(ਸਮਾਜ ਵੀਕਲੀ)
ਅੰਨਦਾਤਾ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਫਿਰ ਵੀ ਸਾਡੇ ਦੇਸ਼ ਦੇ ਜ਼ਿਆਦਾਤਰ ਹਿੱਸੇ ਦੇ ਕਿਸਾਨਾਂ ਦਾ ਜੀਵਨ ਬਹੁਤ ਦੁਖਦਾਇਕ ਦੌਰ ਵਿੱਚੋਂ ਗੁਜ਼ਰਦਾ ਹੈ।ਮਾੜੀ ਆਰਥਿਕ ਹਾਲਤ ਨਾਲ ਜਦੋਂ ਗੁਜ਼ਾਰਾ ਕਰਨਾ ਅਸੰਭਵ ਹੋ ਜਾਵੇ ਜਾਂ ਕਰਜ਼ਾ ਹੱਦ ਤੋਂ ਵਧ ਜਾਵੇ ਤਾਂ ਢਹਿੰਦੀ ਕਲਾ ‘ਚ ਆ ਕੇ ਰੋਜ਼ਾਨਾ ਅਨੇਕਾਂ ਕਿਸਾਨ ਵੱਲੋਂ ਭਿਆਨਕ ਕਦਮ ਉਠਾਏ ਜਾਂਦੇ ਹਨ।ਹਰ ਸਾਲ ਮੌਸਮ ਦੀ ਮਾਰ ਨਾਲ ਫਸਲਾਂ ਦੇ ਬਰਬਾਦ ਹੋਣ ਨਾਲ ਕਰਜ਼ਾ ਨਾ ਚੁਕਾਉਣ ਕਰਕੇ ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੁੰਦੇ ਹਨ। ਸਰਕਾਰ ਸਿੱਧੇ ਤੌਰ ਤੇ ਇਹਨਾਂ ਆਤਮ ਹੱਤਿਆਵਾਂ ਦੀ ਜ਼ਿੰਮੇਵਾਰ ਹੈ।
ਕਿਸਾਨਾਂ ਨਾਲ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਉਹਨਾਂ ਨੂੰ ਭੁਲਾ ਦਿੱਤਾ ਜਾਂਦਾ ਹੈ। ਮੋਦੀ ਸਰਕਾਰ ਨੇ ਵੀ ਚੋਣਾਂ ਸਮੇਂ ਕਿਸਾਨਾਂ ਨਾਲ ਕੁਝ ਵਾਅਦੇ ਕੀਤੇ ਸਨ। ਵਾਅਦਿਆਂ ਨੂੰ ਮੰਨਣ ਦੀ ਬਜਾਏ ਉਲਟਾ ਤਿੰਨ ਕਾਲੇ ਕਾਨੂੰਨ ਕਿਸਾਨਾਂ ਉਪਰ ਜ਼ਬਰਦਸਤੀ ਲਾਗੂ ਕਰ ਦਿੱਤਾ ਗਿਆ।ਤਿੰਨੇ ਖੇਤੀ ਕਾਨੂੰਨ ਕਿਸਾਨਾਂ ਤੇ ਧੱਕੇ ਨਾਲ ਥੋਪੇ ਗਏ ਹਨ ਜੋ ਸੰਵਿਧਾਨ ਦੀ ਉਲੰਘਣਾ ਹੈ,ਕਿਸਾਨ ਵਿਰੋਧੀ ਹਨ, ਅਤੇ ਵੱਡੇ ਕਾਰੋਬਾਰੀਆਂ ਦੇ ਹੱਕ ਵਿੱਚ ਹਨ।ਇਹਨਾਂ ਨੂੰ ਲਾਗੂ ਕਰਨ ਦੇ ਫੈਸਲੇ ਵਿਰੁੱਧ ਕਿਸਾਨੀ ਜਥੇਬੰਦੀਆਂ ਦੁਆਰਾ ਤਾਲਮੇਲ ਕੀਤਾ ਗਿਆ।
ਇਹ ਸਭ ਤੋਂ ਵੱਧ ਦੁੱਖ ਤਕਲੀਫ਼ਾਂ ਸਹਿ ਸਕਣ ਦੀ ਸਮਰੱਥਾ ਵਾਲੇ ਸਾਡੇ ਇਸ ਸਮਾਜਿਕ ਤਬਕੇ ਦਾ ਸੰਘਰਸ਼ ਅੰਦਰ ਸ਼ਾਮਲ ਹੋਣਾ ਹੀ ਸੰਘਰਸ਼ ਦਾ ਇੱਕ ਅਜਿਹਾ ਤਾਕਤਵਰ ਪਹਿਲੂ ਹੈ ਜੋ ਇੱਕ ਦਿਨ ਜ਼ਰੂਰ ਕਾਮਯਾਬੀ ਹਾਸਲ ਕਰੇਗਾ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਅੰਦਰ ਹੋਏ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀ ਮੋਰਚਾਬੰਦੀ ਨੇ ਔਰਤ ਹੱਕਾਂ ਦੀ ਲਹਿਰ ਲਈ ਵੀ ਇੱਕ ਠੋਸ ਸਹਾਰਾ ਸਿਰਜਿਆ ਹੈ ਜਿਸ ਰਾਹੀਂ ਔਰਤਾਂ ਦੇ ਹੱਕਾਂ ਪ੍ਰਤੀ ਔਰਤ ਪੱਖੀ ਮਾਹੌਲ ਉਸਰਿਆ ਹੈ।
ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਧਰਨਿਆਂ ਵਿਚ ਕਿਸਾਨੀ ਕਿੱਤੇ ਨਾਲ ਸਬੰਧਤ ਪਰਿਵਾਰਾਂ ਦੀਆਂ ਔਰਤਾਂ ਨੇ ਸਿੱਧੇ ਅਤੇ ਅਸਿੱਧੇ ਤੌਰ ਤੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਧਰਨਿਆਂ ਵਾਲੇ ਸਥਾਨਾਂ ‘ਤੇ ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਪਿੱਛੇ ਆਪਣੇ ਘਰਾਂ ਅਤੇ ਖੇਤਾਂ ਵਿਚਲੇ ਕੰਮਾਂ ਵਿੱਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਕਿਸਾਨਾਂ ਦੀਆਂ ਬਹੁਤੀਆਂ ਦਲੇਰ ਪਤਨੀਆਂ ਵੱਲੋਂ ਤਾਂ ਆਪਣੇ ਪਤੀਆਂ ਨੂੰ ਮੋਰਚਾ ਫ਼ਤਿਹ ਕਰਕੇ ਹੀ ਘਰ ਵਾਪਸ ਮੁੜਨ ਦੀ ਤਾਕੀਦ ਕੀਤੀ ਗਈ ਹੈ। ਦਿੱਲੀ ਵੱਲ ਜਾਂਦੀਆਂ ਟਰੈਕਟਰ ਟਰਾਲੀਆਂ ਦੀਆਂ ਵਹੀਰਾਂ ਵਿੱਚ ਆਮ ਹੀ ਔਰਤਾਂ ਬੰਦਿਆਂ ਬਰਾਬਰ ਜਾਂਦੀਆਂ ਦੇਖੀਆਂ ਜਾਂਦੀਆਂ ਹਨ।
ਔਰਤਾਂ ਵੱਲੋਂ ਟਰੈਕਟਰ ਮਾਰਚ ਕੱਢ ਕੇ ਸੰਸਾਰ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ। ਔਰਤਾਂ ਆਮ ਹੀ ਖੇਤਾਂ ਵਿੱਚ, ਧਰਨੇ ਵਿੱਚ ਅਤੇ ਮਾਰਚਾਂ ਵਿੱਚ ਟਰੈਕਟਰਾਂ ਦੇ ਸਟੇਰਿੰਗ ਤੇ ਬੈਠੀਆਂ ਦੇਖੀਆਂ ਜਾਂਦੀਆਂ ਹਨ। ਔਰਤਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਰਸਾਲੇ ਟਾਈਮ ਮੈਗਜ਼ੀਨ ਅਤੇ ਹੋਰ ਕਈ ਵਿਸ਼ਵ ਪੱਧਰ ਦੇ ਰਸਾਲਿਆਂ ਅਤੇ ਅਖਬਾਰਾਂ ਨੇ ਕਵਰ ਪੇਜ ‘ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਜਗ੍ਹਾ ਦਿੱਤੀ ਹੈ। ਕਈ ਮੈਗਜ਼ੀਨਾਂ ਦੇ ਕਵਰ ਪੇਜ ‘ਤੇ ਕਿਸਾਨ ਮੋਰਚੇ ਵਿੱਚ ਸ਼ਾਮਲ ਬੀਬੀਆਂ ਨੂੰ ਥਾਂ ਮਿਲਣਾ ਔਰਤਾਂ ਲਈ ਵੱਡੇ ਮਾਣ ਵਾਲੀ ਗੱਲ ਹੈ।
ਕਿਸਾਨੀ ਮੋਰਚੇ ਵਿੱਚ ਔਰਤਾਂ ਦੇ ਯੋਗਦਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿੱਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਮਰਦਾਂ ਦੇ ਬਰਾਬਰ ਦੀ ਹੈਸੀਅਤ ਰੱਖ ਕੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਦੀ ਹਰ ਔਖੀ ਤੋਂ ਔਖੀ ਘੜੀ ਵਿੱਚ ਵੀ ਸਾਥ ਦਿੰਦੀਆਂ ਹਨ। ਉਹ ਆਪਣਾ ਮੁਕਾਮ ਹਾਸਲ ਕਰਨ ਲਈ ਪੂਰੀ ਤਰ੍ਹਾਂ ਜਾਗਰੂਕ ਹਨ। ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਵਿਚਾਰ ਚਰਚਾ ਕਰਨ ਦੇ ਯੋਗ ਅਤੇ ਸਮਰੱਥ ਹਨ।
ਐਨੀਆਂ ਵੱਡੀਆਂ ਸਟੇਜਾਂ ਤੋਂ ਔਰਤਾਂ ਦਾ ਬੋਲਣਾ ਇੱਕ ਹਾਂ ਪੱਖੀ ਮਾਹੌਲ ਸਿਰਜਦਾ ਹੈ। ਔਰਤਾਂ ਦਾ ਇਹ ਸਾਰਥਕ ਯੋਗਦਾਨ ਅਤੇ ਹਾਂ ਪੱਖੀ ਰਵਾਇਤ ਭਵਿੱਖ ਵਿੱਚ ਕਿਸਾਨੀ ਅੰਦੋਲਨ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਮਜ਼ਬੂਤ ਆਧਾਰ ਬਣੇਗੀ। ਔਰਤਾਂ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਨਿਕਾਰ ਕੇ ਅੱਗੇ ਵਧ ਰਹੀਆਂ ਹਨ । ਕਿਸਾਨੀ ਅੰਦੋਲਨ ਰਾਹੀਂ ਔਰਤਾਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਵੀ ਪ੍ਰਗਟ ਕਰ ਰਹੀਆਂ ਹਨ।
ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਉੱਤੇ ਔਰਤ- ਪੁਰਸ਼ ਦੀ ਬਰਾਬਰੀ ਦੇ ਮਹੱਤਵ ਅਤੇ ਮੌਜੂਦਾ ਅੰਦੋਲਨ ਸਮੇਤ ਖੇਤੀ ਸੰਕਟ ਦੇ ਹੱਲ ਲਈ ਸੰਘਰਸ਼ ਵਿੱਚ ਔਰਤਾਂ ਦੇ ਯੋਗਦਾਨ ਦੀ ਅਹਿਮੀਅਤ ਇੱਕ ਇਤਿਹਾਸਕ ਕਦਮ ਸਾਬਿਤ ਹੋਵੇਗਾ । ਔਰਤਾਂ ਦਾ ਮੋਰਚਿਆਂ ਦੇ ਅੰਦਰ ਦਾ ਵਿਸ਼ਾਲ ਇਕੱਠ ਅਤੇ ਖੇਤਾਂ ਵਿੱਚ ਸੰਭਾਲ਼ੀ ਵਾਗਡੋਰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਬਲ ਪ੍ਰਦਾਨ ਕਰ ਰਿਹਾ ਹੈ। ਜਿਸ ਸੰਘਰਸ਼ ਵਿੱਚ ਔਰਤਾਂ ਦਾ ਐਨਾ ਵੱਡਾ ਯੋਗਦਾਨ ਹੋਵੇ, ਮੋਦੀ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਇੱਕ ਦਿਨ ਉਸ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਵੇਗਾ।
ਧੰਨਵਾਦ।
ਬਰਜਿੰਦਰ ਕੌਰ ਬਿਸਰਾਓ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly