ਆਥਣਾਂ ਦਾ ਰੰਗ…..

           ਗੁਰਵੀਰ ਕੌਰ ਅਤਫ਼

(ਸਮਾਜ ਵੀਕਲੀ)

. ਮੋਰਪੰਖੀ ਜਿਹਾ ਦੁਪੱਟਾ ਮੈਨੂੰ ਘੇਰਨ ਨੂੰ ਆਵੇ ,
. ਉੱਤੋਂ ਚੇਤੇ ਕਰਵਾਵੇ ਤੇਰੀ ਛੋਹ ਵੇ ।
. ਆਥਣਾਂ ਦਾ ਰੰਗ ਵੇਖ ਚੜ੍ਹ ਗਿਆ ਅੰਬਰਾਂ ਨੂੰ,
. ਤਾਰਿਆਂ ਨੂੰ ਚੰਨ ਵਾਲੀ ਲੋ ਵੇ ।

. ਮੁੱਖ ਉੱਤੇ ਲਾਲੀ ਵੇਖ ਛਿਪਦੇ ਹੋਏ ਸੂਰਜ ਦੀ ,
. ਵਾਲਾਂ ਵਿਚੋਂ ਪਵੇ ਲਿਸ਼ਕੋਰ ਵੇ ।
. ਬੱਦਲਾਂ ਦੇ ਵਿੱਚ ਜਿਹੜੀ ਵੱਸਦੀ ਏ ਨਗਰੀ,
. ਚੰਨਾਂ ਉਥੋਂ ਸੁੱਟੀ ਚਾਂਦੀ ਡੋਰ ਵੇ ।
. ਚੰਨ ਨੂੰ ਵੀ ਚੰਨ ਹੁਣ ਆਖਣ ਤੋਂ ਸੰਗ ਆਵੇ,
. ਚੰਨ ਵਿੱਚੋਂ ਦਿਸੇ ਮੈਨੂੰ ਤੂੰ ਵੇ।
. ਆਥਣਾਂ ਦਾ ਰੰਗ ਵੇਖ ਚੜ੍ਹ ਗਿਆ ਅੰਬਰਾਂ ਨੂੰ,
. ਤਾਰਿਆਂ ਨੂੰ ਚੰਨ ਵਾਲੀ ਲੋ ਵੇ ।

. ਤੇਰੇ ਹੱਥ ਦੀਆਂ ਲੀਕਾਂ ਜਿਹੀਆਂ ਚੁੰਨੀ ਉੱਤੇ ਧਾਰੀਆਂ,
. ਤੇ ਤੇਰੀ ਮੁੱਛ ਜਿਹਾ ਭਾਰੀ ਜਾਪੇ ਗੋਟਾ ਵੇ।
. ਤੇਰੀ ਸਿਫ਼ਤ ਨੂੰ ਕਿੱਕਰਾਂ ਹੇਠ ਖੜ੍ਹ ਸੁਣਿਆ ਮੈਂ,
. ਕਰਦਾ ਸੀ ਗੱਲਾਂ ਘੁੱਗੀ ਜੋਟਾ ਵੇ ।
. ਵਰਕਤਾਂ ਝੋਲੀ ਵਿੱਚ ਪੈਣ ਲੱਗੀਆਂ ਨੇ ,
. ਸੱਭੇ ਚਾਅ ਲਵਾਂ ਮੁੱਠੀ ‘ਚ ਲੁਕੋਵੇ ।
. ਆਥਣਾਂ ਦਾ ਰੰਗ ਵੇਖ ਚੜ੍ਹ ਗਿਆ ਅੰਬਰਾਂ ਨੂੰ,
. ਤਾਰਿਆਂ ਨੂੰ ਚੰਨ ਵਾਲੀ ਲੋ ਵੇ ।

. ਓ ਵੇਖ ਮੁੜੇ ਆਉਂਦੇ ਘਰਾਂ ਨੂੰ ਜਨੌਰ ,
. ਹੁਣ ਹੋਰ ਗੂੜ੍ਹਾ ਹੋਣ ਲੱਗਾ ਹਨ੍ਹੇਰਾ ਵੇ।
. ਯਾਦ ਨੂੰ ਵੀ ਲੈ ਜਾ ਨਾਲ ਆਪਣੇ ਗਰ੍ਹਾਂ,
. ਮੇਰੇ ਪਲੰਘ ਤੇ ਲਾਈ ਬੈਠੀ ਡੇਰਾ ਵੇ।
. ਤੇਰੇ ਚੇਤਿਆਂ ਨੂੰ ਬੂਹਿਓਂ ਬਾਹਰ ਨਾ ਮੈਂ ਹੋਣ ਦੇਵਾਂ,
. ਮੁੜ ਮੁੜ ਆਵੇ ਇਹਦਾ ਮੋਹ ਵੇ ।
. ਆਥਣਾਂ ਦਾ ਰੰਗ ਵੇਖ ਚੜ੍ਹ ਗਿਆ ਅੰਬਰਾਂ ਨੂੰ,
. ਤਾਰਿਆਂ ਨੂੰ ਚੰਨ ਵਾਲੀ ਲੋ ਵੇ।

ਗੁਰਵੀਰ ਕੌਰ ਅਤਫ਼

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਵਿਆਹ ਦੀ 15ਵੀਂ ਵਰ੍ਹੇਗੰਢ ਮੌਕੇ
Next articleਰੋਮੀ ਘੜਾਮੇਂ ਵਾਲ਼ਾ ਦਾ ਬੜੋਦੀ (ਟੋਲ ਪਲਾਜ਼ਾ) ‘ਤੇ ਪ੍ਰੋਗਰਾਮ 27 ਨੂੰ