(ਸਮਾਜ ਵੀਕਲੀ)
ਉਨੀ ਸੌ ਸਤਾਸੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਠਿੰਡਾਰਿਜ਼ਨਲ ਸੈਂਟਰ ਵਿਚ ਪੰਜਾਬੀ ਦੀ ਐਮ. ਫਿਲ. ਕਰ ਰਹੇ ਸਾਂ। ਰੋਜ਼ਾਨਾ ਦੋ ਪੀਰੀਅਡ ਲਗਦੇ ਸਨ। ਵਿਚ ਵਿਚਾਲੇ ਕੰਟੀਨ ਵਿੱਚ ਸਾਡੀ ਸੱਤ ਅੱਠ ਜਣਿਆਂ ਦੀ ਮਹਿਫ਼ਲ ਜੰਮੀ ਰਹਿੰਦੀ। ਚਾਰ ਲੜਕੀਆਂ ਸਨ। ਇਕ ਰਾਮਪੁਰਾ ਫੂਲ ਇਲਾਕੇ ਦੀ ਕੁੜੀ ਕੁਝ ਜ਼ਿਆਦਾ ਹੀ ਫਰੈਂਕ ਸੀ।
ਇਕ ਦਿਨ ਪ੍ਰਸਿੱਧ ਗ਼ਜ਼ਲਗੋ ਜਸਪਾਲ ਘਈ ਨੇ ਉਸ ਨੂੰ ਮਖੌਲ ਵਿਚ ਕੁਝ ਕਹਿ ਦਿੱਤਾ। ਕੁੜੀ ਨੇ ਬਣਾਉਟੀ ਜਿਹਾ ਰੋਸਾ ਵਿਖਾਉਂਦਿਆਂ ਕਿਹਾ, ” ਘਈ ਤੂੰ ਮੈਨੂੰ ਕੁੱਝ ਨਾ ਕਿਹਾ ਕਰ, ਤੂੰ ਤਾਂ ਮੇਰਾ ਚਾਚਾ ਲੱਗਦੈਂ।
( ਘਈ ਉਸ ਦੇ ਇਲਾਕੇ ਦਾ ਸੀ ਤੇ ਉਮਰ ਵਿੱਚ ਉਸ ਤੋਂ ਬਾਰਾਂ ਚੌਦਾਂ ਸਾਲ ਵੱਡਾ ਸੀ)
” ਠੀਕ ਹੈ ਚਾਚਾ ਹੀ ਸਹੀ ਪਰ ਮੈਂ ਕਲਯੁਗੀ ਚਾਚਾ ਹਾਂ।” ਘਈ ਨੇ ਕਿਹਾ ਤਾਂ ਜਗਰਾਵਾਂ ਵੱਲ ਦੀ ਇਕ ਲੜਕੀ ਦੇ ਚਾਹ ਦੀ ਘੁੱਟ ਨੱਕ ਰਾਹੀਂ ਨਿੱਕਲ ਗਈ। ਹਰਜਿੰਦਰ ਸੂਰੇਵਾਲੀਆ
——-ਲੇਖਕਾਂ ਦੇ ਕਾਰਨਾਮੇ- 3
ਮਰਹੂਮ ਜ਼ੋਰਾ ਸਿੰਘ ਸੰਧੂ ਵਰਗੇ ਬਹੁਤ ਘੱਟ ਲੇਖਕ ਹੁੰਦੇ ਹਨ ਜੋਂ ਸਾਹਿਤਕ ਸਮਾਗਮਾਂ ਵਿੱਚ ਪਿੱਛੇ ਬੈਠਣ ਨੂੰ ਤਰਜੀਹ ਦਿੰਦੇ ਹਨ। ਸਾਹਿਤਕ ਖੇਤਰ ਵਿਚ ਜੇ ਕਿਸੇ ਦਾ ਥੋੜਾ ਜਿਹਾ ਨਾਂ ਬਣ ਜਾਵੇ ਤਾਂ ਉਹ ਚਾਹੁੰਦਾ ਕਿ ਉਸ ਨੂੰ ਪ੍ਰਧਾਨਗੀ ਮੰਡਲ ਵਿਚ ਬਿਠਾਇਆ ਜਾਵੇ। ਜ਼ਿਆਦਾ ਨਾਂ ਵਾਲ਼ੇ ਲੇਖਕ ਤਾਂ ਉਸ ਸਮਾਗਮ ਵਿੱਚ ਹੀ ਸ਼ਾਮਲ ਹੁੰਦੇ ਜਿਸ ਵਿੱਚ ਸੱਦਾ ਪੱਤਰ ‘ਤੇ ਉਹਨਾਂ ਦਾ ਨਾਂ ਪ੍ਰਧਾਨਗੀ ਮੰਡਲ ਵਿੱਚ ਛਪਿਆ ਹੋਵੇ।
ਇਕ ਦਿਨ ਸਾਹਿਤਕ ਮਿੱਤਰ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਅਹੁਦੇਦਾਰ ਹੈ, ਦਾ ਫੋਨ ਆਇਆ ਕਿ ਤੇਰੇ ਸ਼ਹਿਰ ਹੋ ਰਹੇ ਸਾਹਿਤਕ ਸਮਾਗਮ ਵਿੱਚ ਪਹੁੰਚ ਰਿਹਾ ਹਾਂ, ਮੈਨੂੰ ਦੱਸ ਵਜੇ ਬੱਸ ਸਟੈਂਡ ਤੋਂ ਲੈ ਜਾਵੀਂ । ਮੈਂ ਉਸ ਨੂੰ ਦੱਸਿਆ ਕਿ ਜ਼ਬਾਨੀ ਸੱਦਾ ਪੱਤਰ ਤਾਂ ਮੈਨੂੰ ਵੀ ਮਿਲਿਆ ਹੈ ਪਰ ਮੈਂ ਓਥੇ ਜਾਣਾ ਨਹੀਂ ਚਾਹੁੰਦਾ ਕਿਉਂਕਿ ਓਥੇ ਕੋਈ ਗੰਭੀਰ ਗੱਲ ਨਹੀਂ ਹੋਣੀ ਤੇ ਨਾ ਹੀ ਕੁੱਝ ਨਵਾਂ ਸਿੱਖਣ ਨੂੰ ਮਿਲਣਾ ਹੈ।
( ਮੈਂ ਪਹਿਲਾਂ ਵੀ ਉਸ ਨਵੀਂ ਬਣੀਸਭਾ ਵਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਹੋ ਕੇ ਵੇਖ ਲਿਆ ਸੀ ) ਮੈਂ ਉਸ ਨੂੰ ਕਿਹਾ ਕਿ ਤੂੰ ਪੰਜਾਹ ਸੱਠ ਕਿਲੋਮੀਟਰ ਤੋਂ ਕਿਰਾਇਆ ਲਾ ਕੇ ਆਵੇਂਗਾ ਤੇ ਦਿਨ ਖਰਾਬ ਕਰੇਂਗਾ।
ਪਰ ਉਹ ਤਾਂ ਆਉਣ ਦੀ ਪੱਕੀ ਧਾਰੀ ਬੈਠਾ ਸੀ। ਸਮੇਂ ਸਿਰ ਮੈਂ ਉਸ ਨੂੰ ਬੱਸ ਸਟੈਂਡ ਤੋਂ ਲਿਆ ਅਤੇ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਛੋਟੇ ਜਿਹੇ ਪੰਡਾਲ ਵਿੱਚ ਜਾ ਬੈਠੇ ਜਿਸ ਵਿੱਚ ਪਹਿਲਾਂ ਹੀ ਵੀਹ ਪੱਚੀ ਸਰੋਤੇ ਬੈਠੇ ਹੋਏ ਸਨ। ਸਰੋਤਿਆਂ ਵਿਚ ਕੁਝ ਰੀਟਾਇਰਡ ਬਜ਼ੁਰਗ ਸਨ ਜਿਨ੍ਹਾਂ ਨੇ ਹੁਣੇ ਹੁਣੇ ਸਾਹਿਤ ਵਿਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਸੀ। ਕੁੱਝ ਨੌਜਵਾਨ ਸਨ ਤੇ ਕੁਝ ਨੌਜਵਾਨ ਕੁੜੀਆਂ ਤੇ ਕੁਝ ਕੁਝ ਘਰੇਲੂ ਕਿਸਮ ਦੀਆਂ ਔਰਤਾਂ ਸਨ। ਸ਼ਹਿਰ ਦਾ ਕੋਈ ਕੱਦਾਵਰ ਸਾਹਿਤਕ ਚਿਹਰਾ ਮੈਨੂੰ ਨਜ਼ਰ ਨਾ ਆਇਆ।
ਸਮਾਗਮ ਸ਼ੁਰੂ ਹੋਇਆ। ਸਟੇਜ ਸਕੱਤਰ ਇਕ ਬੀਬੀ ਸੀ। ਰਵਾਇਤ ਮੁਤਾਬਕ ਉਸ ਨੇ ਸੱਤ ਅੱਠ ਜਣਿਆਂ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਬੁਲਾ ਲਿਆ। ਮੁੱਖ ਮਹਿਮਾਨ ਵੀ ਇਕ ਸਮਾਜਸੇਵੀ/ ਲੇਖਕ ਔਰਤ ਸੀ ਸੋ ਪੰਜਾਬ ਦੇ ਦੂਜੇ ਸਿਰੇ ਤੋਂ ਆਈ ਸੀ।
( ਮੈਂ ਉਸ ਮੁੱਖ ਮਹਿਮਾਨ ਔਰਤ ਨੂੰ ਵੀ ਨਹੀਂ ਜਾਣਦਾ ਸੀ)
ਪ੍ਰੋਗਰਾਮ ਇੱਕ ਲੜਕੀ ਦੇ ਗੀਤ ਤੋਂ ਸ਼ੁਰੂ ਹੋਇਆ। ਮੈਂ ਵੇਖਿਆ ਕਿ ਮੇਰਾ ਦੋਸਤ ਕੁੱਝ ਅੱਚਵੀ ਜਿਹੀ ਮਹਿਸੂਸ ਕਰ ਰਿਹਾ ਹੈ। ਮਾਮਲਾ ਤਾਂ ਮੈਂ ਸਮਝ ਗਿਆ ਸੀ ਪਰ ਮੈਂ ਜਾਣਬੁੱਝ ਕੇ ਚੁੱਪ ਹੀ ਰਿਹਾ।
ਕੁੱਝ ਦੇਰ ਬਾਅਦ ਉਹ ਬੋਲ ਹੀ ਪਿਆ,” ਯਾਰ ਇਹਨਾਂ ਨੂੰ ਤਾਂ ਪ੍ਰੋਟੋਕੋਲ ਦਾ ਹੀ ਨਹੀਂ ਪਤਾ, ਜਦੋਂ ਕੇਂਦਰੀ ਲੇਖਕ ਸਭਾ ਦਾ ਕੋਈ ਅਹੁਦੇਦਾਰ ਸਮਾਗਮ ਵਿੱਚ ਸ਼ਾਮਲ ਹੋਵੇ ਤਾਂ ਉਸ ਨੂੰ ਪ੍ਰਧਾਨਗੀ ਮੰਡਲ ਵਿੱਚ ਬਿਠਾਇਆ ਜਾਂਦਾ ਹੈ।” ਹਰਜਿੰਦਰ ਸੂਰੇਵਾਲੀਆ
———-
ਲੇਖਕਾਂ ਦੇ ਕਾਰਨਾਮੇ-4
ਸਾਹਿਤ ਸਭਾ ਨਾਲ ਜੁੜਨ ਕਰਕੇ ਸਾਡੀ ਸੱਤ ਅੱਠ ਜਣਿਆਂ ਦੀ ਨੇੜਤਾ ਏਨੀ ਵਧੀ ਕਿ ਇਕ ਦੂਜੇ ਦੇ ਖ਼ੁਸ਼ੀ ਗਮੀ ਦੇ ਪਰਿਵਾਰਿਕ ਸਮਾਗਮਾਂ ਵਿੱਚ ਵੀ ਜ਼ਰੂਰ ਸ਼ਾਮਲ ਹੁੰਦੇ। ਸਾਹਿਤਕ ਖੇਤਰ ਵਿਚ ਨਵੇਂ ਨਵੇਂ ਉੱਡਣ ਲੱਗੇ ਸਾਂ ਤੇ ਇਕ ਦੂਜੇ ਨੂੰ ਮਿਲਣ ਦੀ ਹਮੇਸ਼ਾ ਤਾਂਘ ਬਣੀ ਰਹਿੰਦੀ ਸੀ। ਵਿਚਾਰਾਂ ਦੀ ਸਾਂਝ ਸੀ ਤੇ ਇਕ ਦੂਜੇ ਦੀਆਂ ਗੱਲਾਂ ਬਹੁਤ ਦਿਲਚਸਪ ਲੱਗਦੀਆਂ ਸਨ। ਜਦੋਂ ਇਕੱਠੇ ਹੁੰਦੇ ਤਾਂ ਖੂਬ ਹਾਸਾ ਠੱਠਾ ਕਰਦੇ। ਸਾਡੇ ਦੋ ਸਾਥੀ ਆਪਣੀਆਂ ਪਤਨੀਆਂ ਦੇ ਅਣਪੜ ਹੋਣ ਅਤੇ ਉਹਨਾਂ ਦੇ ਪੱਕੇ ਰੰਗ ਦੀ ਗੱਲ ਹਮੇਸ਼ਾ ਵਧਾ ਚੜ੍ਹਾ ਕੇ ਕਰਦੇ। ਇਕ ਤਾਂ ਇਥੋਂ ਤਕ ਕਹਿ ਦਿੰਦਾ ਸੀ ਕਿ ਜਦੋਂ ਮੇਰੀ ਘਰਵਾਲੀ ਆਪਣੀ ਬੰਦੂਕ ਦੀ ਨਾਲੀ ਵਰਗੀ ਬਾਂਹ ਨਾਲ ਰੋਟੀ ਵਾਲਾ ਥਾਲ ਮੂਹਰੇ ਕਰਦੀ ਹੈ ਤਾਂ ਅੱਧੀ ਭੁੱਖ ਮਰ ਜਾਂਦੀ ਹੈ।
ਹਰਦਮ ਮਾਨ ਨੇ ਆਪਣੀ ਬੇਟੀ ਦੇ ਪਹਿਲੇ ਜਨਮ ਦਿਨ ‘ਤੇ ਡੇਲਿਆਂ ਵਾਲੀ ਛੋਟਾ ਜਿਹਾ ਪਰਿਵਾਰਿਕ ਸਮਾਗਮ ਰੱਖ ਲਿਆ ਜਿਸ ਵਿੱਚ ਸਾਹਿਤ ਸਭੀਏ ਮਿੱਤਰ ਵੀ ਹੁੰਮ ਹੁਮਾ ਕੇ ਪੁੱਜੇ।
ਸਮਾਗਮ ਦੀ ਸਮਾਪਤੀ ਤੇ ਜਦੋਂ ਮੁੜਨ ਲੱਗੇ ਤਾਂ ਮਾਨ ਦੀ ਪਤਨੀ ਢਿੱਲੋਂ ਨੂੰ ਕਹਿਣ ਲੱਗੀ, ” ਵੀਰ ਜੀ ਤੁਸੀਂ ਵੀ ਆਪਣੀ ਮਿਸਜ਼ ਨੂੰ ਲਈ ਆਉਣਾ ਸੀ।”
” ਸਾਡੀਆਂ ਕਿਹੜੀਆਂ ਮਿਸਜ਼! ਸਾਡਾ ਤਾਂ ਮਿੱਸਾ ਜਾ ਮਾਲ ਹੈ।” ਲੋਰ ਵਿੱਚ ਆਏ ਢਿੱਲੋਂ ਨੇ ਕਹਿ ਕੇ ਆਪਣੇ ਸਕੂਟਰ ਦਾ ਕਲੱਚ ਛੱਡ ਦਿੱਤਾ।
ਹਰਜਿੰਦਰ ਸੂਰੇਵਾਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly