ਨਵੀਂ ਦਿੱਲੀ (ਸਮਾਜ ਵੀਕਲੀ): ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਦੇਸ਼ ਵਾਸੀਆਂ ਦੇ ਨਾਂ ਸੰਬੋਧਨ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਲੋਕ ‘ਭਾਰਤੀਅਤਾ’ ਦਾ ਜਸ਼ਨ ਮਨਾਉਣ। ਉਨ੍ਹਾਂ ਕਿਹਾ ਕਿ ਦੇਸ਼ ਨੇ ਮਹਾਮਾਰੀ ਵੱਲੋਂ ਮਨੁੱਖਤਾ ਅੱਗੇ ਖੜ੍ਹੀਆਂ ਕੀਤੀਆਂ ਗ਼ੈਰ-ਸਾਧਾਰਨ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਹੈ ਤੇ ਮਿਸਾਲੀ ਦ੍ਰਿੜ੍ਹਤਾ ਦਿਖਾਈ ਹੈ। ਕੋਵਿੰਦ ਨੇ ਕਿਹਾ ਕਿ ਹੁਣ ਮਜ਼ਬੂਤ ਤੇ ਸੰਵੇਦਨਸ਼ੀਲ ਭਾਰਤ ਉੱਭਰ ਰਿਹਾ ਹੈ। 73ਵੇਂ ਗਣਤੰਤਰ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਲੋਕਤੰਤਰ, ਨਿਆਂ, ਆਜ਼ਾਦੀ, ਬਰਾਬਰੀ ਤੇ ਭਾਈਚਾਰਾ ਭਾਰਤ ਦੀ ਨੀਂਹ ਹਨ।
ਉਨ੍ਹਾਂ ਜ਼ੋਰ ਦਿੱਤਾ ਕਿ ਸੰਵਿਧਾਨ ਵਿਚ ਦਰਜ ਬੁਨਿਆਦੀ ਫ਼ਰਜ਼ਾਂ ਨੂੰ ਅਦਾ ਕਰਨ ਨਾਲ ਹੀ ਬੁਨਿਆਦੀ ਹੱਕ ਮਾਨਣ ਲਈ ਢੁੱਕਵਾਂ ਮਾਹੌਲ ਬਣਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਦੀ ਭਿੰਨਤਾ ਤੇ ਜੀਵੰਤ ਭਾਵਨਾ ਦੀ ਪੂਰੀ ਦੁਨੀਆ ਵਿਚ ਸਿਫ਼ਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਏਕੇ ਤੇ ਇਕ ਮੁਲਕ ਦੀ ਭਾਵਨਾ ਹੀ ਹੈ, ਜਿਸ ਨੂੰ ਅਸੀਂ ਹਰ ਸਾਲ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ। ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨਾਲ ਨਜਿੱਠਣਾ ਭਾਰਤ ਵਿਚ ਵੱਧ ਮੁਸ਼ਕਲ ਸੀ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਹੋਰ ਪੱਖ ਵੀ ਹਨ। ਪਰ ਅਜਿਹੇ ਔਖੇ ਸਮਿਆਂ ਵਿਚ ਹੀ ਇਕ ਮੁਲਕ ਦੇ ਦ੍ਰਿੜ੍ਹ ਇਰਾਦੇ ਚਮਕਦੇ ਹਨ। ਰਾਸ਼ਟਰਪਤੀ ਨੇ ਡਾਕਟਰਾਂ, ਨਰਸਾਂ ਤੇ ਪੈਰਾ-ਮੈਡੀਕਲ ਸਟਾਫ਼ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਹ ਚੁਣੌਤੀਆਂ ਅੱਗੇ ਡਟੇ ਹਨ ਤੇ ਆਪਣੀ ਜਾਨ ਉਤੇ ਖੇਡ ਕੇ ਜਾਨਾਂ ਬਚਾਈਆਂ ਹਨ। ਹੋਰਨਾਂ ਨੇ ਮੁਲਕ ਨੂੰ ਚੱਲਦਾ ਰੱਖਣ ਵਿਚ ਮਦਦ ਕੀਤੀ ਹੈ।
ਕੋਵਿੰਦ ਨੇ ਸਰਕਾਰਾਂ, ਨੀਤੀ ਘਾੜਿਆਂ, ਪ੍ਰਸ਼ਾਸਕਾਂ ਵੱਲੋਂ ਸਮੇਂ-ਸਿਰ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਇਸੇ ਦਾ ਸਿੱਟਾ ਹੈ ਕਿ ਦੇਸ਼ ਦੀ ਆਰਥਿਕਤਾ ਮੁੜ ਪੈਰਾਂ-ਸਿਰ ਹੋ ਰਹੀ ਹੈ। ਇਸ ਵਿੱਤੀ ਵਰ੍ਹੇ ਵਿਚ ਇਸ ਦੇ ਚੰਗੀ ਰਫ਼ਤਾਰ ਨਾਲ ਵਧਣ ਦੇ ਅਸਾਰ ਹਨ। ਰਾਸ਼ਟਰਪਤੀ ਨੇ ਕਿਹਾ ਕਿ ਵਿੱਤੀ ਕਾਰਗੁਜ਼ਾਰੀ ਵਿਚ ਖੇਤੀਬਾੜੀ ਤੇ ਨਿਰਮਾਣ ਸੈਕਟਰ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਨੌਜਵਾਨ ਕਿਸਾਨ ਕੁਦਰਤੀ ਖੇਤੀ ਵੱਲ ਵਧ ਰਹੇ ਹਨ। ਕੋਵਿੰਦ ਨੇ ਕਿਹਾ ਕਿ ਇਸ ਸਾਲ ਹਥਿਆਰਬੰਦ ਬਲਾਂ ’ਚ ਔਰਤਾਂ ਦੀ ਵਧੀ ਸ਼ਮੂਲੀਅਤ ਵੀ ਖ਼ੁਸ਼ੀ ਦਾ ਮੌਕਾ ਹੈ। ਔਰਤਾਂ ਦਾਇਰੇ ਵਿਚੋਂ ਬਾਹਰ ਆਈਆਂ ਹਨ ਤੇ ਸਥਾਈ ਕਮਿਸ਼ਨ ਹਾਸਲ ਕੀਤੇ ਹਨ। ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਭਾਰਤ ਦੀ ਸਭਿਅਤਾ ਪ੍ਰਾਚੀਨ ਹੈ ਪਰ ਦੇਸ਼ ਨੌਜਵਾਨ ਹੈ। ਸਾਡੇ ਲਈ ਰਾਸ਼ਟਰ ਨਿਰਮਾਣ ਇਕ ਲਗਾਤਾਰ ਚੱਲਦੀ ਪ੍ਰਕਿਰਿਆ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿਚ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਉਹ ਸਾਨੂੰ ਬਿਹਤਰ ਮਨੁੱਖ ਵਜੋਂ ਦੇਖਣਾ ਚਾਹੁੰਦੇ ਸਨ ਜੋ ਬਿਹਤਰ ਭਾਰਤ ਦੀ ਉਸਾਰੀ ਵਿਚ ਹਿੱਸਾ ਪਾਉਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly