ਯੂਕਰੇਨ ਲਈ ਕਿਰਾਏ ’ਤੇ ਲਈਆਂ ਉਡਾਣਾਂ ਦਾ ਖ਼ਰਚ 7-8 ਲੱਖ ਰੁਪਏ ਪ੍ਰਤੀ ਘੰਟਾ

ਮੁੰਬਈ (ਸਮਾਜ ਵੀਕਲੀ):  ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਲੈਣ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ 1.10 ਕਰੋੜ ਰੁਪਏ ਵਿਚ ਪੈ ਰਹੀ ਹੈ। ਇਹ ਆਉਣ-ਜਾਣ ਦਾ ਖ਼ਰਚਾ ਦੱਸਿਆ ਜਾ ਰਿਹਾ ਹੈ ਤੇ ਖ਼ਰਚ ਉਡਾਣ ਦੇ ਸਮੇਂ ਉਤੇ ਨਿਰਭਰ ਹੈ। ਸੂਤਰਾਂ ਮੁਤਾਬਕ ਏਅਰ ਇੰਡੀਆ ਨੂੰ ਉਡਾਣ 7-8 ਲੱਖ ਰੁਪਏ ਪ੍ਰਤੀ ਘੰਟਾ ਪੈ ਰਹੀ ਹੈ। ਏਅਰਲਾਈਨ ਵੱਡੇ ਆਕਾਰ ਵਾਲੇ ਬੋਇੰਗ 787 ਜਹਾਜ਼ ਜਿਨ੍ਹਾਂ ਨੂੰ ਡਰੀਮਲਾਈਨਰ ਵੀ ਕਿਹਾ ਜਾਂਦਾ ਹੈ, ਯੂਕਰੇਨ ਦੇ ਗੁਆਂਢੀ ਮੁਲਕਾਂ ਨੂੰ ਭੇਜ ਰਹੀ ਹੈ ਜਿੱਥੋਂ ਭਾਰਤੀਆਂ ਨੂੰ ਚੁੱਕਿਆ ਜਾ ਰਿਹਾ ਹੈ। ਇਹ ਰੋਮਾਨੀਆ ਤੇ ਹੰਗਰੀ ਜਾ ਰਹੇ ਹਨ। ਏਅਰ ਇੰਡੀਆ ਪਹਿਲਾਂ ਹੀ ਸੈਂਕੜੇ ਭਾਰਤੀਆਂ ਨੂੰ ਵਾਪਸ ਲਿਆ ਚੁੱਕੀ ਹੈ। ਇਹ ਉਡਾਣਾਂ ਭਾਰਤ ਸਰਕਾਰ ਨੇ ਚਾਰਟਰਡ ਆਧਾਰ ਉਤੇ (ਕਿਰਾਏ ਉਤੇ) ਏਅਰਲਾਈਨ ਤੋਂ ਲਈਆਂ ਹਨ।

ਏਅਰਲਾਈਨ ਦੇ ਇਕ ਸੂਤਰ ਨੇ ਦੱਸਿਆ ਕਿ ਚਾਰਟਰਡ ਫਲਾਈਟ ਦਾ ਪ੍ਰਤੀ ਘੰਟਾ ਖ਼ਰਚ ਸੱਤ ਤੋਂ 8 ਲੱਖ ਰੁਪਏ ਪੈਂਦਾ ਹੈ ਤੇ ਕੁੱਲ ਖ਼ਰਚਾ ਇਸ ਗੱਲ ਉਤੇ ਨਿਰਭਰ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਕਿੰਨਾ ਸਮਾਂ ਲੱਗੇਗਾ। ਇਸ ਸਾਰੇ ਖ਼ਰਚੇ ਵਿਚ ਸਟਾਫ਼, ਈਂਧਨ, ਨੇਵੀਗੇਸ਼ਨ, ਲੈਂਡਿੰਗ ਤੇ ਪਾਰਕਿੰਗ ਦੇ ਖ਼ਰਚੇ ਸ਼ਾਮਲ ਹਨ। ਏਅਰ ਇੰਡੀਆ ਦੀਆਂ ਉਡਾਣਾਂ ਇਸ ਵੇਲੇ ਬੁਖਾਰੈਸਟ (ਰੋਮਾਨੀਆ) ਤੇ ਬੁਡਾਪੈਸਟ (ਹੰਗਰੀ) ਤੋਂ ਉਡਾਣਾਂ ਚਲਾ ਰਹੀ ਹੈ। ਇਨ੍ਹਾਂ ਦੋਵਾਂ ਥਾਵਾਂ ਉਤੇ ਏਅਰਲਾਈਨ ਦੀਆਂ ਉਡਾਣਾਂ ਸ਼ਡਿਊਲ ਤਹਿਤ ਨਹੀਂ ਜਾਂਦੀਆਂ, ਇਹ ਆਫਲਾਈਨ ਸਟੇਸ਼ਨ ਹਨ। ਉਡਾਣ ਟਰੈਕ ਕਰਨ ਵਾਲੀ ਵੈੱਬਸਾਈਟ ‘ਫਲਾਈਟ ਅਵੇਅਰ’ ਮੁਤਾਬਕ ਬੁਖਾਰੈਸਟ ਤੋਂ ਮੁੰਬਈ ਉਡਾਣ ਨੇ ਛੇ ਘੰਟੇ, ਬੁਡਾਪੈਸਟ ਤੋਂ ਦਿੱਲੀ ਦੀ ਉਡਾਣ ਨੇ ਛੇ ਘੰਟੇ ਤੇ ਦਿੱਲੀ ਤੋਂ ਬੁਖਾਰੈਸਟ ਦੀ ਇਕ ਉਡਾਣ ਨੇ ਸੱਤ ਘੰਟੇ ਲਏ ਹਨ। ਇਸ ਤਰ੍ਹਾਂ ਆਉਣ-ਜਾਣ ਦਾ ਸਮਾਂ 14 ਘੰਟੇ ਬਣਦਾ ਹੈ ਤੇ ਖ਼ਰਚ ਕਰੀਬ 1.10 ਕਰੋੜ ਰੁਪਏ ਬਣਦਾ ਹੈ। ਸਰਕਾਰ ਉਡਾਣ ਲਈ ਲੋਕਾਂ ਤੋਂ ਕੋਈ ਪੈਸਾ ਨਹੀਂ ਲੈ ਰਹੀ ਹੈ। ਕੁਝ ਰਾਜ ਸਰਕਾਰਾਂ ਵੀ ਮਦਦ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਦੀ ਏਅਰਸਪੇਸ 24 ਫਰਵਰੀ ਨੂੰ ਰੂਸੀ ਹਮਲੇ ਕਾਰਨ ਬੰਦ ਹੋ ਗਈ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਛਮੀ ਬੰਗਾਲ: ਨਿਗਮ ਚੋਣਾਂ ਲਈ 76.51 ਫੀਸਦ ਵੋਟਿੰਗ
Next articleਸੰਸਦ ਤੋਂ ਪੰਚਾਇਤਾਂ ਤੱਕ ਔਰਤਾਂ ਨੇ ਮੁਕਾਮ ਹਾਸਲ ਕੀਤੇ: ਮੋਦੀ