(ਸਮਾਜ ਵੀਕਲੀ) ਸੇਵਾ ਮੁਕਤੀ ਤੋਂ ਬਾਅਦ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਏ ਇੱਕ ਲੇਖਕ ਦੇ ਲੜਕਿਆਂ ਨੇ ਉਸ ਵਾਸਤੇ ਇੱਕ ਵਧੀਆ ਤੇ ਅਲੱਗ ਮਕਾਨ ਬਣਵਾ ਦਿੱਤਾ। ਉਸ ਮਕਾਨ ਵਿੱਚ ਤਿੰਨ ਕਮਰੇ ਸਨ ਜਿਨ੍ਹਾਂ ਵਿੱਚੋਂ ਇੱਕ ਕਮਰਾ ਲੇਖਕ ਨੇ ਆਪਣੇ ਲਈ ਰੱਖ ਲਿਆ, ਦੂਜਾ ਆਪਣੇ ਸਾਹਿਤਕ ਦੋਸਤਾਂ ਦੇ ਉੱਠਣ-ਬੈਠਣ ਤੇ ਤੀਜਾ ਕਮਰਾ ਉਸ ਨੌਕਰਾਣੀ ਔਰਤ ਨੂੰ ਦੇ ਦਿੱਤਾ ਜਿਹੜੀ ਉਸ ਦੇ ਰੋਟੀ -ਪਾਣੀ ਦਾ ਪ੍ਰਬੰਧ ਵਗੈਰਾ ਕਰਦੀ ਸੀ। ਇਹ ਵਿਉਂਤਬੰਦੀ ਲੇਖਕ ਨੇ ਆਪਣੀ ਇੱਛਾ ਅਨੁਸਾਰ ਕੀਤੀ ਸੀ ਜਿਸ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਦੀ ਦਖਲਅੰਦਾਜ਼ੀ ਨਹੀਂ ਸੀ।
ਕੁੱਝ ਦਿਨਾਂ ਪਿੱਛੋਂ ਕੁੱਝ ਮਿੱਤਰ ਉਸ ਲੇਖਕ ਨੂੰ ਮਿਲਣ ਵਾਸਤੇ ਆਏ। ਆਓ-ਭਗਤ ਮਗਰੋਂ ਉਹ ਮਿੱਤਰ ਆਪਣੇ ਲੇਖਕ ਮਿੱਤਰ ਦਾ ਨਵਾਂ ਮਕਾਨ ਵੇਖਣ ਲੱਗੇ।
ਉਨ੍ਹਾਂ ਆਪਣੇ ਲੇਖਕ ਮਿੱਤਰ ਦਾ ਕਮਰਾ ਵੇਖਿਆ ਤੇ ਮਿੱਤਰ-ਬੇਲੀਆਂ ਵਾਲ਼ਾ ਵੀ ਪਰ ਜਦੋਂ ਉਹ ਨੌਕਰਾਣੀ ਔਰਤ ਵਾਲ਼ਾ ਕਮਰਾ ਵੇਖਣ ਲੱਗੇ ਤਾਂ ਦੰਗ ਰਹਿ ਗਏ। ਜਿੰਨੀਆਂ ਆਧੁਨਿਕ ਸਹੂਲਤਾਂ ਉਸ ਕਮਰੇ ਦੇ ਅੰਦਰ ਸਨ, ਉਨ੍ਹਾਂ ਵਰਗੀ ਤਾਂ ਇੱਕ ਵੀ ਦੂਜੇ ਕਮਰਿਆਂ ਵਿੱਚ ਨਹੀਂ ਸੀ। ਸਾਰਾ ਜ਼ੋਰ ਹੀ ਉਸ ਕਮਰੇ ‘ਤੇ ਲਗਾਇਆ ਗਿਆ ਸੀ। ਅਜਿਹੀ ਕਿਹੜੀ ਸਹੂਲਤ ਸੀ ਜਿਹੜੀ ਉਸ ਕਮਰੇ ਅੰਦਰ ਨਹੀਂ ਸੀ। ਇੱਕ ਤਰ੍ਹਾਂ ਦਾ ਸਵਰਗ ਸੀ।
ਮਿਲਣ ਵਾਸਤੇ ਆਏ ਮਿੱਤਰ- ਬੇਲੀ ਇਹ ਕੁਝ ਵੇਖ ਬਹੁਤ ਹੈਰਾਨ ਰਹਿ ਗਏ ਤੇ ਕਾਫੀ ਸੋਚਣ ਦੇ ਬਾਵਜੂਦ ਵੀ ਉਹ ਇਹ ਭੇਤ ਪਾ ਨਾ ਸਕੇ ਕਿ ਲੇਖਕ ਨੇ ਇਸ ਤਰ੍ਹਾਂ ਕਿਉਂ ਕੀਤਾ।
ਆਖ਼ਰ ਉਨ੍ਹਾਂ ਆਪਣੇ ਲੇਖਕ ਮਿੱਤਰ ਤੋਂ ਪੁੱਛ ਹੀ ਲਿਆ ਜਿਸ ਦਾ ਜਵਾਬ ਉਸ ਵੱਲੋਂ ਇਹ ਦਿੱਤਾ ਗਿਆ,” ਸਾਥੀਓ, ਮੇਰੀ ਮਾਂ ਵੀ ਇੱਕ ਅਮੀਰਜ਼ਾਦੇ ਦੇ ਘਰ ਰਹਿੰਦੀ ਰਹੀ ਤੇ ਉਸਦੇ ਘਰ ਵਿਚਲਾ ਹਰ ਪ੍ਰਕਾਰ ਦਾ ਕੰਮ ਕਰ ਤੇ ਮਿਲਣ ਵਾਲੇ ਮਿਹਨਤਾਨੇ ਨਾਲ ਉਸ ਨੇ ਮੈਨੂੰ ਪਾਲਿਆ ਤੇ ਪੜ੍ਹਾਇਆ-ਲਿਖਾਇਆ। ਜਿਸ ਹਿਸਾਬ ਨਾਲ ਮੇਰੀ ਮਾਂ ਉਸ ਘਰ ਵਿਚਲਾ ਕੰਮ ਕਰਦੀ ਹੁੰਦੀ ਸੀ -ਉਸ ਦੇ ਮੁਕਾਬਲਤਨ ਉਸ ਨੂੰ ਰਹਿਣ ਵਾਸਤੇ ਦਿੱਤਾ ਹੋਇਆ ਕਮਰਾ ਬਹੁਤ ਖਸਤਾਹਾਲ ਸੀ। ਜ਼ਰਾ-ਕੁ ਮੀਂਹ ਪੈਣ ‘ਤੇ ਉਸ ਦੀ ਸਾਰੀ ਛੱਤ ਚੋਣ ਲੱਗ ਜਾਇਆ ਕਰਦੀ ਸੀ। ਸਰਦੀਆਂ ਵੇਲੇ ਮਾਂ ਮੈਨੂੰ ਲੈ ਕੇ ਕਦੇ ਕਿਸੇ ਖੂੰਜੇ ਬੈਠਦੀ ਤੇ ਕਦੇ ਕਿਸੇ ਖੂੰਜੇ। ਕਮਰੇ ਅੰਦਰ ਮੀਂਹ ਦਾ ਪਾਣੀ ਜਮ੍ਹਾਂ ਹੋ ਜਾਇਆ ਕਰਦਾ ਸੀ ਤੇ ਮੇਰੇ ਪਾਉਣ ਨੂੰ ਕੋਈ ਸੁੱਕਾ ਕੱਪੜਾ ਵੀ ਨਹੀਂ ਸੀ ਬਚਿਆ ਕਰਦਾ। ਗਰਮੀਆਂ ਵੇਲੇ ਉਸ ਕਮਰੇ ‘ਚ ਅੰਤਾਂ ਦਾ ਮੱਛਰ ਹੁੰਦਾ ਜਿਸ ਕਾਰਨ ਮੈਂ ਜਾਂ ਮਾਂ ਅਕਸਰ ਬੁਖਾਰ ਦੀ ਲਪੇਟ ਵਿੱਚ ਆਏ ਰਹਿੰਦੇ ਸਾਂ। ਹਵਾ ਦਾ ਕੋਈ ਪ੍ਰਬੰਧ ਨਹੀਂ ਸੀ। ਮੁੱਕਦੀ ਗੱਲ ਕਿ ਮੇਰੀ ਮਾਂ ਨੇ ਬਹੁਤ ਮੁਸ਼ਕਲਾਂ ਆਪਣੇ ਪਿੰਡੇ ‘ਤੇ ਹੰਢਾਅ ਕੇ ਮੈਨੂੰ ਪਾਲਿਆ ਸੀ। ਮੇਰੀ ਮਾਂ ਵਾਂਗ ਹੀ ਇਹ ਨੌਕਰਾਣੀ ਔਰਤ ਹੈ ਜਿਹੜੀ ਇੱਥੇ ਰਹਿੰਦੀ ਆਪਣੇ ਦੋ ਬੱਚੇ ਵੀ ਪਾਲ ਰਹੀ ਹੈ। ਸੋ ਮੇਰੀ ਸੋਚ ਇਹੀ ਹੈ ਕਿ ਇਸ ਨੂੰ ਮੇਰੀ ਮਾਂ ਵਾਂਗ ਕੋਈ ਕਸ਼ਟ ਨਾ ਝੱਲਣਾ ਪਵੇ। ਜੇ ਇਹ ਖ਼ੁਦ ਖੁਸ਼ ਰਹੇਗੀ ਤਦੇ ਮੈਨੂੰ ਖੁਸ਼ ਰੱਖ ਸਕੇਗੀ।ਇਸ ਨੂੰ ਖੁਸ਼ ਵੇਖ ਮੈਨੂੰ ਵੀ ਖ਼ੁਸ਼ੀ ਹੁੰਦੀ ਹੈ। ਇਸ ਦੇ ਬੱਚਿਆਂ ਦੀਆਂ ਕਿਲਕਾਰੀਆਂ ਘਰ ਵਿਚਲੇ ਮਾਹੌਲ ਨੂੰ ਸੁਹਾਵਣਾ ਬਣਾਉਂਦੀਆਂ ਹਨ ਅਤੇ ਘਰ ਭਰਿਆ -ਭਰਿਆ ਲੱਗਦਾ ਹੈ ਜਿਸ ਨੂੰ ਵੇਖ ਮੈਨੂੰ ਵੀ ਆਨੰਦ ਮਿਲਦਾ ਹੈ। ਘਰ ਵਿਚਲਾ ਇਹ ਖੁਸ਼ਗਵਾਰ ਵਾਤਾਵਰਨ ਇਸ ਔਰਤ ਅੰਦਰਲੀ ਖੁਸ਼ੀ ਦੀ ਹੀ ਦੇਣ ਹੈ।”
ਲੇਖਕ ਮਿੱਤਰ ਦੀਆਂ ਇਹ ਗੱਲਾਂ ਸੱਚਮੁਚ ਮਹਾਨ ਸਨ ਤੇ ਸੁਣਨ ਵਾਲੇ ਮਿੱਤਰ -ਬੇਲੀ ਵੀ ਹੈਰਾਨ ਸਨ।
” ਤੂੰ ਮਨੁੱਖ ਨਹੀਂ ਬਲਕਿ ਦੇਵਤਾ ਏਂ। ਤੇਰੇ ਵਰਗੀ ਸੋਚ ਹਰ ਇੱਕ ਦੀ ਬਣ ਜਾਵੇ ਤਾਂ ਇਹ ਧਰਤੀ ਸਵਰਗ ਬਣ ਸਕਦੀ ਹੈ। ਤੇਰੇ ਵਰਗੇ ਧਰਤੀ ਦੇ ਜ਼ਰੇ-ਜ਼ਰੇ ‘ਚ ਹੋਣ।” ਮਿੱਤਰ ਉਸ ਲੇਖਕ ਅੱਗੇ ਹੱਥ ਜੋੜੀ ਖੜ੍ਹੇ ਸਨ।
ਰਣਜੀਤ ਸਿੰਘ ਨੂਰਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly