(ਸਮਾਜ ਵੀਕਲੀ)
ਹੁਣ ਨਾ ਧੀਆਂ ਤੇ ਤੀਆਂ ਦੀ ਗੱਲ ਕਰਦਾ,
ਪਿਆ ਬਦਲਿਆ ਸਾਡਾ, ਸਭਿਆਚਾਰ ਮੀਆਂ।
ਦੁੱਧ, ਮੱਖਣ ਤੇ ਲੱਸੀਆਂ ਘਰੋਂ ਕੱਢੇ,
ਪੀਜ਼ੇ,ਬਰਗਰ ਤੇ ਕੋਕ ਨਾਲ਼ ਪਿਆਰ ਮੀਆਂ।
ਬਾਂਦਰ ਕੀਲਾ, ਕਬੱਡੀਆਂ ਪਏ ਭੁੱਲੇ,
ਮੋਬਾਈਲ ਗੇਮਾਂ ਦਾ ਚੜ੍ਹਿਆ ਬੁਖ਼ਾਰ ਮੀਆਂ।
ਕੁੜਤੇ-ਚਾਦਰੇ, ਭੁੱਲੇ, ਫ਼ੁੱਲਕਾਰੀਆਂ ਨੂੰ,
ਜੀਨ, ਟੌਪਾਂ ਦਾ ਹੋਇਆ ਬੁਖ਼ਾਰ ਮੀਆਂ।
ਮੱਕੀ, ਬਾਜ਼ਰਾ,ਕੋਦਰਾ ਪਏ ਭੁੱਲੇ,
ਹੋਇਆ ਖਾਣੇ ਦਾ ‘ਮੈਦਾ’, ਸ਼ਿੰਗਾਰ ਮੀਆਂ।
ਪੇਟ ਫੁੱਲ ਗਏ, ਤੁਰਦਿਆਂ, ਦਮ ਚੜ੍ਹਦਾ,
ਭੁੱਲੇ ਕਿਰਤ ਦਾ ਆਪਾ, ਸਤਿਕਾਰ, ਮੀਆਂ।
ਧਰਤ ਪੰਜਾਬ ਨਾਲੋਂ, ਪਿਆ ਮੋਹ ਟੁੱਟਾ,
ਮੁਲਕ ਬਾਹਰਲੇ ਨਾਲ਼, ਹੋਇਆ,ਪਿਆਰ ਮੀਆਂ।
ਰੁੱਖ ਵੱਢੇ, ਛੱਪੜ, ਨਾਲੇ, ਸਭ, ਪਏ ਸੁੱਕੇ,
ਕੂਲਰ,ਏਸੀਆਂ, ਦਾ ਹੋਇਆ, ਖੁਮਾਰ ਮੀਆਂ।
ਦੁੱਧ, ਘਿਊ ਤੇ ਅਨਾਜਾਂ, ਵਿੱਚ ਜ਼ਹਿਰ ਮਿਲ ਗਈ,
ਜੀਣਾ, ‘ਧਰਤ’ ਤੇ ਹੋਇਆ , ਦੁਸ਼ਵਾਰ ਮੀਆਂ।
‘ਸੰਦੀਪ’ ਸਾਦਾ ਪਹਿਨ, ਤੇ ਖਾ ਤੂੰ, ਜੀ-ਭਰਕੇ,
ਵਿੱਚ ਸਾਦਗੀ ਹੁੰਦਾ ਏ, ਚਮਤਕਾਰ ਮੀਆਂ।
ਰੁੱਤ ਨਵਿਆਂ ਦੀ ਰਹਿਣੀ ਹੈ, ਦੋ ਦਿਨ ਦੀ,
ਵਧੂ-ਫੁੱਲੂ, ਪੁਰਾਣਾਂ, ਉਹੀ ਸਭਿਆਚਾਰ ਮੀਆਂ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 98153 21017