ ਜਾਣੀਏਂ। ਬਲਜੀਤ ਨੇ ਬੈਗ ਮੋਢਿਆਂ ਤੇ ਚੁੱਕ ਦਿਆਂ ਕਿਹਾ।ਨੀ ਧੀਏ ਰੋਟੀ ਤਾਂ ਖਾ ਜਾ। ਮਾਂ ਮੈਂ ਪਹਿਲਾਂ ਹੀ ਲੇਟ ਹੋ ਗਈ ਹਾਂ।ਨੀ ਆਜਾ ਭੂਆ!ਨੀ ਜੀਤਾਂ ਤੂੰ ਕਿੰਨੇ ਭਾਗਾਂ ਵਾਲ਼ੀਏ ਤੇਰੀ ਮਾਂ ਤੇਰੀ ਕਿੰਨਾ ਫ਼ਿਕਰ ਕਰਦੀ ਏ।
ਇੱਕ ਮੇਰੀ ਮਾਂ ਏ ਜਿਹੜੀ ਮੇਰੀ ਭੋਰਾ ਵੀ ਫ਼ਿਕਰ ਨਹੀਂ। ਗੋਹੇ -ਕੂੜੇ ਵਾਲ਼ੀ ਵੀ ਹਟਾ ਦਿੱਤੀ ਕਿ ਹੁਣ ਲਾਜੋ ਹੀ ਕਰੂ।ਕੱਲ੍ਹ ਨੂੰ ਅਖੇ ਬੇਗ਼ਾਨੇ ਘਰ ਜਾਣਾ ਕੰਮ ਸਿੱਖ ਲਊ।ਨੀ ਲਾਜੋ ਸੱਚ ਮੈਂ ਇੱਕ ਗੱਲ ਤਾਂ ਦੱਸਣਾ ਭੁੱਲ ਹੀ ਗਈ।ਨੀ ਕੀ?ਭੈਣੇ ਦੱਸ ਨਾ ਛੇਤੀ। ਮੇਰੀ ਮਾਂ ਨੇ ਮੈਨੂੰ ਕਲੀਆਂ ਵਾਲ਼ੀ ਫ਼ਰਾਕ ਬਣਾ ਕੇ ਦਿੱਤੀ ਹੈ।ਹਾਏ!ਮੈਂ ਮਰ ਜਾਂ। ਮੈਂ ਸਕੂਲੋਂ ਜਾਂਦੀ ਜ਼ਰੂਰ ਦੇਖ ਕੇ ਜਾਵਾਂਗੀ।ਨੀ ਲਾਜੋ ਤੂੰ ਵੀ ਕਹਿ ਕੇ ਆਪਣੀ ਮਾਂ ਤੋਂ ਕੱਪੜਾ ਮੰਗਾ ਲੈ ਮੈਂ ਮੰਮੀ ਤੋਂ ਸਿਲਾਈ ਕਰਵਾ ਦਿਆਂਗੀ।ਨੀ ਨਾ ਭੈਣੇ ਗੁੱਤ ਨਹੀਂ ਪਟਾਉਣੀ ਮੈਂ ਆਪਣੀ।
ਮੇਰੀ ਮਾਂ ਤੇਰੀ ਮਾਂ ਵਰਗੀ ਨਹੀਂ।ਸਾਹ ਪੀ ਜਾਊ ਮੇਰੇ ਤਾਂ।ਨੀ ਇੱਕ ਵਾਰ ਕਹਿ ਕੇ ਤਾਂ ਦੇਖੀ।ਇੱਕਲੌਤੀ ਧੀ ਮਾਪਿਆਂ ਦੀ।ਕੀ ਪਤਾ ਗੱਲ ਮੰਨ ਜੇ। ਅਗਲੇ ਦਿਨ ਲਾਜੋ ਚਿੱਟੀ ਪੱਟੀਆਂ ਬੰਨ੍ਹੀ ਆਵੇ। ਕੁੜੇ ਲਾਜ ਆਹ ਕੀ ਹੋਇਆ? ਬਲਜੀਤ ਦੀ ਮਾਂ ਨੇ ਪੁੱਛਿਆ ਕੁਝ ਨਹੀਂ ਭਾਬੀ ਇਹ ਤਾਂ ਕਲੀਆਂ ਵਾਲ਼ੀ ਫ਼ਰਾਕ ਦੀਆਂ ਕਲੀਆਂ ਨੇ ।ਜੋ ਜੀਤਾਂ ਦੇ ਕਹੇ ਮੈਂ ਮੰਗ ਬੈਠੀ। ਅੰਦਰੋਂ ਬਲਜੀਤ ਕਲੀਆਂ ਵਾਲ਼ੀ ਫ਼ਰਾਕ ਪਾ ਕੇ ਬਾਹਰ ਆਈ ਤੇ ਲਾਜ ਦੀ ਹਾਲਤ ਤੇ ਹਾਸਾ ਵੀ ਆਇਆ ਤੇ ਨਾਲ਼ ਕਿਹਾ ਕਿ ਭੈਣੇ ਮੈਨੂੰ ਕੀ ਪਤਾ ਸੀ ਤੇਰੇ ਨਾਲ਼ ਕੁੱਤੇ ਖਾਣੀ ਕਰੂ ਤੇਰੀ ਮਾਂ।
ਚੱਲ ਕੋਈ ਗੱਲ ਨਹੀ,ਤੂੰ ਚਾਰ ਦਿਨ ਆ ਮੇਰੇ ਵਾਲ਼ੀ ਹੀ ਪਾ ਕੇ ਚਾਅ ਪੂਰੇ ਕਰ ਲਈਂ।ਲੱਗ ਗਿਆ ਪਤਾ ਮੈਨੂੰ ਤੇਰੀ ਕਿੰਨੀਂ ਕੁ ਲੋੜ ਹੈ। ਸੱਚੀਂ ਭੈਣੇ ਮੈਂ ਭਾਬੀ ਦੀ ਹੀ ਚੌਥੀ ਧੀ ਹੋਣਾ ਸੀ। ਨਾ ਨੀਂ ਭੈਣੇ ਮੈਂ ਤਾਂ ਤੈਨੂੰ ਫ਼ਰਾਕ ਹੀ ਬਣਾ ਕੇ ਦੇਦੂ ਬਲਜੀਤ ਦੀ ਮਾਂ ਬੋਲੀ। ਇਹ ਸੁਣ ਕੇ ਦੋਹਾਂ ਨੇ ਹਾਸਾ ਚੱਕ ਲਿਆ। ਦੋਵਾਂ ਨੇ ਸਕੂਲ ਵੱਲ ਨੂੰ ਚਾਲੇ ਪਾ ਦਿੱਤੇ।
ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)
ਆਫ਼ਿਸਰ ਕਾਲੋਨੀ ਸੰਗਰੂਰ 148001
9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly