ਭਾਸ਼ਾ ਦਾ ਰੁਦਨ!

 (ਸਮਾਜ ਵੀਕਲੀ)- ਪੰਜਾਬ ਵਿੱਚ ਭਾਸ਼ਾ ਦਾ ਰੁਦਨ ਪੰਜਾਹਵਿਆਂ ਦੇ ਦਹਾਕੇ ਵਿਚ ਸ਼ੁਰੂ ਹੋ ਗਿਆ ਸੀ।ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਉਠਕੇ ਮਜਬੂਤ ਹੋਣ ਲੱਗੀ। ਇਹ ਮੰਗ ਭਾਸ਼ਾ ਤੇ ਆਧਰਤ ਘੱਟ, ਸਿਆਸਤ ਤੇ ਜਿਆਦਾ ਟਿਕੀ ਹੋਈ ਸੀ।ਅਕਾਲੀਆਂ ਨੂੰ ਲਗਦਾ ਸੀ ਕਿ ਇਸ ਮੰਗ ਤੇ ਅਧਾਰਤ ਸਿੱਖ ਬਹੁ ਸੰਖਿਆ ਵਾਲੇ ਇਲਾਕੇ ਪੰਜਾਬੀ ਸੂਬੇ ਵਿਚ ਸ਼ਾਮਲ ਹੋ ਜਾਣਗੇ ,ਉਹਨਾਂ ਲਈ ਰਾਜ ਕਰਨਾ ਸੌਖਾ ਹੋ ਜਾਵੇਗਾ। ਕਈ ਵਾਰ ਲੋਕ ਨਾਹਰੇ ਲਾਉਂਦੇ ਇੰਨੇ ਭਾਵਕ ਹੋ ਜਾਂਦੇ ਸਨ ਕਿ ਪੰਜਾਬੀ ਸੂਬਾ ਜਿੰਦਾਬਾਦ ਦੀ ਥਾਂ ਮੂੰਹ ਵਿਚੋਂ ਸੂਬੀ ਪੰਜਾਬੀ ਹੀ ਨਿਕਲ ਜਾਂਦਾ ਸੀ।ਮੰਗ ਮੰਨੀ ਗਈ ,ਪੰਜਾਬ ਦੇ ਬਹੁਤੇ ਇਲਾਕੇ ਕੱਟਕੇ ਹਰਿਆਣਾ ਬਣਾ ਦਿੱਤਾ ,ਪਹਾੜੀ ਇਲਾਕੇ ਹਿਮਾਚਲ ਨੂੰ ਦਿੱਤੇ ਗਏ। ਅਕਾਲੀ ਪਾਰਟੀ ਦਾ ਰਾਜ ਆ ਗਿਆ ,ਆਖਿਰ ਉਹ ਪਾਰਟੀ ਵੀ ਇੱਕ ਪਰਿਵਾਰ ਤੱਕ ਸਿਮਟਕੇ ਹੋਂਦ ਲਈ ਤੜਫ ਰਹੀ ਹੈ। ਪੰਜਾਬੀ ਭਾਸ਼ਾ ਦਾ ਜੋ ਵਿਕਾਸ ਹੋਇਆ ਸਭ ਦੇ ਸਾਹਮਣੇ ਹੈ। ਇਹ ਗੱਲ ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਦੇ ਵੀ ਸਮਝ ਲੱਗ ਗਈ ਕਿ ਇਹ ਭਾਸ਼ਾ ਦਾ ਧੰਦਾ ਕਿੰਨਾ ਲਾਹੇਵੰਦ ਤੇ ਸਸਤਾ ਹੈ ,ਉਹ ਆਪਣੀ ਸਿਆਸੀ ਪਕੜ ਤਾਂ ਨਹੀਂ ਬਣਾ ਸਕੀਆਂ ਪਰ ਸਾਹਿਤਕ ਅਦਾਰਿਆਂ ਤੇ ਕਬਜਾ ਕਰਕੇ ਪੰਜਾਬੀ ਭਾਸ਼ਾ ਦਾ ਰੁਦਨ ਸ਼ੁਰੂ ਕਰ ਦਿੱਤਾ। ਭਾਸ਼ਾ ਦੇ ਵਿਸ਼ੇ ਨਾਲ ਸਬੰਧਤ ਹੋਣ ਕਰਕੇ ਇਹ ਗਿਆਤ ਹੈ ਕਿ ਭਾਸ਼ਾ ਸਮਾਜ ਦੀ ਉਪਜ ਹੈ ,ਇਹ ਉਨੀਂ ਕੁ ਹੀ ਤਰੱਕੀ ਕਰ ਸਕਦੀ ਹੈ ਜਿਨ੍ਹਾਂ ਕੁ ਸਮਾਜ ਵਿਕਸਤ ਹੋਇਆ ਹੋਵੇ। ਜਿਸ ਸਮਾਜ ਵਿਚ ਇਹ ਸੋਚਣਾ ਵੀ ਮੁਸ਼ਕਲ ਹੋਵੇ ਕਿ ਕੀ ਕਰਨਾ ਚਾਹੀਦਾ ਹੈ ,ਕੀ ਨਹੀਂ, ਉਸਦੀ ਭਾਸ਼ਾ ਵੀ ਉਸੇ ਸਥਿਤੀ ਵਿਚ ਹੋਵੇਗੀ।ਨਿਰਸੰਦੇਹ ਦੱਖਣ ਦੀਆਂ ਭਾਸ਼ਾਵਾਂ ਪੰਜਾਬੀ ਨਾਲੋਂ ਹਰ ਪੱਖੋ ਬਿਹਤਰ ਸਥਿਤੀ ਵਿਚ ਹਨ। ਹੋਣਾ ਤਾਂ ਪੰਜਾਬੀ ਨੂੰ ਚਾਹੀਦਾ ਸੀ।ਪੰਜਾਬੀ ਰਾਜ ਭਾਸ਼ਾ ਹੈ।ਦਸਵੀਂ ਜਮਾਤ ਤੱਕ ਬਹੁਤੇ ਸਕੂਲਾਂ ਵਿਚ ਮਾਧਿਅਮ ਵੀ ਪੰਜਾਬੀ ਹੈ।ਅਗੋਂ ਗ੍ਰੈਜੂਏਸ਼ਨ ਤੱਕ ਪੰਜਾਬੀ ਵਿਚ ਪੜਿਆ ਜਾ ਸਕਦਾ ਹੈ। ਪੰਜਾਬ ਦੀ ਇਕ ਯੂਨੀਵਰਸਿਟੀ ਵਿਚ ਭਾਸ਼ਾ ਵਿਗਿਆਨ ਦਾ ਵਿਭਾਗ ਹੈ ,ਉਹ ਵੀ ਵੈਂਟੀਲੇਟਰ ਤੇ।ਉਸਦਾ ਭੱਠਾ ਬਠਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਜਦੋਂ ਕਿ ਭਾਸ਼ਾ ਵਿਗਿਆਨ ਦਾ ਵਿਭਾਗ ਹਰ ਯੂਨੀਵਰਸਿਟੀ ਵਿਚ ਹੋਣਾ ਚਾਹੀਦਾ ਹੈ। ਦੱਖਣੀ ਭਾਰਤ ਵਿਚ ਸ਼ਾਇਦ ਕੋਈ ਟਾਵੀਂ ਟਲੀ ਯੂਨੀਵਰਸਿਟੀ ਹੋਣੀ ਹੈ ਜਿਸ ਵਿਚ ਭਾਸ਼ਾ ਵਿਗਿਆਨ ਦਾ ਵਿਭਾਗ ਨਾ ਹੋਵੇ, ਸਾਰੀਆ ਯੂਨੀਵਰਸਿਟੀਆਂ ਵਿਚ ਭਾਸ਼ਾ ਵਿਗਿਆਨ ਦੇ ਵਿਭਾਗ ਹਨ। ਰੋਵੋ ! ਰੱਜਕੇ ਰੁਦਨ ਕਰੋ!!ਪੰਜਾਬੀ ਭਾਸ਼ਾ ਨੂੰ ਖਤਰਾ ਹੈ। ਵਿਨਾਸ਼ ਵਲ ਜਾ ਰਹੀ ਹੈ। ਛੇਤੀ ਹੀ ਖਤਮ ਹੋ ਜਾਵੇਗੀ। ਜੇਕਰ ਕਾਵਾਂ ਦੇ – ਹੁੰਦੇ ਤਾਂ ਅੱਜ ਤੱਕ ਕਿਸੇ ਘਰ ਦਾ ਬਨੇਰਾ ਨਹੀਂ ਬਚਣਾ ਸੀ। ਇਹ ਅਖੌਤ ਡੂੰਘੇ ਅਰਥ ਰੱਖਦੀ ਹੈ । ਇਹ ਗੁੰਮਰਾਹ ਕੁੰਨ ਪ੍ਰਚਾਰ ਪਾਸਾਰ ਤੋਂ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ  ਹੈ।ਸੋਚਣਾ ਹੈ ਤਾਂ ਪੰਜਾਬ ਬਾਰੇ ਸੋਚੋ ,ਭਾਸ਼ਾ ਆਪੇ ਤਰੱਕੀ ਕਰ ਲਵੇਗੀ।ਇਹ ਰੁਦਨ ਬੰਦ ਕਰੋ ,ਪੰਜਾਬੀ ਨੂੰ ਖਿੜਣ ਦਿਓ ਪਲਮਣ ਦਿਓ! ਬਹੁਤ ਹੋ ਗਿਆ ਸਿੜੀ ਸਿਆਪਾ!
ਡਾਕਟਰ ਭੁਪਿੰਦਰ ਸਿੰਘ ਖਹਿਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ/ ਅੰਨੇ ਲੋਕ
Next articleਬੁੱਧ ਚਿੰਤਨ / ਪੀਲ਼ੀ ਪੱਤਰਕਾਰੀ ਦੇ ਨਾਂ