ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ’ਚ ਚੱਲ ਰਹੀ ਖਾਨਾਜੰਗੀ ਦੇ ਹੱਲ ਲਈ ਹੁਣ ਟਕਸਾਲੀ ਆਗੂਆਂ ਨੂੰ ਵੀ ਟੋਹਣ ਲੱਗੀ ਹੈ। ਭਾਵੇਂ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਏਜੰਡੇ ’ਤੇ ਅਮਲ ਕਰਨ ਲਈ ਆਖ ਦਿੱਤਾ ਹੈ ਪਰ ਪਾਰਟੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਰਾਏ ਲੈਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ। ਹਾਈਕਮਾਨ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਵੀ ਭਰੋਸੇ ’ਚ ਲੈਣ ਲੱਗੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਅੱਜ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਕਾਂਗਰਸੀ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮੁਲਾਕਾਤ ਕੀਤੀ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਵੀ ਅੱਜ ਮੁਲਾਕਾਤ ਕੀਤੇ ਜਾਣ ਦੇ ਚਰਚੇ ਹਨ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨੇ ਇਨ੍ਹਾਂ ਆਗੂਆਂ ਨਾਲ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕੀਤੀ ਹੈ।
ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਉਨ੍ਹਾਂ ਅੱਜ ਰਾਹੁਲ ਗਾਂਧੀ ਨੂੰ ਮਸ਼ਵਰਾ ਦਿੱਤਾ ਹੈ ਕਿ ਪੰਜਾਬ ’ਚ ਨੁੱਕਰੇ ਲਾਏ ਗਏ ਟਕਸਾਲੀ ਆਗੂਆਂ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇ ਅਤੇ ਪਾਰਟੀ ਨੂੰ ਦਲ ਬਦਲੂਆਂ ਤੋਂ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਦਲ-ਬਦਲੂ ਕੁਰਸੀ ਖਾਤਰ ਗੇੜੇ ਮਾਰ ਰਹੇ ਹਨ ਅਤੇ ਉਨ੍ਹਾਂ ਦੀ ਪਾਰਟੀ ’ਚ ਕੋਈ ਸੇਵਾ ਨਹੀਂ ਹੈ। ਅਗਲੀਆਂ ਚੋਣਾਂ ਵਿਚ ਪਾਰਟੀ ਵੱਲੋਂ ਕਿਸੇ ਦਲਿਤ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਿਆ ਜਾਵੇ। ਉਨ੍ਹਾਂ ਪੰਜਾਬ ਵਿਚ ਮਾਫੀਆ ਰਾਜ ਬਾਰੇ ਵਿਸਥਾਰ ’ਚ ਦੱਸਿਆ।
ਉਨ੍ਹਾਂ ਲਿਖਤੀ ਪੱਤਰ ਦੇ ਕੇ ਪੰਜਾਬ ਵਿੱਚ ਗੱਠਜੋੜ ਸਰਕਾਰ ਸਮੇਂ ਹੋਏ ਵਜ਼ੀਫਾ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਰੱਖੀ। ਉਨ੍ਹਾਂ ਹੋਰ ਦਲਿਤ ਮਾਮਲੇ ਵੀ ਰਾਹੁਲ ਗਾਂਧੀ ਕੋਲ ਚੁੱਕੇ। ਇਸੇ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੀ ਰਾਏ ਰਾਹੁਲ ਗਾਂਧੀ ਨੂੰ ਦੇ ਦਿੱਤੀ ਹੈ ਅਤੇ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਪਾਰਟੀ ਦਾ ਅੰਦਰੂਨੀ ਵਿਵਾਦ ਜਲਦੀ ਨਿੱਬੜ ਜਾਵੇਗਾ। ਭਲਕੇ ਵੀ ਕੁਝ ਹੋਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਮਿਲਨਗੇ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਵਿਵਾਦ ਦੇ ਹੱਲ ਲਈ ਬਣਾਈ ਖੜਗੇ ਕਮੇਟੀ ਨੇ ਆਪਣੀ ਰਿਪੋਰਟ ਕਾਫੀ ਦਿਨ ਪਹਿਲਾਂ ਹਾਈਕਮਾਨ ਨੂੰ ਸੌਂਪ ਦਿੱਤੀ ਸੀ। ਇੱਧਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਾਈਕਮਾਨ ਤੋਂ ਮਿਲੀ ਹਦਾਇਤ ਮਗਰੋਂ 18 ਨੁਕਾਤੀ ਏਜੰਡੇ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly