ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਆਪਣੀਆਂ ਮਾਨਵਤਾਵਾਦੀ ਸੇਵਾਵਾਂ ਲਈ ਜਾਣੀ ਪਛਾਣੀ ਸੰਸਥਾ ਪ੍ਰਭ ਆਸਰਾ ਪਡਿਆਲਾ ਦੀਆਂ ਕਾਰਜਵਿਧੀਆਂ ਵਿੱਚੋਂ ਪੰਘੂੜੇ ਦੀ ਸੇਵਾ ਵੀ ਅਹਿਮ ਸਥਾਨ ਰੱਖਦੀ ਹੈ। ਸੰਸਥਾ ਨੇ ਮੁੱਖ ਗੇਟ ਦੇ ਬਾਹਰ ਪੰਘੂੜਾ ਲਾਇਆ ਹੋਇਆ ਹੈ। ਜਿਸ ਉੱਤੇ ਲਿਖਿਆ ਹੈ ‘ਭਰੂਣ ਹੱਤਿਆ ਨਹੀਂ ਪੰਘੂੜਾ’। ਇਸ ਮੁੱਖ ਗੇਟ ‘ਤੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਇਸੇ ਪੰਘੂੜੇ ਵਿੱਚ 01 ਦਸੰਬਰ ਦੀ ਰਾਤ ਨੂੰ ਕੋਈ ਅਣਜਾਣ ਵਿਅਕਤੀ ਲੱਗਭਗ ਇੱਕ ਸਾਲ ਦੀ ਬੱਚੀ ਨੂੰ ਛੱਡ ਕੇ ਚਲਾ ਗਿਆ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਸਕਿਉਰਿਟੀ ਗਾਰਡ ਨੇ ਰਾਤ 11:24 ਕੁ ਵਜੇ ਬੱਚੇ ਦੇ ਰੋਣ ਦੀ ਅਵਾਜ ਸੁਣੀ ਤਾਂ ਉਸ ਨੇ ਪੰਘੂੜੇ ਵਿੱਚ ਬੱਚੀ ਵੇਖੀ। ਜਿਸਦੀ ਸੂਚਨਾ ਉਸ ਨੇ ਤੁਰੰਤ ਸੇਵਾਦਾਰਾਂ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਫੌਰੀ ਤੌਰ ‘ਤੇ ਬੱਚੀ ਦੀ ਸੁਰੱਖਿਆ ਬਾਬਤ ਇੰਤਜਾਮ ਕਰਕੇ ਉਸਨੂੰ ਸੰਭਾਲਿਆ। ਬੱਚੀ ਦੇ ਡਾਈਪਰ ਤੱਕ ਨਹੀਂ ਸੀ ਲੱਗਿਆ ਹੋਇਆ। ਜਿਸ ਕਾਰਨ ਉਸਦੇ ਕੰਬਲ਼ ਸਮੇਤ ਸਾਰੇ ਕੱਪੜੇ ਗਿੱਲੇ ਸਨ। ਛਾਤੀ ਵਿੱਚ ਬਲਗਮ ਜਮਣ ਕਾਰਨ ਆਵਾਜਾਂ ਆ ਰਹੀਆਂ ਸਨ ਅਤੇ ਉਸਤੋਂ ਦੁੱਧ ਵੀ ਨਹੀਂ ਪੀ ਹੋ ਰਿਹਾ ਸੀ। ਉਪਰੰਤ ਅੱਧੀ ਰਾਤ 12:45 ‘ਤੇ ਹੀ ਚਿਲਡਰਨ ਵੈੱਲਫੇਅਰ ਕਮੇਟੀ (CWC) ਦੇ ਚੇਅਰਮੈਨ ਕੇ.ਐੱਸ. ਗੁਰੂ, ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਤੇ ਯਾਦਵਿੰਦਰ ਕੌਰ ਅਤੇ ਕੁਰਾਲੀ ਪੁਲਿਸ ਸਟੇਸ਼ਨ ਵਿਖੇ ਸੂਚਨਾ ਦਿੱਤੀ ਗਈ। ਬੱਚੀ ਦੀ ਗੰਭੀਰ ਹਾਲਤ ਨੂੰ ਮੁੱਖ ਰੱਖਦਿਆਂ ਉਸ ਨੂੰ ਤੁਰੰਤ ਸਿਵਲ ਹਸਪਤਾਲ, ਫੇਜ਼-6, ਐਸ.ਏ.ਐਸ. ਨਗਰ (ਮੋਹਾਲ਼ੀ) ਵਿਖੇ ਮੈਡੀਕਲ ਚੈੱਕਅਪ ਲਈ ਭੇਜਿਆ ਗਿਆ। ਜਿੱਥੇ ਬੱਚੀ ਹੁਣ ਵੀ ਦਾਖ਼ਲ ਹੈ ਤੇ ਉਸ ਦੇ ਆਕਸੀਜਨ ਲੱਗੀ ਹੋਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly