‘ਸਿੱਧੂ, ਚੰਨੀ ਤੇ ਜਾਖੜ’ ਦੀ ਤਿੱਕੜੀ ’ਤੇ ਦਾਅ ਖੇਡੇਗੀ ਕਾਂਗਰਸ

ਲੁਧਿਆਣਾ (ਸਮਾਜ ਵੀਕਲੀ):  ਵਿਧਾਨ ਸਭਾ ਚੋਣਾਂ 2022 ਲਈ ਭਾਵੇਂ ਇਸ ਵਾਰ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀਂ ਕਰ ਰਹੀ ਪਰ ਚੋਣਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਾ ਹੋਵੇ, ਇਸ ਲਈ ਹੁਣ ਬੋਰਡਾਂ ’ਤੇ ਕਾਂਗਰਸ ਨੇ ਆਪਣੀ ਤਿੱਕੜੀ ਦੀਆਂ ਫੋਟੋਆਂ ਲਾ ਦਿੱਤੀਆਂ ਹਨ। ਇਸ ਵਾਰ ਕਾਂਗਰਸ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਦੇ ਨਾਂ ’ਤੇ ਚੋਣ ਲੜੇਗੀ, ਜਿਸ ਲਈ ਕਾਂਗਰਸ ਨੇ ਸਨਅਤੀ ਸ਼ਹਿਰ ਵਿੱਚ ਨਵੇਂ ਬੋਰਡ ਲਗਾ ਦਿੱਤੇ ਹਨ। ਇਨ੍ਹਾਂ ਬੋਰਡਾਂ ’ਤੇ ‘ਨਵੀਂ ਸੋਚ ਨਵਾਂ ਪੰਜਾਬ’ ਦੇ ਨਾਲ ਕਾਂਗਰਸ ਨੇ ‘ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਲਿਖਿਆ ਹੈ।

ਕਾਂਗਰਸ ਨੇ ਸਨਅਤੀ ਸ਼ਹਿਰ ਵਿੱਚ ਵਿਧਾਨ ਸਭਾ ਚੋਣਾਂ ਲਈ ਆਪਣੇ ਨਵੇਂ ਬੋਰਡ ਲਾ ਦਿੱਤੇ ਹਨ। ਇਸ ਵਾਰ ਬੋਰਡਾਂ ਵਿੱਚ ਖਾਸ ਗੱਲ ਇਹ ਦੇਖਣ ਨੂੰ ਮਿਲੀ ਹੈ ਕਿ ਕਾਂਗਰਸ ਨੇ ਸਿਰਫ਼ ਇੱਕ ਚਿਹਰੇ ’ਤੇ ਦਾਅ ਨਾ ਖੇਡਦਿਆਂ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਦੀ ਫੋਟੋ ਲਗਾਈ ਹੈ। ਨਵੇਂ ਬੋਰਡ ਲੱਗਦਿਆਂ ਹੀ ਇਹ ਬੋਰਡ ਪੂਰੇ ਸੂਬੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕਾਂਗਰਸੀਆਂ ਨੂੰ ਪਹਿਲਾਂ ਇਸ ਗੱਲ ਦਾ ਫਿਕਰ ਸੀ ਕਿ ਆਖ਼ਰ ਚੋਣਾਂ ਵਿੱਚ ਕਾਂਗਰਸ ਹਾਈ ਕਮਾਨ ਕਿਸ ਨੂੰ ਅੱਗੇ ਕਰੇਗੀ, ਜਿਸ ਕਰਕੇ ਕਾਂਗਰਸ ਦੇ ਆਗੂ ਕਾਫ਼ੀ ਪਰੇਸ਼ਾਨ ਸਨ ਪਰ ਇਨ੍ਹਾਂ ਨਵੇਂ ਬੋਰਡਾਂ ਦੇ ਲੱਗਦੇ ਹੀ ਹੁਣ ਆਮ ਲੋਕਾਂ ਤੇ ਕਾਂਗਰਸੀਆਂ ਵਿੱਚ ਇਹ ਬੋਰਡ ਕਾਫ਼ੀ ਚਰਚਾ ਵਿੱਚ ਹਨ। ਕਾਂਗਰਸੀਆਂ ਨੂੰ ਲੱਗ ਰਿਹਾ ਹੈ ਕਿ ਪਾਰਟੀ ਆਲਾ ਕਮਾਨ ਨੇ ਇਹ ਚੰਗਾ ਰਸਤਾ ਕੱਢਿਆ ਹੈ, ਜਿਸ ਨਾਲ ਤਿੰਨਾਂ ਹੀ ਆਗੂਆਂ ਦੇ ਸਮਰਥਕ ਕਾਂਗਰਸ ਦਾ ਸਾਥ ਦੇਣਗੇ।

ਸਿੱਧੂ ਦੀ ਫੋਟੋ ਸਭ ਤੋਂ ਅੱਗੇ ਲਾਈ

ਕਾਂਗਰਸ ਨੇ ਜੋ ਬੋਰਡ ਸਨਅਤੀ ਸ਼ਹਿਰ ਵਿੱਚ ਲਾਏ ਹਨ, ਉਨ੍ਹਾਂ ਵਿੱਚ ਸਭ ਤੋਂ ਅੱਗੇ ਨਵਜੋਤ ਸਿੰਘ ਸਿੱਧੂ ਦੇ ਬੋਰਡ ਲਗਾਏ ਗਏ ਹਨ, ਵਿਚਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਤੀਜੇ ਨੰਬਰ ’ਤੇ ਸੁਨੀਲ ਜਾਖੜ ਦੀ ਫੋਟੋ ਲਗਾਈ ਗਈ ਹੈ। ਇਸ ਬੋਰਡ ਰਾਹੀਂ ਕਾਂਗਰਸ ਜੱਟ ਸਿੱਖ, ਦਲਿਤ ਭਾਈਚਾਰੇ ਤੇ ਹਿੰਦੂ ਭਾਈਚਾਰੇ ਦੀਆਂ ਵੋਟਾਂ ਨੂੰ ਆਪਣੇ ਪਾਸੇ ਕਰਨਾ ਚਾਹੁੰਦੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਧਾਨ ਮੰਤਰੀ ਵੱਲੋਂ ‘ਪ੍ਰੀਕਸ਼ਾ ਪੇ ਚਰਚਾ’ ਲਈ ਰਜਿਸਟ੍ਰੇਸ਼ਨ ਕਰਵਾਉਣ ਦਾ ਸੱਦਾ
Next article‘ਆਪ’ ਨੂੰ ਰੋਕਣ ਲਈ ਇਕਜੁਟ ਹੋਈਆਂ ਸਾਰੀਆਂ ਸਿਆਸੀ ਧਿਰਾਂ: ਭਗਵੰਤ ਮਾਨ