

ਅਮਰਜੀਤ ਸਿੰਘ ਜੀਤ
(ਸਮਾਜ ਵੀਕਲੀ) ਕਹਿੰਦੇ ਨੇ ਕਈ ਵਾਰੀ ਹੜ੍ਹਾਂ ਦੀ ਰੋੜ੍ਹ ਤੇ ਹਨੇਰੀਆਂ-ਝੱਖੜਾਂ ਦਾ ਵੇਗ ਤੈਅ ਕਰਦੈ ਕਿੱਥੋਂ ਦੀ ਮਿੱਟੀ ਨੂੰ ਕਿੱਥੇ ਜਾ ਸੁੱਟਣਾ ਹੈ ,ਏਦਾਂ ਹੀ ਸਮੇਂ ਦੇ ਗੇੜ ਤੇ ਬਖਤ ਦੇ ਚੱਕਰ ਚ ਪਏ ਬੰਦੇ ਦੇ ਹਾਲਾਤ ਉਸ ਨੂੰ ਕਿਤੇ ਦੀ ਕਿਤੇ ਲੈ ਜਾਂਦੇ ਨੇ । ਦੱਸਦੇ ਹਨ ਕਿ ਜੋਧਪੁਰ ,ਰਾਜਸਥਾਨ ਦੇ ਮਹਾਰਾਜਾ ਜਸਵੰਤ ਸਿੰਘ ਰਾਠੌਰ ਦੇ ਪੋਤਰੇ ਮਾਨ ਸਿੰਘ ਦੇ ਛੋਟੇ ਪੁੱਤਰ ਸੁਰਜਨ ਸਿੰਘ ਰਾਠੌਰ ਨੇ ਸੂਫ਼ੀਵਾਦ ਤੋਂ ਪ੍ਰਭਾਵਿਤ ਹੋ ਕੇ ਦੀਨ ਕਬੂਲ ਕਰ ਲਿਆ ਤੇ ਉਹ ਇਸਲਾਮ ਦਾ ਪੈਰੋਕਾਰ ਹੋ ਗਿਆ ਸੀ। ਉਸਦਾ ਨਾਮ ਬਦਲ ਕੇ ਸਿਰਾਜਦੀਨ ਖਾਨ ਰਾਠੌਰ ਪੈ ਗਿਆ ਤੇ ਉਹ ਜੋਧਪੁਰ ਛੱਡ ਕੇ ਲਾਹੌਰ ਹੁੰਦਾ ਹੋਇਆ ਕਸ਼ਮੀਰ ਦੇ ਪੁੰਛ ਇਲਾਕੇ ਵਿਚ ਚਲਾ ਗਿਆ ਸੀ। ਇੱਥੋਂ ਅੱਗੇ ਉਹ ਕੁਹੂਟਾ ਦੇ ਇਕ ਚੌਧਰੀ ਦੀ ਲੜਕੀ ਨਾਲ ਨਿਕਾਹ ਕਰਾ ਕੇ ਉੱਥੇ ਹੀ ਰਹਿਣ ਲੱਗ ਪਿਆ ਤੇ ਬਾਅਦ ‘ਚ ਆਪਣੇ ਸਹੁਰੇ ਦੀ ਮੌਤ ਉਪਰੰਤ ਚੌਧਰੀ ਦੀ ਪਦਵੀ ਪ੍ਰਾਪਤ ਕਰਨ ਚ ਕਾਮਯਾਬ ਹੋ ਗਿਆ । ਤਰੱਕੀ ਕਰਦਾ ਕਰਦਾ ਉਹ ਪੁੰਛ ਇਲਾਕੇ ਦਾ ਸ਼ਾਸਕ ਬਣ ਗਿਆ।ਅੱਗੋਂ 1819 ਤੱਕ ਇਹੀ ਖਾਨਦਾਨ ਪੁੰਛ ਦੇ ਇਲਾਕੇ ‘ਤੇ ਸ਼ਾਸਨ ਕਰਦਾ ਰਿਹਾ।ਅੰਦਲੀਬ ਰਾਠੌਰ ਦਾ ਜਨਮ ਏਸੇ ਸ਼ਾਹੀ ਖਾਨਦਾਨ ਵਿਚ ਵਾਲਿਦ ਰਾਜਾ ਅਲੀ ਅਸਗਰ ਰਾਠੌਰ ਦੇ ਘਰ ਵਾਲਿਦਾ ਮੁਸੱਰਤ ਅਮੀਨ ਰਾਠੌਰ ਦੀ ਕੁੱਖੋਂ 15 ਅਕਤੂਬਰ 1987 ਨੂੰ ਸਰਹੱਦ ਪਾਰ ਕਸ਼ਮੀਰ ਦੇ ਜ਼ਿਲ੍ਹਾ ਹਵੇਲੀ ਕੁਹੂਟਾ ਵਿਖੇ ਹੋਇਆ।ਮੀਨੇ ਰਾਜਪੂਤ ਰਾਠੌਰਾਂ ਦੇ ਸ਼ਾਹੀ ਖਾਨਦਾਨ ‘ਚ ਪੈਦਾ ਹੋਈ ਅੰਦਲੀਬ ਰਾਠੌਰ ਇਕ ਬਹੁਪੱਖੀ ਵਿਲੱਖਣ ਸ਼ਖਸੀਅਤ ਹੈ ।ਉਸਦੀ ਸ਼ਖਸੀਅਤ ਦੇ ਵੱਖੋ-ਵੱਖ ਪਹਿਲੂਆਂ ਦੀ ਗੱਲ ਕਰੀਏ ਤਾਂ ਉਹ ਇੱਕ ਸਮਾਜ ਸੇਵਿਕਾ ,ਨਾਵਲਿਸਟ, ਅਫ਼ਸਾਨਾ-ਨਿਗਾਰ,ਨਾਟਕ-ਰਚੇਤਾ ਅਤੇ ਬਹੁਭਾਸ਼ਾਈ ਸ਼ਾਇਰਾ ਹੈ ।ਮੂਲ ਰੂਪ ਵਿੱਚ ਉਹ ਉਰਦੂ ਦੀ ਲੇਖਿਕਾ ਹੈ ਪਰ ਉਹ ਪੰਜਾਬੀ,ਮਾਰਵਾੜੀ ,ਗੁਜਰਾਤੀ, ਗੋਜਰੀ, ਡੋਗਰੀ, ਉਰਦੂ, ਪਸ਼ਤੋ, ਮੀਰਪੁਰੀ,ਹਿੰਦਕੋ, ਫਾਰਸੀ, ਅੰਗ੍ਰੇਜ਼ੀ, ਜਰਮਨੀ ਆਦਿ ਹੋਰ ਅਨੇਕਾਂ ਭਾਸ਼ਾਵਾਂ ਦੀ ਗਿਆਤਾ ਹੈ। ਅੰਦਲੀਬ ਦੇ ਪੁਰਖੇ ਮੂਲ ਰੂਪ ਰਾਜਸਥਾਨ ਦੇ ਜੋਧਪੁਰ ਰਾਜ ਘਰਾਣੇ ਨਾਲ ਸੰਬੰਧਤ ਹੋਣ ਕਾਰਨ ਅੰਦਲੀਬ ਨੂੰ ਜਿੱਥੇ ਮਾਣ ਹੈ ਉੱਥੇ ਉਸ ਦੇ ਮਨ ਵਿਚ ਇਕ ਲਗਾਅ ਤੇ ਤਰਸੇਵਾਂ ਵੀ ਹੈ ਪੁਰਖਿਆਂ ਦੀ ਧਰਤੀ ‘ਜੋਧਪੁਰ’ ਲਈ। ਇਕ ਵਾਰ ਅਮਰੀਕਾ ਦੇ ਇਕ ਉਰਦੂ ਅਖਬਾਰ ‘ਚ ਅੰਦਲੀਬ ਬਾਰੇ ਰਿਪੋਰਟ ਸ਼ਾਇਆ ਹੋਈ , ਜਿਸ ਵਿਚ ਉਸ ਦੀਆਂ ਚਾਰ ਤਸਵੀਰਾਂ ਵੀ ਸਨ ।ਸ਼ੋਸ਼ਲ ਮੀਡੀਆ ਤੇ ਇਹ ਰਿਪੋਰਟ ਆਉਣ ਤੇ ਕਿਸੇ ਪਾਠਕ ਨੇ ਟਿੱਪਣੀ ਕਰਕੇ ਕਿਹਾ ਕਿ ਇਹ ਤਾਂ ਬਰਤਾਨੀਆ ਦੀ ਸ਼ਹਿਜ਼ਾਦੀ ਲੱਗਦੀ ਹੈ।ਇਸ ਟਿੱਪਣੀ ਦੇ ਜੁਆਬ ਵਿਚ ਅੰਦਲੀਬ ਨੇ ਬੜੇ ਮਾਣ ਨਾਲ ਕਿਹਾ ਸੀ ਕਿ ਬਰਤਾਨੀਆ ਦੀ ਨਹੀਂ ਮੈਂ ਕਸ਼ਮੀਰ ਦੀ ਸ਼ਹਿਜ਼ਾਦੀ ਹਾਂ।ਇਹ ਸੀ ਅੰਦਲੀਬ ਦੇ ਸਵੈਮਾਣ ਦੀ ਗੱਲ।ਜ਼ਿਕਰਯੋਗ ਹੈ ਕਿ ਅੰਦਲੀਬ ਦੇ ਅੱਬਾ ਪਾਕਿਸਤਾਨ ਸਿਵਲ ਸਰਵਿਸ ਦੇ ਉੱਚ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਹਨ।
ਅੰਦਲੀਬ ਦੱਸਦੀ ਹੈ ਕਿ ਜਦ ਉਹ ਅਜੇ ਛੋਟੀ ਸੀ ਉਹਨਾਂ ਦੇ ਘਰ ਜਿੰਨੇ ਵੀ ਕਾਮੇ ਸਨ ਲਗਭਗ ਸਾਰੇ ਗੁੱਜਰ ਸਨ ,ਅੰਦਲੀਬ ਦੇ ਗੋਜਰੀ ਜ਼ੁਬਾਨ ਸਿੱਖਣ ਦਾ ਵੱਡਾ ਕਾਰਨ ਵੀ ਇਹਨਾਂ ਗੁੱਜਰ ਕਾਮਿਆਂ ਦਾ ਪਰਿਵਾਰ ਨਾਲ ਘੁਲਮਿਲ ਕੇ ਰਹਿਣਾ ਹੀ ਬਣਿਆ।ਉਹ ਦੱਸਦੀ ਹੈ ਕਿ ਬਚਪਨ ਤੋਂ ਹੀ ਉਸ ਨੂੰ ਗਰੀਬ ਕਾਮਿਆਂ ਨਾਲ ਨੇੜਤਾ ਕਰਨੀ ਚੰਗੀ ਲੱਗਦੀ ਸੀ। ਅੱਗੇ ਉਹ ਦੱਸਦੀ ਹੈ ਬਚਪਨ ਵਿਚ ਜਦ ਉਹ ਖਾਨਾਬਦੋਸ਼ ਬੱਕਰਵਾਲਾਂ ਦੇ ਡੇਰੇ ਜੋ ਕਿ ਕਦੇ ਕਦਾਈਂ ਉਹਨਾਂ ਦੀ ਰਿਹਾਇਸ਼ ਦੇ ਨੇੜੇ ਲੱਗੇ ਹੁੰਦੇ ਸਨ, ਨੂੰ ਦੇਖਦੀ ਤਾਂ ਉਹ ਹੈਰਾਨ ਹੋ ਕੇ ਸੋਚਦੀ ਰਹਿੰਦੀ ਇਹ ਲੋਕ ਕਿੱਥੋਂ ਆਉਂਦੇ ਹਨ ਕਿੱਥੇ ਜਾਂਦੇ ਹਨ ਇਹਨਾਂ ਦੇ ਅਸਲ ਟਿਕਾਣੇ ਕਿੱਥੇ ਹਨ। ਮੀਂਹ-ਹਨੇਰੀ ਚ ਕਿਵੇਂ ਗੁਜ਼ਾਰਾ ਕਰਦੇ ਹਨ। ਉਸਦੀ ਇਹੀ ਜਗਿਆਸਾ ਅੱਗੇ ਜਾ ਕੇ ਉਸਦਾ ਮਿਸ਼ਨ ਬਣ ਗਈ।ਉਸਨੂੰ ਬੱਕਰਵਾਲ ਖਾਨਾਬਦੋਸ਼ਾਂ ਨਾਲ ਗੂੜ੍ਹਾ ਸਨੇਹ ਹੋ ਗਿਆ। ਉਸਨੇ ਬੇਸ਼ੱਕ ਐਮ ਬੀ ਏ ਤੱਕ ਦੀ ਪੜ੍ਹਾਈ ਲਾਹੌਰ ਵਰਗੇ ਬੇਹੱਦ ਸਭਿਆਕ ਸ਼ਹਿਰ ‘ਚ ਰਹਿ ਕੇ ਕੀਤੀ ਪਰ ਖਾਨਾਬਦੋਸ਼ ਬੱਕਰਵਾਲਾਂ ਲਈ ਉਸਦੀ ਉਤਸੁਕਤਾ ਬਣੀ ਰਹੀ। ਹੁਣ ਉਸਨੇ ਬੱਕਰਵਾਲਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਸੀ। ਸ਼ਾਹੀ ਪਰਿਵਾਰ ਨੂੰ ਬੇਸ਼ੱਕ ਇਹ ਪਸੰਦ ਨਹੀਂ ਸੀ ਪਰ ਅੰਦਲੀਬ ਨੇ ਆਪਣਾ ਰਾਹ ਚੁਣ ਲਿਆ ਸੀ ਉਸ ਨੇ ਬੱਕਰਵਾਲਾਂ ‘ਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ ਖੁਦ ਵੀ ਖਾਨਾਬਦੋਸ਼ ਬਣ ਕੇ ਉਹਨਾਂ ਵਿਚ ਰਚਮਿਚ ਗਈ।ਬੇਸ਼ੱਕ ਇਸ ਲਈ ਉਸ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਹਿਲੀ ਦਿੱਕਤ ਤਾਂ ਉਸਦਾ ਇਕ ਰਾਜਪੂਤ ਔਰਤ ਹੋਣਾ ਹੀ ਸੀ।ਉਹ ਦੱਸਦੀ ਹੈ ਕਿ ਉਸ ਦੇ ਪਰਿਵਾਰ ਵਿਚ ਇਸ ਤੋਂ ਪਹਿਲਾਂ ਕੋਈ ਵੀ ਮੈਂਬਰ ਲੇਖਕ ਜਾਂ ਕਵੀ ਨਹੀਂ ਸੀ ,ਇਹ ਸਾਰਾ ਕੁੱਝ ਉਸ ਨੂੰ ਲੀਹਾ ਭੰਨ ਕੇ ਕਰਨਾ ਪਿਆ। ਅਗਲੀ ਵੱਡੀ ਮੁਸ਼ਕਲ ਇਹ ਸੀ ਕਿ ਬੱਕਰਵਾਲ ਕਿਸੇ ਨੂੰ ਆਪਣੇ ਖੇਮੇ ਚ ਰਲਾਉਂਦੇ ਹੀ ਨਹੀਂ ਸਨ।ਉਹ ਬੜੇ ਖ਼ੁਦਦਾਰ ਤੇ ਅਣਖੀ ਹੁੰਦੇ ਹਨ ,ਕਿਸੇ ਤੋਂ ਭੀਖ ਮੰਗਣਾ ਜਾਂ ਰਹਿਮ ਦੀ ਆਸ ਕਰਨਾ ਉਹਨਾਂ ਦੇ ਸਭਿਆਚਾਰ ਵਿਚ ਹੁੰਦਾ ਹੀ ਨਹੀਂ । ਇਸ ਲਈ ਉਹ ਕਿਸੇ ਤੋਂ ਕੁਝ ਵੀ ਮੁਫਤ ‘ਚ ਪ੍ਰਾਪਤ ਕਰਨ ਦੇ ਹੱਕ ‘ਚ ਨਹੀਂ ਹੁੰਦੇ। ਅੰਦਲੀਬ ਦੱਸਦੀ ਹੈ ਕਿ ਗੋਜਰੀ ਬੋਲਣ ਕਾਰਣ ਉਹ ਜਲਦ ਹੀ ਬੱਕਰਵਾਲਾਂ ਦੇ ਨੇੜੇ ਹੋ ਗਈ ਤੇ ਇੰਜ ਉਸ ਨੂੰ ਬੱਕਰਵਾਲਾਂ ਨਾਲ ਵਿਚਰਣ ਦੀ ਸਹਿਮਤੀ ਮਿਲ ਗਈ।ਇਸ ਦੌਰਾਨ ਉਸ ਨੇ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਕਿੰਨੀਆ ਧੁੱਪਾਂ-ਛਾਵਾਂ ,ਝੱਖੜ-ਝੋਲੇ ਤੇ ਬਰਫੀਲੀਆਂ ਰਾਤਾਂ ਆਪਣੇ ਤਨ ਤੇ ਹੰਢਾਈਆਂ ।ਉਹ ਖਾਨਾਬਦੋਸ਼ਾਂ ਦੇ ਪਿੱਛੇ ਪਿੱਛੇ ਦਰਿਆਵਾਂ ਤੇ ਨੋਕੀਲੀਆਂ ਪਰਬਤੀ ਚੋਟੀਆਂ ਨੂੰ ਪਾਰ ਕਰਦੀ ਹੋਈ ਉੱਬੜ-ਖਾਬੜ ਰਾਹਾਂ ਦੀ ਪਾਂਧੀ ਬਣੀ ਰਹੀ ਤੇ ਫਿਰ ਉਸ ਨੇ ਇਕ ਹੋਰ ਉਪਰਾਲਾ ਕੀਤਾ ਖਾਨਾਬਦੋਸ਼ਾਂ ਨੂੰ ਸਭਿਆਚਾਰ ਦੀ ਮੁੱਖ ਧਾਰਾ ਨਾਲ ਜੋੜਨ ਦਾ ,ਉਹਨਾਂ ਦੇ ਬੱਚਿਆਂ ਨੂੰ ਤਾਲੀਮ ਦੇਣ ਦਾ ।ਉਹ ਕੁਝ ਹੱਦ ਤੱਕ ਕਾਮਯਾਬ ਵੀ ਹੋਈ। ਉਸ ਨੇ ਆਪਣੇ ਨੌਜਵਾਨ ਸਵੈ ਸੇਵੀ ਸਾਥੀਆਂ ਦੀ ਟੀਮ ਬਣਾਈ ਜਿਸ ਵਿੱਚ ਅਧਿਆਪਕ ,ਡਾਕਟਰ ਤੇ ਹੋਰ ਪੜ੍ਹੇ ਲਿਖੇ ਸਾਥੀ ਸੇਵਾ ਹਿੱਤ ਅੱਗੇ ਆਏ। ਹੁਣ ਉਸਨੇ ਖਾਨਾਬਦੋਸ਼ ਬੱਚਿਆਂ ਲਈ ਮੋਬਾਈਲ ਸਕੂਲ ਸ਼ੁਰੂ ਕੀਤੇ ਹੋਏ ਹਨ।ਖਾਨਾਬਦੋਸ਼ਾਂ ਦੀ ਭਲਾਈ ਹਿੱਤ ਡਾਕਟਰੀ ਕੈਂਪ ਲਗਾਏ ਜਾਂਦੇ ਹਨ।ਇਸ ਕਾਰਜ ਲਈ ਉਹ ਦੱਸਦੀ ਹੈ ਉਸਦੀ ਟੀਮ ਵਿਚ ਲਗਭਗ 500 ਸਵੈ ਸੇਵੀ ਸਾਥੀ ਸੇਵਾ ਲਈ ਜੁੜ ਚੁੱਕੇ ਹਨ।ਉਹ ਦੱਸਦੀ ਹੈ ਖਾਨਾਬਦੋਸ਼ਾਂ ਬਾਰੇ ਬਹੁਤ ਕੰਮ ਹੋਣਾ ਅਜੇ ਬਾਕੀ ਹੈ।ਕੋਸ਼ਿਸ਼ ਜਾਰੀ ਹੈ। ਇਸੇ ਕੜੀ ਚ ਉਹ ਇਕ ਪੁਸਤਕ ‘ ਖਾਨਾਬਦੋਸ਼ ਹਿਸਟਰੀ ‘ ਵੀ ਲਿਖ ਚੁੱਕੀ ਹੈ।ਇਸ ਤੋਂ ਇਲਾਵਾ ਉਸਦੀ ਟੀਮ ਪਛੜੇ ਹੋਏ ਖੇਤਰਾਂ ਵਿਚ ਜਿੱਥੇ ਡਾਕਟਰੀ ਸਹੂਲਤ ਦੀ ਲੋੜ ਹੁੰਦੀ ਹੈ ਮੈਡੀਕਲ ਕੈੰਪ ਲਗਾਉਂਦੀ ਰਹਿੰਦੀ ਹੈ।ਉਹ ਗੁਰਬਤ ਤੇ ਜਹਾਲਤ ਵਰਗੀਆਂ ਸਮੱਸਿਆਵਾਂ ਨੂੰ ਸਮਾਜ ਚੋਂ ਖਤਮ ਕਰਨ ਦੀ ਮੁਦਈ ਹੈ।
ਜਿੱਥੇ ਉਹ ਸਮਾਜ ਸੇਵਾ ਚ ਦਿਨ ਰਾਤ ਇਕ ਕਰੀ ਰੱਖਦੀ ਹੈ ਉੱਥੇ ਉਹ ਸਾਹਿਤਕ ਖੇਤਰ ਦੀ ਵੀ ਮੰਨੀ ਪ੍ਰਮੰਨੀ ਅਦਬੀ ਸ਼ਖਸੀਅਤ ਹੈ।ਉਸਦੇ ਕਸ਼ਮੀਰੀ ਬੋਲਾਂ ਚ ਮਾਰਵਾੜ ਦੀ ਚੱਸ ,ਮੁਹੱਬਤੀ ਟੁਣਕਾਰ ਤੇ ਰਾਜਪੂਤੀ ਜੁਅਰਤ ਹੁੰਦੀ ਹੈ।ਹੁਣ ਤੱਕ ਉਹ ਪਾਠਕਾਂ ਦੀ ਕਚਿਹਰੀ ਵਿਚ ਕੁੱਲ ਛੇ ਪੁਸਤਕਾਂ ਪੇਸ਼ ਕਰ ਚੁੱਕੀ ਹੈ ਜਿਹਨਾਂ ਵਿੱਚੋਂ ਉਰਦੂ ਗ਼ਜ਼ਲਾਤ ਤੇ ਨਜ਼ਮਾਂ ਦੀ ‘ ਆਇਨਾ ਤਾਕ ਪਰ’, ਨਾਵਲ ‘ ਸਿਆਹ ਲਿਬਾਸ ਕੀ ਕੈਦ’ , ਦੋ ਕਿਤਾਬਾਂ ਇਤਿਹਾਸਕ ‘ਖਾਨਾਬਦੋਸ਼ ਹਿਸਟਰੀ’ , ‘ਰਾਜਪੂਤ ਹਿਸਟਰੀ’ ਨਾਵਲ ‘ਇਸ਼ਕ ਨਾ ਪੁੱਛੇ ਜ਼ਾਤਾਂ ‘ ਅਤੇ ਨਿੱਕੇ ਨਿੱਕੇ ਯਾਦਗਾਰੀ ਪਲਾਂ ਦਾ ਸੰਗ੍ਰਹਿ ‘ਬਿਖਰੀ ਯਾਦੇਂ ‘ ਸ਼ਾਮਲ ਹਨ। ਉਸਦੀਆਂ ਗ਼ਜ਼ਲਾਂ ਤੇ ਨਜ਼ਮਾਂ ਵਿਚ ਕੋਮਲ ਅਹਿਸਾਸ, ਮੁਹੱਬਤੀ ਰੰਗ ,ਤਰਸੇਵਾਂ ਤੇ ਕੁਦਰਤੀ ਵਰਤਾਰਿਆਂ ਦੀ ਸਿਫਤ ਤਾਂ ਹੁੰਦੀ ਹੀ ਹੈ ਪਰ ਕਿਤੇ ਕਿਤੇ ਸਮਾਜਿਕ ਵਿਸੰਗਤੀਆਂ , ਅਸਾਵੇਂਪਣ ,ਕਾਣੀ ਵੰਡ ਤੇ ਨਾਰੀ ਦੇ ਸ਼ੋਸ਼ਣ ਪ੍ਰਤਿ ਨਾਬਰੀ ਸੁਰ ਵੀ ਹੈ।ਆਪਣੀਆਂ ਗ਼ਜ਼ਲਾਂ ਵਿਚ ਉਹ ਆਪਣੇ ਪੁਰਖਿਆਂ ਦੀ ਧਰਤੀ ਜੋਧਪੁਰ ਪ੍ਰਤਿ ਆਪਣਾ ਹੇਜ ਵੀ ਜ਼ਾਹਿਰ ਕਰਦੀ ਹੈ। ਉਸ ਦੀਆਂ ਲਿਖਤਾਂ ਪੂਰੀ ਮਨੁੱਖਤਾ ਲਈ ਸਦਭਾਵਨਾ ਤੇ ਅਮਨੋ-ਈਮਾਨ ਦੀ ਸ਼ਾਹਦੀ ਭਰਦੀਆਂ ਹਨ।ਉਹ ਆਪਣੀਆਂ ਲਿਖਤਾਂ ਰਾਹੀਂ ਪੂਰੀ ਦੁਨੀਆ ਨੂੰ ਪਿਆਰ-ਮੁਹੱਬਤ ਦਾ ਪੈਗਾਮ ਦਿੰਦੀ ਜਾਪਦੀ ਹੈ।ਉਸ ਦੇ ਗ਼ਜ਼ਲ ‘ਸੰਗ੍ਰਹਿ ਆਇਨਾ ਤਾਕ ਪਰ’ ਨੇ ਦੁਨੀਆ ਦੀਆਂ ਮਸ਼ਹੂਰ ਅਦਬੀ ਸ਼ਖਸੀਅਤਾਂ ਦਾ ਧਿਆਨ ਖਿੱਚਿਆ ਹੈ ਜਿਹਨਾਂ ਵਿੱਚ ‘ਜਾਵੇਦ ਅਖਤਰ ਸਾਹਿਬ, ਗੁਲਜ਼ਾਰ (ਭਾਰਤ),ਚੌਧਰੀ ਮਦਨ ਮੋਹਨ ਭੂਪਾਲ, ਡਾਕਟਰ ਜਰਨੈਲ ਸਿੰਘ ਆਨੰਦ (ਪੰਜਾਬ),ਹੈਦਰ ਕੁਰੈਸ਼ੀ (ਜਰਮਨੀ),ਡਾਕਟਰ ਮਕਸੂਦ ਜਾਫ਼ਰੀ ਨਿਊਯਾਰਕ ਅਤੇ ਨਾਸਿਰ ਅਦੀਬ ਫਿਲਮੀ ਲੇਖਕ ਆਦਿ ਹਨ, ਜਿਹਨਾਂ ਨੇ ਆਪਣੀਆਂ ਮੁੱਲਵਾਨ ਟਿੱਪਣੀਆਂ ਉਸ ਦੀ ਕਿਤਾਬ ਚ ਦਰਜ ਕੀਤੀਆਂ ਹਨ।
ਆਪਣੀ ਜ਼ਿੰਦਗੀ ਦੀ ਨਿੱਜੀ ਗੱਲ ਕਰਦਿਆਂ ਉਹ ਦੱਸਦੀ ਉਸਦੇ ਸ਼ੌਹਰ ਰਾਜਾ ਸ਼ਫ਼ਕਤ ਰਾਠੌਰ ਤੇ ਤਿੰਨ ਬੱਚਿਆਂ ਸਮੇਤ ਉਸਦਾ ਇਕ ਖੁਸ਼ਹਾਲ ਪਰਿਵਾਰ ਹੈ ।ਉਹ ਆਪਣੇ ਪਰਿਵਾਰ ਨੂੰ ਬੇਪਨਾਹ ਮੁਹੱਬਤ ਕਰਦੀ ਹੈ ।ਰਾਜਾ ਸ਼ਫ਼ਕਤ ਰਾਠੌਰ ਬੇਸ਼ੱਕ ਇਕ ਵੱਡਾ ਕਾਰੋਬਾਰੀ ਹੈ ਪਰ ਉਹ ਅੰਦਲੀਬ ਦੇ ਅਦਬੀ ਕਾਰਜਾਂ ਵਿੱਚ ਹਮੇਸ਼ਾਂ ਸਹਾਈ ਹੁੰਦਾ ਹੈ।
ਉਸਦੀ ਸਮਾਜ ਸੇਵਾ ਅਤੇ ਸਾਹਿਤਕ ਦੇਣ ਬਦਲੇ ਸਮਾਜਿਕ ਤੇ ਅਦਬੀ ਤਨਜ਼ੀਮਾਂ ਨੇ ਉਸਨੂੰ ਬੇਹੱਦ ਮਾਣ ਸਨਮਾਨ ਦਿੱਤਾ ਹੈ।ਜਿਸ ਵਿਚ ‘ਅਹਿਸਾਸ ਫਾਰ ਲਾਇਫ ਐਵਾਰਡ ‘,’ਸਰ ਸਯੱਦ ਅਹਿਮਦ ਖਾਨ ਗੋਲਡ ਮੈਡਲ ‘ , ‘ਗ਼ਾਲਿਬ ਐਵਾਰਡ ‘ , ‘ਸਲੋਰ ਮੈਡਲ ਮਲੇਸ਼ੀਆ’, ‘ ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ’ , ‘ਮੈਡਲ ਬਹਿਰੀਨ ਗਵਰਨਮੈਂਟ ‘ ਅਤੇ ਹੋਰ ਵੀ ਬਹੁਤ ਸਾਰੇ ਐਵਾਰਡ ਤੇ ਸਨਮਾਨ ਪੱਤਰ ਦੇਸ਼ਾਂ ਵਿਦੇਸ਼ਾਂ ਤੋਂ ਉਸ ਨੂੰ ਪ੍ਰਾਪਤ ਹੋਏ ਹਨ।ਉਹ ਦੱਸਦੀ ਹੈ ਕਿ ਪਾਕਿਸਤਾਨ, ਭਾਰਤ, ਯੂਰਪੀਅਨ ਦੇਸ਼ਾਂ ਤੋਂ ਇਲਾਵਾ ਯੁ ਐਸ ਏ ਤੱਕ ਦੇ ਸ਼ੋਸ਼ਲ ਵਰਕਰ ਤੇ ਅਦਬੀ ਲੋਕ ਸਾਹਿਤ ਅਤੇ ਸਮਾਜ ਸੇਵਾ ਹਿੱਤ ਉਸ ਨਾਲ ਜੁੜੇ ਹੋਏ ਹਨ।
ਪੇਸ਼ ਹਨ ਉਸ ਦੀਆਂ ਕੁੱਝ ਗ਼ਜ਼ਲਾਂ:
1)
ਤਿਰੇ ਗ਼ਮ ਮੇਂ ਸੰਭਲ ਜਾਤੀ ਤੋ ਕਿਆ ਹੋਤਾ
ਕਹਾਣੀ ਥੀ ਬਦਲ ਜਾਤੀ ਤੋ ਕਿਆ ਹੋਤਾ
ਤੋ ਕਿਆ ਦੁਨੀਆ ਕਾ ਨਕਸ਼ਾ ਬਦਲ ਜਾਤਾ
ਮਿਰੀ ਤਰਕੀਬ ਚਲ ਜਾਤੀ ਤੋ ਕਿਆ ਹੋਤਾ
ਮੁਝੇ ਹਦ ਮੇਂ ਬਿਠਾ ਕਰ ਭੀ ਪਰੇਸ਼ਾਂ’ ਹੋ
ਅਗਰ ਹਦ ਸੇ ਨਿਕਲ ਜਾਤੀ ਤੋ ਕਿਆ ਹੋਤਾ
ਬਦਲਣੀ ਤੋ ਨਹੀਂ ਥੀ ਜ਼ਿੰਦਗੀ ਫਿਰ ਵੀ
ਤਿਰੇ ਸਾਂਚੇ ਮੇਂ ਢਲ਼ ਜਾਤੀ ਤੋ ਕਿਆ ਹੋਤੇ
ਲਗਾ ਕਰ ਪੇਚ ਤੇਰੇ ਪਿਆਰ ਕਾ ਦਿਲ ਮੇਂ
ਅਗਰ ਕੁਛ ਫੂਲ ਫਲ਼ ਜਾਤੀ ਤੋ ਕਿਆ ਹੋਤਾ
(ਅੰਦਲੀਬ ਰਾਠੌਰ)
2)
ਕਿਸੀ ਝੂਠੀ ਅਨਾ ਪਰ ਵਾਰ ਦੋਗੇ
ਮੁਝੇ ਔਰਤ ਸਮਝ ਕਰ ਮਾਰ ਦੋਗੇ
ਮੁਝੇ ਤੁਮ ਜੀਤ ਤੋ ਜਾਓਗੇ ਲੇਕਿਨ
ਕਿਸੀ ਦਿਨ ਫਿਰ ਜੂਏ ਮੈਂ ਹਾਰ ਦੋਗੇ
ਕਹਾਣੀ ਮੇਂ ਇਜ਼ਾਫ਼ਾ ਕਰ ਰਹੇ ਹੋ
ਮੁਝੇ ਕੋਈ ਨਯਾ ਕਿਰਦਾਰ ਦੋਗੇ
ਪਤਾ ਚੱਲਣੇ ਨਾ ਦੇਣਾ ਆਜ ਕੀ ਬਾਤ
ਹਮੇਸ਼ਾ ਕੱਲ੍ਹ ਕੀ ਹੀ ਅਖ਼ਬਾਰ ਦੋਗੇ
ਤੁਮਹਾਰੇ ਮਸਲੇ ਭੀ ਕੰਮ ਨਾ ਹੋਂਗੇ
ਮਸਾਈਲ ਕਾ ਅਗਰ ਅੰਬਾਰ ਦੋਗੇ
ਤੁਮਹਾਰੇ ਸਾਥ ਚੱਲਣੇ ਕੋ ਚੱਲੂੰ
ਪਰ ਮੁਝੇ ਹਰ ਰਾਸਤਾ ਪੁਰ ਖ਼ਾਰ ਦੋਗੇ
ਯੇ ਦਿਲ ਕਿਆ ਜਾਨ ਭੀ ਹਾਜ਼ਰ ਹੈ ਲੇਕਿਨ
ਮੁਹੱਬਤ ਕੇ ਗੁਲ ਓ ਗੁਲਜ਼ਾਰ ਦੋਗੇ
ਦੁਬਾਰਾ ਰਬਤ ਕੈਸੇ ਜੋੜ ਲੂੰ ਮੈਂ
ਮੁਝੇ ਤੁਮ ਫਿਰ ਨਯਾ ਆਜ਼ਾਰ ਦੋਗੇ
(ਅੰਦਲੀਬ ਰਾਠੌਰ )
ਉਸਦੀ ਸਾਹਿਤਕ ਤੇ ਸਮਾਜਿਕ ਦੇਣ ਬਦਲੇ ਉਸਨੂੰ ਮੁਬਾਰਕਬਾਦ, ਸ਼ਾਲਾ! ਉਹ ਆਪਣੇ ਨੇਕ ਕਾਰਜਾਂ ਨੂੰ ਸਾਬਤ ਕਦਮੀਂ ਅੰਜਾਮ ਦਿੰਦੀ ਰਹੇ ਤੇ ਅਦਬੀ ਦੁਨੀਆ ਨੂੰ ਆਪਣੀਆਂ ਲਿਖਤਾਂ ਰਾਹੀਂ ਹੋਰ ਵੀ ਅਮੀਰ ਬਣਾਉਂਦੀ ਰਹੇ।ਇਸ ਆਸ ਨਾਲ ਕਿ ਉਹ ਮਨੁੱਖੀ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀ ਹੋਈ ਆਪਣਾ ਸਾਹਿਤਕ ਸਫਰ ਨਿਰੰਤਰ ਜਾਰੀ ਰੱਖੇਗੀ ,ਇਕ ਵਾਰ ਫਿਰ ਸ਼ਾਬਾਸ਼! ਕਹਿੰਦੇ ਹੋਏ ਮੁਬਾਰਕਬਾਦ।
ਆਮੀਨ!
ਅਮਰਜੀਤ ਸਿੰਘ ਜੀਤ
9417287122