ਨੌਜਵਾਨਾਂ ਵਿਚ ਰੋਲ ਮਾਡਲ ਦਾ ਸੰਕਟ

(ਸਮਾਜ ਵੀਕਲੀ)

ਵਿਦਿਆਰਥੀਆਂ ਖਾਸ ਕਰਕੇ ਗਿਆਰਵੀਂ—ਬਾਹਰਵੀਂ ਕਲਾਸ ਵਿਚ ਪੜ੍ਹਦੇ ਉਮਰ ਦੇ ਬੱਚਿਆਂ ਵਿਚ ਇਕ ਸਰਵੇਖਣ ਦੌਰਾਨ, ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਕੋਲ ਮਾਡਲ ਬਾਰੇ ਪੁੱਛਿਆ ਗਿਆ ਤਾਂ ਜਵਾਬ ਕੁਝ ਇਸ ਤਰ੍ਹਾਂ ਸੀ ਕਿ ਤਕਰੀਬਨ ਪੰਜਾਹ ਫੀਸਦੀ ਦਾ ਜਵਾਬ ਸੀ ਮਾਪੇ, ਤੇ ਇਸ ਤੋਂ ਬਾਅਦ ਕੁਝ ਸਮਾਜਿਕ ਹਸਤੀਆਂ, ਕੁਝ ਇਤਿਹਾਸਕ ਤੇ ਕੁਝ ਧਾਰਮਿਕ ਆਗੂਆਂ, ਜਿਵੇਂ ਗੁਰੂ ਗੋਬਿੰਦ ਸਿੰਘ, ਸ਼ਹੀਦ ਭਗਤ ਸਿੰਘ, ਮਦਰ ਟਰੇਸਾ, ਕ੍ਰਿਕੇਟਰ ਸਚਿਨ ਤੇਂਦüਲਕਰ, ਅਭਿਨੇਤਾ ਸ਼ਾਹਰüਖ਼ ਖਾਨ ਜਾਂ ਐਸ਼ਵਰਿਆ ਰਾਏ ਆਦਿ।

ਕਿਸੇ ਵੀ ਬੱਚੇ ਦੀ ਜ਼ਿੰਦਗੀ ਦਾ ਇਹ ਅਹਿਮ ਪੱਖ ਹੈ। ਰੋਲ ਮਾਡਲ ਹਰ ਇਕ ਨੂੰ ਚਾਹੀਦਾ ਹੁੰਦਾ ਹੈ। ਖਾਸ ਕਰ ਚੜ੍ਹਦੀ ਜਵਾਨੀ ਦੇ ਦਿਨਾਂ ਵਿਚ, ਜ਼ਿੰਦਗੀ ਦੇ ਅਹਿਮ ਪੜਾਅ ਕਿਸ਼ੋਰ ਅਵਸਥਾ ਦੌਰਾਨ । ਇਹ ਉਹ ਸਮਾਂ ਹੈ ਜਦੋਂ ਬੱਚਾ ਸਰੀਰਿਕ ਤੌਰ ’ਤੇ ਵੱਧਦਾ ਹੋਇਆ ਨਜ਼ਰ ਆਉਂਦਾ ਹੈ। ਪਰ ਉਹ ਆਪਣੇ ਅਹਿਸਾਸਾਂ ਅਤੇ ਆਪਸੀ ਰਿਸ਼ਤਿਆਂ ਪ੍ਰਤੀ ਵੀ ਤਬਦੀਲੀ ਮਹਿਸੂਸ ਕਰਦਾ ਹੈ। ਇਹੀ ਉਮਰ ਹੁੰਦੀ ਹੈ, ਜਦੋਂ ਉਸ ਨੂੰ ਆਪਣੇ ਕੁਝ ਬਣਨ ਬਾਰੇ ਵੀ ਸੁਚੇਤਤਾ ਹੁੰਦੀ ਹੈ। ਉਹ ਖੁਦ ਵੀ ਇਸ ਗੱਲ ਨੂੰ ਪ੍ਰਗਟਾਉਂਦਾ ਹੈ ਤੇ ਮਾਪੇ ਅਤੇ ਰਿਸ਼ਤੇਦਾਰ ਵੀ ਇਸ ਵਿਚ ਦਿਲਚਸਪੀ ਲੈਂਦੇ ਨੇ।

ਇਸ ਉਮਰ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਸਿਆਣਪ ਦੇ ਵਿਕਾਸ ਅਤੇ ਪ੍ਰਗਟਾਵੇ ਦੇ ਦਿਨ ਵੀ ਹਨ। ਇਸ ਦਾ ਪ੍ਰਗਟਾਵਾ ਇਸ ਗੱਲ ਤੋਂ ਹੁੰਦਾ ਹੈ, ਜਦੋਂ ਉਹ ਜ਼ਿੰਦਗੀ ਦੇ ਹਰ ਪੱਖ ਨੂੰ ਲੈ ਕੇ ਸਵਾਲ ਖੜੇ ਕਰਨ ਲਗ ਜਾਂਦਾ ਹੈ। ਬਚਪਨ—ਵਿਚ ਉਹ ਜਿਗਿਆਸੂ ਹੁੰਦਾ ਹੈ, ਹਰ ਚੀਜ ਬਾਰੇ ਜਾਣਨਾ ਚਾਹੁੰਦਾ ਹੈ ਤੇ ਕਿਸ਼ੋਰ ਅਵਸਥਾ ਤੇ ਆ ਕੇ ਉਹ ਵਿਸ਼ਲੇਸਣੀ ਹੁੰਦਾ ਹੈ, ਭਾਵ ਜਗਿਆਸਾ ਦੇ ਅਗਲੇ ਪੜਾਅ ਵਿਚ ‘ਕੀ’ ਦੇ ਨਾਲ ‘ਕਿਉਂ’ ਦੀ ਪ੍ਰਵਿਰਤੀ ਪੈਦਾ ਹੁੰਦੀ ਹੈ। ਉਹ ਆਪਣੇ ਸਰੀਰ ਨੂੰ ਲੈ ਕੇ, ਮਨ ਅਤੇ ਰਿਸ਼ਤਿਆਂ ਨੂੰ ਲੈ ਕੇ ਵੀ ਸਵਾਲ ਖੜੇ ਕਰਦਾ ਹੈ ਜਾਂ ਉਸ ਦੇ ਦਿਮਾਗ ਵਿਚ ਉੱਠਦੇ ਹਨ। ਜਿਵੇਂ, ਮੈਂ ਗਿੱਠਾ ਕਿਉਂ ਰਹਿ ਗਿਆ? ਮੇਰਾ ਰੰਗ ਕਾਲਾ ਕਿਉਂ ਹੈ? ਮੈਂ ਬਸ ਤੇ ਚੜ੍ਹ ਕੇ ਸਕੂਲ ਕਿਉਂ ਨਹੀਂ ਜਾਂਦਾ? ਮੈਨੂੰ ਮੁੰਡਿਆਂ ਨਾਲ ਖੇਡਣ ਤੋਂ ਕਿਉਂ ਰੋਕਿਆ ਜਾਂਦਾ ਹੈ?

ਉਮਰ ਦਾ ਇਹੀ ਪੜਾਅ ਹੈ ਜਦੋਂ ਉਹ ਆਪਣੇ ਬਾਰੇ ਵੀ ਸੁਚੇਤ ਹੁੰਦਾ ਹੈ ਤੇ ਜ਼ਿੰਦਗੀ ਵਿਚ ਆਪਣੀ ਭੂਮਿਕਾ ਨੂੰ ਲੈ ਕੇ। ਕਹਿ ਸਕਦੇ ਹਾਂ ਕਿ ਉਸ ਨੇ ਕੀ ਬਣਨਾ ਹੈ, ਕਿਉਂ ਬਣਨਾ ਬਾਰੇ ਵੀ ਉਹ ਸੁਚੇਤ ਹੋ ਰਿਹਾ ਹੁੰਦਾ ਹੈ। ਇਹੀ ਸਮਾਂ ਹੈ, ਜਦੋਂ ਉਹ ਕਿਸੇ ਵਿਅਕਤੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ, ਉਸ ਦੇ ਰਾਹ ਤੇ ਤੁਰਨਾ ਚਾਹੁੰਦਾ ਹੈ। ਭਾਵ ਇਹ ਕਿ ਇਹੀ ਉਹ ਸਮਾਂ ਹੈ ਜਦੋਂ ਉਸ ਨੂੰ ਰੋਲ ਮਾਡਲ ਦੀ ਲੋੜ ਵੀ ਹੁੰਦੀ ਹੈ ਤੇ ਉਹ ਉਸ ਨੂੰ ਆਪਣੇ ਜੀਵਨ ਦਾ ਹਿੱਸਾ ਬਨਾਉਣ ਦਾ ਚਾਹਵਾਨ ਵੀ ਹੁੰਦਾ ਹੈ।

ਉਂਜ ਤਾਂ ਰੋਲ ਮਾਡਲ ਦੀ ਜਰੂਰਤ, ਸਭ ਨੂੰ ਹੀ, ਸਾਰੀ ਉਮਰ ਰਹਿੰਦੀ ਹੈ। ਇਕ ਉਮਰ ਤੇ ਆ ਕੇ, ਹਰ ਸ਼ਖਸ ਤੋਂ ਰੋਲ ਮਾਡਲ ਹੋਣ ਦੀ ਉਮੀਦ ਵੀ ਕੀਤੀ ਜਾਂਦੀ ਹੈ, ਪਰ ਚੜ੍ਹਦੀ ਉਮਰ ਦਾ ਇਹ ਪੜਾਅ ਮਹੱਤਵਪੂਰਨ ਹੈ ਜੋ ਕਿ ਜ਼ਿੰਦਗੀ ਦੀ ਬੁਨਿਆਦ ਦਾ ਕੰਮ ਕਰਦਾ ਹੈ ਤੇ ਇਸ ਦੇ ਆਧਾਰ ਤੇ ਹੀ ਬੱਚੇ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ।

ਸਰੀਰ ਅਤੇ ਮਾਨਸਿਕ ਵਿਕਾਸ ਦੇ ਮੱਦੇਨਜ਼ਰ, ਜਦੋਂ ਬੱਚਾ ਦੋ ਕੁ ਸਾਲ ਦਾ ਹੁੰਦਾ ਹੈ, ਉਹ ਆਪਣੀ ਜਿਗਿਆਸਾ ਤਹਿਤ ਆਪਣੇ ਆਲੇ—ਦੁਆਲੇ ਬਾਰੇ ਜਾਨਣਾ ਚਾਹੁੰਦਾ ਹੈ। ਉਸ ਦੇ ਮੂੰਹ ਤੇ ਹਮੇਸ਼ਾ ਇਹ ਕੀ ਹੈ, ਉਹ ਕੀ ਹੈ ਰਹਿੰਦਾ ਹੈ। ਉਸ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਉਸ ਦੇ ਮਾਂ ਜਾਂ ਪਿਉ ਤੋਂ ਮਿਲਦਾ ਹੈ, ਜੋ ਉਸ ਨਾਲ ਸਭ ਤੋਂ ਵੱਧ ਸਮਾਂ ਬਿਤਾਉਂਦੇ ਹਨ। ਬੱਚੇ ਦੇ ਮਨ ਵਿਚ ਉਹ ਬੜੇ ਮਹਾਨ ਵਿਅਕਤੀ ਦੇ ਤੌਰ ਤੇ ਦਰਜ ਹੋ ਜਾਂਦੇ ਹਨ, ਜਿੰਨ੍ਹਾਂ ਕੋਲ ਹਰ ਸਵਾਲ ਦਾ ਜਵਾਬ ਹੈ।

ਅਗਲੇ ਪੜਾਅ ਵਿਚ ਜਦੋਂ ਉਹ ਸਕੂਲ ਜਾਂਦਾ ਹੈ ਤਾਂ ਅਧਿਆਪਕ ਦੀ ਸਿਆਣਪ ਅਤੇ ਜਵਾਬ ਦੇਣ ਦੀ ਕਾਬਲੀਅਤ ਵੱਧ ਜਾਪਦੀ ਹੈ ’ਤੇ ਉਸ ਦਾ ਰੋਲ ਮਾਡਲ ਮਾਪਿਆਂ ਤੋਂ ਅੱਗੇ ਅਧਿਆਪਕਾਂ ਵੱਲ ਸਰਕ ਜਾਂਦਾ ਹੈ। ਇਸ ਦੇ ਨਾਲ ਹੀ, ਜਦੋਂ ਕਿਸ਼ੋਰ ਅਵਸਥਾ ਤੇ ਬੱਚਾ ਵਿਸ਼ਲੇਸ਼ਣੀ ਹੁੰਦਾ ਹੈ ਤੇ ਆਪਣੇ ਆਲੇ—ਦੁਆਲੇ ਦੀਆਂ ਸ਼ਖ਼ਸੀਅਤਾਂ ਦੀ ਪੁਣ—ਛਾਣ ਕਰਨ ਦੇ ਕਾਬਲ ਹੁੰਦਾ ਹੈ ਤੇ ਮਾਪੇ ਅਤੇ ਅਪਿਆਪਕ ਵੀ ਉਸ ਪੁਣਛਾਣ ਤੇ ਖਰੇ ਨਹੀਂ ਉਤਰਦੇ। ਇਸ ਸਮੇਂ ਦੌਰਾਨ ਉਹ ਸਾਹਿਤ ਅਤੇ ਇਤਿਹਾਸ ਪੜ੍ਹਦਿਆਂ, ਉਨ੍ਹਾਂ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਵਿਚੋਂ ਰੋਲ ਮਾਡਲ ਤਲਾਸ਼ ਕਰਦਾ ਹੈ। ਮਤਲਬ ਕਿ ਹੁਣ ਅਧਿਆਪਕ ਵੀ ਰੋਲ ਮਾਡਲ ਨਹੀਂ ਕਹਿੰਦੇ।

ਸਰਵੇਖਣ ਵਿਚ, ਨੌਜਵਾਨਾਂ ਨੇ ਜਿਨ੍ਹਾਂ ਰੋਲ ਮਾਡਲਾਂ ਦਾ ਜ਼ਿਕਰ ਕੀਤਾ, ਉਸ ਤੋਂ ਸਾਫ਼ ਦਿਸਦਾ ਹੈ ਕਿ ਉਹ ਘਰ ਦੇ ਨਾਲ—ਨਾਲ ਆਲੇ—ਦੁਆਲੇ ਪ੍ਰਤੀ ਵੀ ਸੁਚੇਤ ਹਨ। ਰੋਲ ਮਾਡਲ ਦਾ ਬਦਲਣੇ ਰਹਿਣਾ ਕੋਈ ਮਾੜਾ ਨਹੀਂ ਹੈ, ਸਗੋਂ ਇਹ ਬੱਚੇ ਦੀ ਕਾਬਲੀਅਤ ਦਰਸਾਉਂਦਾ ਹੈ, ਭਾਵੇਂ ਮਾਪੇ ਅਤੇ ਅਧਿਆਪਕ ਇਸ ਵਿਚੋਂ ਖਾਰਜ ਹੁੰਦੇ ਹਨ ਤਾਂ ਇਹ ਉਨ੍ਹਾਂ ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਹੈ।

ਸਰਵੇਖਣ ਦਾ ਇਕ ਹੋਰ ਅਹਿਮ ਨਤੀਜਾ ਸੀ ਕਿ ਤਕਰੀਬਨ 20—25 ਫੀਸਦੀ ਨੌਜਵਾਨਾਂ ਦਾ ਕੋਈ ਰੋਲ ਮਾਡਲ ਨਹੀਂ ਸੀ। ਰੋਲ ਮਾਡਲ ਦੇ ਤੱਥ ਦੀ ਪੁਸ਼ਟੀ ਕਰਨ ਲਈ ਇਕ ਹੋਰ ਸਵਾਲ ਸੀ ਕਿ ਉਹ ਆਪਣੇ ਰੋਲ ਮਾਡਲ ਵਿਚ ਕਿਹੜੇ—ਕਿਹੜੇ ਗੁਣ ਦੇਖਣ ਦੇ ਚਾਹਵਾਨ ਹਨ। ਹਰ ਬੱਚੇ ਨੂੰ ਦੋ ਗੁਣ ਲਿਖਣ ਨੂੰ ਕਿਹਾ ਤਾਂ ਇਕ ਲੰਮੀ ਸੂਚੀ ਬਣ ਗਈ। ਉਨ੍ਹਾਂ ਵਿਚੋਂ ਕੁਝ ਕੁ ਪ੍ਰਮੁੱਖ ਸਨ, ਇਮਾਨਦਾਰੀ, ਮਿਹਨਤ, ਪਰਵਾਹ ਕਰਨੀ, ਸੰਭਾਲ, ਦਿਆਨਤਦਾਰੀ, ਵਿਸ਼ਵਾਸ, ਪਿਆਰ, ਉਮੀਦ ਵਧਾਉਣ ਵਾਲਾ ਆਦਿ।

ਚੜ੍ਹਦੀ ਜਵਾਨੀ ਦੀ ਉਮਰੇ, ਜਦੋਂ ਕੋਈ ਆਪਣੀ ਜ਼ਿੰਦਗੀ ਦੀ ਰਾਹ ਤੈਅ ਕਰਨ ਜਾ ਰਿਹਾ ਹੁੰਦਾ ਹੈ ਤੇ ਕਿਸੇ ਰਾਹ ਦਸੇਰੇ ਦੀ ਤਲਾਸ਼ ਵਿਚ ਹੈ ਤਾਂ ਉਸ ਸਮੇਂ ਉਸ ਨੌਜਵਾਨ ਨੂੰ ਕੋਈ ਵੀ ਸ਼ਖ਼ਸ ਅਜਿਹਾ ਨਜ਼ਰ ਨਹੀਂ ਆ ਰਿਹਾ, ਜੋ ਉਸ ਦੀ ਰਾਹ ਦੀ ਨਿਸ਼ਾਨਦੇਹੀ ਕਰੇ, ਤਾਂ ਸਪਸ਼ਟ ਹੈ ਕਿ ਜਿੰਨ੍ਹਾਂ ਗੁਣਾਂ ਵਾਲੇ ਵਿਅਕਤੀ ਦੀ ਉਸ ਨੂੰ ਤਲਾਸ਼ ਹੈ, ਉਹ ਸਮਾਜ ਵਿਚ ਨਹੀਂ ਹਨ। ਇਸ ਲਈ ਹੀ ਕਿਹਾ ਕਿ ਇਹ ਸਵਾਲੀਆਂ ਨਿਸ਼ਾਨ ਸਾਡੇ ਸਭ ਤੇ ਹੈ, ਜੋ ਮਾਪੇ ਹਨ ਜਾਂ ਅਧਿਆਪਕ ਜਾਂ ਕੁਝ ਹੋਰ ਵੀ। ਸਾਡੇ ਸਮਾਜ ਦੀਆਂ ਪਤਵੰਤੀਆਂ ਸ਼ਖ਼ਸੀਅਤਾਂ ਜਿਵੇਂ ਸਮਾਜਿਕ ਕਾਰਕੁੰਨ, ਧਾਰਮਿਕ ਨੇਤਾ ਅਤੇ ਰਾਜਨੀਤਕ ਆਗੂ ਆਦਿ ਸਾਰੇ ਹੀ ਸਵਾਲਾਂ ਹੇਠ ਹਾਂ।

ਰੋਲ ਮਾਡਲ ਦੀ ਜਾਂ ਜ਼ਿੰਦਗੀ ਵਿਚ ਕਿਸੇ ਆਦਰਸ਼ ਦੀ ਲੋੜ ਕਿਉਂ ਹੁੰਦੀ ਹੈ? ਜਿਵੇਂ ਕਿ ਮਨੁੱਖੀ ਸ਼ਖ਼ਸੀਅਤ ਦੀ ਖਾਸੀਅਤ ਹੈ ਕਿ ਉਹ ਸੇਵਾ, ਸਮਰਪਣ, ਪਿਆਰ, ਸਹਿਯੋਗ, ਹਮਦਰਦੀ ਵਾਲੇ ਕੰਮ ਕਰਨ ਦੀ ਚਾਹਤ ਰਖਦਾ ਹੈ ਤੇ ਉਸ ਤਰ੍ਹਾਂ ਦੀ ਸ਼ਖ਼ਸੀਅਤ ਦੀ ਝਲਕ ਆਪਣੇ ਅੰਦਰ ਭਾਲਦਾ ਵੀ ਹੈ ਤੇ ਅਪਨਾਉਣਾ ਵੀ ਚਾਹੁੰਦਾ ਹੈ। ਰੋਜਮਰ੍ਹਾਂ ਦੀ ਜ਼ਿੰਦਗੀ ਵਿਚ ਅਜਿਹੇ ਕੰਮ ਕਰਦਾ ਹੋਇਆ, ਉਹ ਪ੍ਰਵਾਨਗੀ ਵੀ ਚਾਹੁੰਦਾ ਹੈ ਤੇ ਹੱਲਾਸ਼ੇਰੀ ਵੀ। ਵੈਸੇ ਤਾਂ ਜ਼ਿੰਦਗੀ ਦੇ ਹਰ ਪੜਾਅ ਤੇ, ਪੈੜ—ਪੈੜ ਤੇ ਹੀ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਹੱਲਾਸ਼ੇਰੀ ਉਹ ਪੱਖ ਹੈ ਜੋ ਜੀਵਨ ਦੇ ਇੰਜਣ ਲਈ ਊਰਜਾ ਦਾ ਕੰਮ ਕਰਦਾ ਹੈ। ਇਹੀ ਉਹ ਸ਼ੈਅ ਹੈ, ਜੋ ਜਿੰਦਗੀ ਨੂੰ ਗਤੀਸ਼ੀਲਤਾ ਪ੍ਰਦਾਨ ਕਰਦੀ ਹੈ।

ਇਸ ਲਈ ਕਿਸੇ ਦੀ ਜ਼ਿੰਦਗੀ ਵਿਚ, ਖਾਸ ਕਰਕੇ, ਜ਼ਿੰਦਗੀ ਦੇ ਬੁਨਿਆਦੀ ਦਿਨਾਂ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਮਾਡਲ ਨਾ ਹੋਣਾ, ਇਕ ਵਿਚਾਰਨਯੋਗ ਪਹਿਲੂ ਹੈ। ਇਹ ਸਿਰਫ਼ ਨੌਜਵਾਨੀ ਲਈ ਸੰਕਟ ਨਹੀਂ ਹੈ, ਇਹ ਅਸਲ ਵਿਚ ਸਮਾਜ ਅਤੇ ਦੇਸ਼ ਲਈ ਸੰਕਟ ਹੈ। ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਲੈ ਕੇ ਕੀਤੇ ਸਰਵੇਖਣ ਵਿਚ ਇਕ ਹੋਰ ਅਹਿਮ ਨਤੀਜਾ ਦੇਖਣ ਨੂੰ ਮਿਲਿਆ ਕਿ ਉਨ੍ਹਾਂ ਵਿਚੋਂ ਕਿਸੇ ਨੇ ਵੀ ਅਧਿਆਪਕ ਨੂੰ ਰੋਲ ਮਾਡਲ ਨਹੀਂ ਦੱਸਿਆ, ਭਾਵੇਂ ਕਿ ਹੋਰ ਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ, ਟਾਵਾਂ—ਟਾਵਾਂ ਹੀ ਸਹੀ, ਅਧਿਆਪਕ ਦਾ ਨਾਂ ਲਿਆ।

ਦਰਅਸਲ ਇਹ ਨਤੀਜਾ ਵੀ ਇਕ ਹੋਰ ਪੱਖ ਨੂੰ ਉਜਾਗਰ ਕਰਦਾ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਦਾ, ਰਿਵਾਇਤੀ ਗੁਰੂ—ਚੇਲੇ ਵਾਲਾ ਰਿਸ਼ਤਾ ਨਹੀਂ ਰਿਹਾ ਹੈ। ਮੈਡੀਕਲ ਕਾਲਜ ਪਹੁੰਚਣ ਵਾਲੇ, ਨੀਟ ਦੀ ਤਿਆਰੀ ਕਰਨ ਦੌਰਾਨ, ਅਧਿਆਪਕ ਨਾਲ ਜੋ ਰਿਸ਼ਤਾ ਰੱਖਦੇ ਹਨ, ਉਹ ਵਪਾਰਕ ਹੈ। ਲੱਖਾਂ ਰੁਪਏ ਖਰਚ ਕੇ ਵਿਦਿਆ ਖਰੀਦੀ ਜਾਂਦੀ ਹੈ। ਉਸ ਵਿਚ, ਜਿੰਨ੍ਹਾਂ ਗੁਣਾਂ ਦੀ ਆਪਾਂ ਗੱਲ ਜੋ ਇਥੇ ਕੀਤੀ ਹੈ, ਉਹ ਬਿਲਕੁਲ ਹੀ ਗਾਇਬ ਹੁੰਦੇ ਹਨ। ਪਰ ਉਂਜ ਵੀ, ਜੇਕਰ ਗੌਰ ਨਾਲ ਇਸ ਰਿਸ਼ਤੇ ਤੇ ਨਜ਼ਰ ਮਾਰੀਏ ਤਾਂ ਪਹਿਲੀ ਜਮਾਤ ਤੋਂ ਹੀ ਟਿਊਸ਼ਨ ਦੀ ਪਰੰਪਰਾ, ਇਸ ਦਾ ਜਿਹੜਾ ਪਹਿਲੂ ਉਭਾਰਦੀ ਹੈ, ਉਹ ਰਾਹ ਦਸੇਰੇ ਵਾਲਾ ਨਹੀਂ ਹੋ ਸਕਦਾ। ੳüਂਜ ਭਾਵੇਂ ਕੋਈ ਅਧਿਆਪਕ ਵਿਅਕਤੀਗਤ ਤੌਰ ਤੇ, ਕਿਸੇ ਵਿਚ ਵਿਸ਼ੇਸ਼ ਦਿਲਚਸਪੀ ਦਿਖਾਵੇ ਤਾਂ ਗੱਲ ਵੱਖਰੀ ਹੈ।

ਰੋਲ ਮਾਡਲ ਅਤੇ ਸ਼ਖ਼ਸੀਅਤ ਉਸਾਰੀ ਦਾ ਆਪਸੀ ਸਬੰਧ ਇਹ ਹੈ ਕਿ ਜੋ ਵੀ ਰੋਲ ਮਾਡਲ ਹੁੰਦਾ ਹੈ, ਜੋ ਉਸ ਦੇ ਗੁਣ ਹੁੰਦੇ ਹਨ, ਉਹ ਹੌਲੀ ਹੌਲੀ ਨੌਜਵਾਨ ਦੀ ਸ਼ਖ਼ਸੀਅਤ ਦਾ ਹਿੱਸਾ ਬਨਣ ਲੱਗਦੇ ਹਨ ਕਈਆਂ ਵਿਚ ਤਾਂ ੳüਹ ਸਪਸ਼ਟ ਦਿਸਦੇ ਹਨ। ਕਈ ਸਿਆਣੇ ਲੋਕ ਪਛਾਣ ਕੇ ਨਿਸ਼ਾਨਦੇਹੀ ਵੀ ਕਰਦੇ ਹਨ। ਇਸ ਤਰ੍ਹਾਂ ਹੁੰਦਿਆਂ, ਜਦੋਂ ਕੋਈ ਵੀ ਸ਼ਖ਼ਮ, ਬਣ ਰਿਹਾ ਰੋਲ ਮਾਡਲ, ਨੌਜਵਾਨ ਦੀ ਆਲੋਚਨਾ ਦ੍ਰਿਸ਼ਟੀ ਦੇ ਤਹਿਤ ਖਰਾ ਨਹੀਂ ਉਤਰਦਾ ਤਾਂ ਉਹ ਆਪਣੀ ਸ਼ਖ਼ਸੀਅਤ ਵਿਚ ਇਕ ਤਰੇੜ ਮਹਿਸੂਸ ਕਰਦਾ ਹੈ। ਰੋਲ ਮਾਡਲ ਦੇ ਬਦਲਦੇ ਰਹਿਣ ਦੀ ਪ੍ਰਕ੍ਰਿਆ ਬਾਰੇ ਆਪਾਂ ਸਮਝਿਆ ਹੈ । ਉਸ ਦੇ ਤਹਿਤ ਨੌਜਵਾਨਾ ਦੀ ਸ਼ਖ਼ਸੀਅਤ ਵਿਚ ਆਈ ਤਰੇੜ ਭਰ ਜਾਂਦੀ ਹੈ। ਪਰ ਜਦੋਂ ਇਹ ਤਰੇੜ ਏਨੀ ਡੂੰਘੀ ਹੋਵੇ ਤੇ ਵਾਰ ਵਾਰ ਉਸ ਨੂੰ ਰੋਲ ਮਾਡਲ ਵਿਚ ਨੁਕਸ ਨਜ਼ਰ ਆਉਣ ਦੇ ਹਾਦਸੇ ਵਿਚੋਂ ਲੰਘਣਾ ਪਵੇ ਤਾਂ ਇਹ ਸਿਰਫ਼ ਭüਰਦੀ, ਤਰੇੜੀ ਨਹੀਂ ਜਾਂਦੀ, ਸਗੋਂ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ। ਇਸ ਨਾਲ ਨੌਜਵਾਨ ਦਾ ਸਮਾਜ ਵਿਚ , ਆਪਣੇ ਆਲੇ ਦੁਆਲੇ ਵਿਚੋਂ ਵਿਸ਼ਵਾਸ ਮੁੱਕਣ ਲੱਗਦਾ ਹੈ। ਉਹ ਆਲਾ ਦੁਆਲਾ ਜਿਸ ਵਿਚ ਉਸ ਨੇ ਰਹਿਣਾ ਹੈ, ਕੰਮ ਕਰਨਾ ਹੈ ਤੇ ਆਪਣੇ ਸੰਜੋਏ ਸੁਪਨਿਆਂ ਨੂੰ ਪੂਰਾ ਕਰਨਾ ਹੈ।

ਜਦੋਂ ਉਸ ਦੀ ਸ਼ਖ਼ਸੀਅਤ ਨੂੰ ਸੱਟ ਵੱਜਦੀ ਹੈ ਤੇ ਰੋਲ ਮਾਡਲ ਕੋਈ ਨਜ਼ਰ ਨਹੀਂ ਆਉਂਦਾ ਤੇ ਇਸ ਬੇਭਰੋਸਗੀ ਦੇ ਆਲਮ ਵਿਚ, ਉਸ ਦੀ ਇਸ ਸੱਟ ਦੇ ਨਤੀਜੇ ਵਜੋਂ ਪਹਿਲੀ ਅਲਾਮਤ ਨਿਰਾਸ਼ਾ ਅਤੇ ਉਦਾਸੀ ਹੁੰਦੀ ਹੈ, ਜੋ ਕਿ ਵੱਡੇ ਪੱਧਰ ਤੇ ਅੱਜ ਨੌਜਵਾਨਾਂ ਵਿਚ ਦੇਖੀ ਜਾ ਸਕਦੀ ਹੈ ਤੇ ਨਿਰਾਸ਼ਾ ਨੂੰ ਦੂਰ ਕਰਨ ਜਾਂ ਉਸ ਦੇ ਫੌਰੀ ਹੱਲ ਲਈ ਨਸ਼ਿਆਂ ਦੀ ਵਰਤੋਂ ਸਾਹਮਣੇ ਆਉਂਦੀ ਹੈ। ਨਸ਼ੇ ਅਤੇ ਨਿਰਾਸ਼ਾ, ਅਗਰ ਸਹੀ ਢੰਗ ਨਾਲ ਨਾ ਨਜਿੱਠੇ ਜਾਣ ਤਾਂ ਖੁਦਕਸ਼ੀ ਵੀ ਕੋਈ ਬਹੁਤੀ ਦੂਰ ਨਹੀਂ ਹੁੰਦੀ।

ਜਦੋਂ ਆਪਾਂ ਰੋਲ ਮਾਡਲ ਦੀ ਗੱਲ ਕਰ ਰਹੇ ਹਾਂ ਤੇ ਨੌਜਵਾਨ ਸਾਡੀ ਤਰਜੀਹ ਹਨ ਅਤੇ ਸਾਡੀ ਸਾਰੀ ਟੇਕ ਉਨ੍ਹਾਂ ਤੇ ਹੈ, ਸਾਨੂੰ ਨੌਜਵਾਨਾਂ ਨੂੰ ਨਿਸ਼ਾਨਾ ਬਨਾਉਣ ਤੋਂ ਪਹਿਲਾਂ ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ, ਜੋ ਸਵਾਲ ਸਾਡੇ ਲਈ ਨੌਜਵਾਨਾਂ ਨੇ ਖੜਾ ਕੀਤਾ ਹੈ ਕਿ ਜੋ ਗੁਣ ਉਨ੍ਹਾਂ ਨੂੰ ਲੋੜੀਂਦੇ ਹਨ, ਜਿਸ ਰੋਲ ਮਾਡਲ ਦੀ ਉਨ੍ਹਾਂ ਨੂੰ ਤਲਾਸ਼ ਹੈ, ਉਹ ਸਾਡੇ ਅੰਦਰ ਨਹੀਂ ਹਨ। ਇਸ ਦਾ ਕੀ ਹੱਲ ਹੈ, ਇਸ ਨੂੰ ਕਿਵੇਂ ਨਜਿਠਣਾ ਹੈ, ਇਸ ਪਾਸੇ ਵੀ ਸੋਚਣ —ਘੋਖਣ ਤੇ ਕੁਝ ਕਰਨ ਦੀ ਜ਼ਰੂਰਤ ਹੈ। ਆਪਣੇ ਆਪ ਨੂੰ ਕਟਿਹਰੇ ਵਿਚ ਖੜਾ ਕਰਨਾ ਔਖਾ ਜ਼ਰੂਰ ਹੁੰਦਾ ਹੈ। ਇਸ ਤੋਂ ਪਹਿਲਾਂ ਇਹ ਸਵੀਕਾਰ ਕਰਨਾ ਕਿ ਸਾਡੇ ਅੰਦਰ ਹੀ ਨੁਕਸ ਹੈ। ਪਰ ਨਾਲ ਹੀ, ਇਸ ਸੱਚ ਨੂੰ ਸੋਚ ਵਿਚ ਸਮੋਏ ਬਿਨਾਂ ਨੌਜਵਾਨੀ ਦੇ ਸੰਕਟ ਦਾ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ।

—ਡਾ. ਸ਼ਿਆਮ ਸੁੰਦਰ ਦੀਪਤੀ

ਮੋ: 98158—08506

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਤਕਾ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣ ‘ਤੇ ਗੁਰੂ ਨਾਨਕ ਗੱਤਕਾ ਅਕੈਡਮੀ ਲੋਧੀਮਾਜਰਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ
Next articleਬਲੱਡ ਡੋਨਰ ਸੋਸਾਇਟੀ ਬੰਗਾ ਵਲੋਂ ਵੱਖ ਵੱਖ ਸਕੂਲਾਂ ਵਿੱਚ ਅਵੱਲ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ