ਚਰਿੱਤਰ ਔਰਤ ਦਾ-

ਹਰਪ੍ਰੀਤ ਕੌਰ ਸੰਧੂ
“ਮੈਂ ਜਾਣਦਾ ਉਹਨੂੰ”, ਕਿਸੇ ਮਰਦ ਦਾ ਮਹਿਫਿਲ ਵਿੱਚ ਕਿਸੇ ਔਰਤ ਬਾਰੇ ਇਨਾ ਕਹਿ ਦੇਣਾ ਹੀ ਔਰਤ ਨੂੰ ਰੋਲ ਕੇ ਰੱਖ ਦਿੰਦਾ ਹੈ। ਕਿੰਨਾ ਸੌਖਾ ਹੈ ਕਿਸੇ ਔਰਤ ਨੂੰ ਬਦਨਾਮ ਕਰਨਾ। ਬਸ ਤੁਹਾਡੇ ਇੱਕ ਇਲਜ਼ਾਮ ਲਾਉਣ ਦੀ ਦੇਰ ਹੈ, ਜ਼ਮਾਨਾ ਤਾਂ ਪਹਿਲਾਂ ਹੀ ਤਿਆਰ ਹੁੰਦਾ। ਕੋਈ ਸਬੂਤ ਨਹੀਂ ਮੰਗਿਆ ਜਾਂਦਾ, ਕੋਈ ਪੁੱਛਗਿਛ ਨਹੀਂ ਕੀਤੀ ਜਾਂਦੀ ਬਸ ਮੰਨ ਲਿਆ ਜਾਂਦਾ ਹੈ। ਕੋਈ ਮਰਦ ਕਹਿ ਰਿਹਾ ਹੈ ਤਾਂ ਝੂਠ ਤਾਂ ਨਹੀਂ ਕਹਿ ਰਿਹਾ ਹੋਵੇਗਾ। ਅਜਿਹੀਆਂ ਗੱਲਾਂ ਤੇ ਮਰਦਾਂ ਦੀ ਗੱਲ ਛੱਡੋ ਔਰਤਾਂ ਵੀ ਝੱਟ ਵਿਸ਼ਵਾਸ ਕਰ ਲੈਂਦੀਆਂ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਬਦਨਾਮ ਔਰਤ ਆਪਣੇ ਜੀਵਨੀ ਲਿਖਣ ਬਾਰੇ ਸੋਚਦੀ ਹੈ ਤਾਂ ਇੱਜ਼ਤਦਾਰ ਮਰਦਾਂ ਨੂੰ ਫਿਕਰ ਪੈ ਜਾਂਦੀ ਹੈ ਜਾਂਦੀ ਹੈ ਪਤਾ ਹੈ ਕਿਉਂ ਪੈ ਜਾਂਦੀ ਹੈ ਕਿਉਂਕਿ ਉਸ ਔਰਤ ਨੂੰ ਬਦਨਾਮ ਉਹਨਾਂ ਇੱਜਤਦਾਰ ਮਰਦਾ ਨੇ ਹੀਂ ਕੀਤਾ ਹੁੰਦਾ ਹੈ।
ਕਿਸੇ ਨੇ ਕਿਹਾ ਤੇ ਅਸੀਂ ਮੰਨ ਲਿਆ। ਅਸੀਂ ਇਸ ਗੱਲ ਦੀ ਵੀ ਜਰੂਰਤ ਨਹੀਂ ਸਮਝਦੇ ਕਿ ਉਸ ਔਰਤ ਤੋਂ ਇਸ ਕਹਾਣੀ ਵਿੱਚ ਉਹਦਾ ਪੱਖ ਪੁੱਛ ਲਿਆ ਜਾਵੇ। ਜਰੂਰਤ ਵੀ ਕੀ ਹੁੰਦੀ ਹੈ ਔਰਤ ਦਾ ਪੱਖ ਪੁੱਛਣ ਦੀ। ਮਦਦ ਤਾਂ ਹਮੇਸ਼ਾ ਸਹੀ ਹੀ ਹੁੰਦੇ। ਜੇਕਰ ਰਿਸ਼ਤਾ ਦੋ ਜਣਿਆਂ ਦਾ ਹੋਵੇ ਤਾਂ ਗਲਤੀ ਮਰਦ ਦੀ ਨਹੀਂ ਹੋ ਸਕਦੀ? ਮਰਦ ਤਾਂ ਵਿਚਾਰਾ ਔਰਤ ਨੇ ਉਲਝਾ ਲਿਆ। ਇੱਕ ਸ਼ਬਦ ਬਣਾ ਲਿਆ ਤ੍ਰਿਆ ਚਰਿਤ੍ਰ। ਬਸ ਔਰਤਾਂ ਨੂੰ ਭੰਡਣ ਲਈ ਇੱਕੋ ਸ਼ਬਦ। ਭਲਾ ਕੋਈ ਪੁੱਛੇ ਕਿ ਮਰਦ ਇੰਨੇ ਭੋਲੇ ਹੁੰਦੇ? ਔਰਤ ਦੀ ਤਾਂ ਦੋਨੋਂ ਪਾਸੇ ਬਦਨਾਮੀ ਹੈ। ਜੇ ਮਰਦ ਨੇ ਉਹਦੇ ਬਾਰੇ ਕੁਝ ਕਹਿ ਦਿੱਤਾ ਤਾਂ ਵੀ ਔਰਤ ਦੀ ਬਦਨਾਮੀ ਤੇ ਜੇ ਔਰਤ ਕਹਿ ਦੇਵੇ ਕਿ ਮੈਂ ਜਾਣਦੀ ਹਾਂ ਉਸਨੂੰ ਤਾਂ ਵੀ ਔਰਤ ਦੀ ਹੀ ਬਦਨਾਮੀ। ਦੋਨੋਂ ਹਾਲਾਤਾਂ ਵਿੱਚ ਮਾੜੀ ਔਰਤ ਹੀ ਸਾਬਤ ਕਰ ਦਿੱਤੀ ਜਾਂਦੀ। ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਮਰਦ ਨੇ ਔਰਤ ਨੂੰ ਕੀ ਕੀ ਲਾਰੇ ਲਾਏ ਹੋਣਗੇ। ਕਿਵੇਂ ਉਸਨੂੰ ਭਰਮਾਇਆ ਹੋਵੇਗਾ। ਬੜੇ ਦੋਗਲੇ ਅਸੂਲ ਹਨ ਸਾਡੇ ਸਮਾਜ ਦੇ ਜੋ ਔਰਤ ਲਈ ਹੋਰ ਤੇ ਮਰਦਾਂ ਲਈ ਕੁਝ ਹੋਰ ਹਨ। ਜਮਾਨਾ ਬਦਲ ਗਿਆ ਪਰ ਸਾਡੀ ਸੋਚ ਨਹੀਂ ਬਦਲੀ। ਔਰਤ ਦਾ ਆਜ਼ਾਦ ਹੋਣਾ ਬਸ ਚਰਿਤਰ ਖਰਾਬ ਹੈ। ਔਰਤ ਦਾ ਮਜ਼ਬੂਤ ਹੋਣਾ ਬਸ ਚਰਿਤਰ ਖਰਾਬ ਹੈ। ਇਹ ਤਾਂ ਉਹੀ ਗੱਲ ਹੋਈ ਕਿ ਖਰਬੂਜਾ ਚਾਕੂ ਤੇ ਡਿੱਗੇ ਜਾਂ ਚਾਕੂ ਖਰਬੂਜੇ ਤੇ ਕੱਟਿਆ ਤਾਂ ਹਰ ਹਾਲ ਵਿੱਚ ਖਰਬੂਜਾ ਹੀ ਜਾਵੇਗਾ। ਜਿਸ ਦਿਨ ਤੱਕ ਔਰਤ ਇਸ ਗੱਲ ਦੀ ਪਰਵਾਹ ਕਰਨਾ ਛੱਡ ਨਹੀਂ ਦਿੰਦੀ ਕਿ ਉਸ ਬਾਰੇ ਕੀ ਕਿਹਾ ਜਾਂਦਾ ਹੈ ਉਹ ਸਹੀ ਮਾਇਨਿਆਂ ਵਿੱਚ ਆਜ਼ਾਦ ਨਹੀਂ ਹੋ ਸਕਦੀ।
ਲੋਕਾਂ ਦਾ ਤਾਂ ਕੰਮ ਇਹੀ ਹੈ ਸੱਚੀਆਂ ਝੂਠੀਆਂ ਘੜ ਲੈਂਦੇ ਨੇ
ਕੋਈ ਜਰੂਰਤ ਨਹੀਂ ਇਸ ਗੱਲ ਦੀ ਪਰਵਾਹ ਕਰਨ ਦੀ ਕਿ ਸਮਾਜ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ। ਜਦ ਤੱਕ ਤੁਸੀਂ ਸਹੀ ਹੋ ਤੁਹਾਨੂੰ ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ। ਡਰੇ ਤਾਂ ਉਹ ਜੋ ਗਲਤ ਕੰਮ ਕਰਦਾ ਹੈ। ਦੁਨੀਆਂ ਦਾ ਕੀ ਹੈ ਦਾਤੀ ਦੇ ਇੱਕ ਪਾਸੇ ਦੰਦੇ ਤੇ ਦੁਨੀਆਂ ਦੇ ਦੋਵੇਂ ਪਾਸੇ।
ਆਪਣੀਆਂ ਧੀਆਂ ਨੂੰ ਮਜ਼ਬੂਤ ਕਿਰਦਾਰ ਦਿਓ। ਉਨਾਂ ਨੂੰ ਆਪਣੇ ਢੰਗ ਨਾਲ ਜੀਣ ਦੀ ਸਿੱਖਿਆ ਦਿਓ। ਉਹਨਾਂ ਨੂੰ ਉਹਨਾਂ ਦੇ ਬਣਨ ਦੇ ਹੱਕ ਦਿਓ। ਉਹਨਾਂ ਨੂੰ ਉਹਨਾਂ ਦੇ ਪਰ ਦਿਓ ਜਿਨਾਂ ਦੇ ਸਿਰ ਤੇ ਉਹ ਪਰਵਾਜ਼ ਭਰ ਸਕਣ । ਆਪਣੀਆਂ ਧੀਆਂ ਨੂੰ ਉਡਾਰੀਆਂ ਲਈ ਖੁੱਲਾ ਆਕਾਸ਼ ਦਿਓ। ਇਸ ਡਕਿਆਂ ਨੂੰ ਅਸੀਂ ਸੋਚ ਨੂੰ ਦਰਕਿਨਾਰ ਕਰ ਦਿਓ ਕਿ ਲੋਕ ਕੀ ਕਹਿਣਗੇ। ਕਿਸੇ ਮਰਦ ਨੂੰ ਇਨੀ ਤਾਕਤ ਹੀ ਨਾ ਦਿਓ ਕਿ ਉਹ ਤੁਹਾਡੇ ਵਜੂਦ ਤੇ ਸਵਾਲ ਖੜਾ ਕਰ ਦੇਵੇ। ਕੁੱਤਿਆਂ ਦਾ ਕੰਮ ਹੈ ਭੌਂਕਣਾ ਤੇ ਹਾਥੀ ਦਾ ਕੰਮ ਹੈ ਚੱਲਣਾ। ਜੇ ਰਸਤੇ ਵਿੱਚ ਪੱਥਰ ਮਾਰਨ ਵਾਲੇ ਹਰ ਬੰਦੇ ਨੂੰ ਰੁਕ ਕੇ ਜਵਾਬ ਦੇਣ ਲੱਗੋਗੇ ਤਾਂ ਮੰਜ਼ਿਲ ਤੇ ਨਹੀਂ ਪਹੁੰਚੋਗੇ ਇਹ ਸਿੱਖਿਆ ਆਪਣੀਆਂ ਧੀਆਂ ਨੂੰ ਜਰੂਰ ਦਿਓ।
ਜਦੋਂ ਵੀ ਤੁਹਾਡੇ ਸਾਹਮਣੇ ਕੋਈ ਮਰਦ ਕਿਸੇ ਔਰਤ ਬਾਰੇ ਕਹਿੰਦਾ ਮੈਂ ਜਾਣਦਾ ਉਹਨੂੰ ਤਾਂ ਅੱਗੋਂ ਜਵਾਬ ਦਿਓ ਕਿ ਉਹ ਵੀ ਤੈਨੂੰ ਜਰੂਰ ਜਾਣਦੀ ਹੋਵੇਗੀ। ਇਹੀ ਤਰੀਕਾ ਹੈ ਅਜਿਹੇ ਲੋਕਾਂ ਦਾ ਮੂੰਹ ਬੰਦ ਕਰਨ ਦਾ। ਔਰਤ ਦਾ ਕਿਰਦਾਰ ਕੋਈ ਕੱਚ ਨਹੀਂ ਹੈ ਕਿ ਕਿਸੇ ਨੇ ਪੱਥਰ ਮਾਰਿਆ ਤਾਂ ਟੁੱਟ ਜਾਵੇਗਾ। ਉਸ ਦਾ ਹੌਸਲਾ ਫੌਲਾਦ ਦਾ ਬਣਿਆ ਹੁੰਦਾ ਹੈ। ਬਸ ਜਰੂਰਤ ਹੈ ਉਸਨੂੰ ਇਹ ਗੱਲ ਸਮਝ ਲੈਣ ਦੀ।
ਹਰਪ੍ਰੀਤ ਕੌਰ ਸੰਧੂ
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਾਸਤਾ
Next articleਮਦੱਦ ਲਈ ਅਪੀਲ