ਹਲਕੇ ਦੇ ਮੁੱਖ ਵਰਕਰਾਂ ਨੇ ਵੀ ਇੰਜੀ ਸਵਰਨ ਸਿੰਘ ਦੇ ਹੱਕ ਵਿਚ ਝੰਡਾ ਬੁਲੰਦ ਕੀਤਾ ਸੀ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪੀ ਏ ਸੀ ਇੰਜਨੀਅਰ ਸਵਰਨ ਸਿੰਘ ਨੂੰ ਟਿਕਟ ਮਿਲਣ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਗਈਆਂ ਹਨ ਕਿਉਂਕਿ ਹੁਣ ਬੀਬੀ ਉਪਿੰਦਰਜੀਤ ਕੌਰ ਨੇ ਵੀ ਉਨ੍ਹਾਂ ਨੂੰ ਚੋਣ ਲੜਨ ਲਈ ਥਾਪੜਾ ਦੇ ਦਿੱਤਾ ਹੈ। ਪੱਤਰਕਾਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਬੀਬੀ ਉਪਿੰਦਰਜੀਤ ਕੌਰ ਨੇ ਇੰਜੀਨੀਅਰ ਸਵਰਨ ਸਿੰਘ ਨੂੰ ਇਹ ਥਾਪੜਾ ਇਲਾਕੇ ਵਿਚ ਉਨ੍ਹਾਂ ਦੇ ਵਧਦੇ ਵੱਕਾਰ ਅਤੇ ਭਰੋਸੇ ਨੂੰ ਦੇਖਦਿਆਂ ਦਿੱਤਾ ਹੈ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਬੀਬੀ ਡਾ. ਉਪਿੰਦਰਜੀਤ ਕੌਰ ਹਲਕਾ ਸੁਲਤਾਨਪੁਰ ਲੋਧੀ ਦੀ ਸੀਟ ਤੋਂ ਚੋਣ ਲੜਨ ਲਈ ਖੁਦ ਅੱਗੇ ਆ ਸਕਦੇ ਸਨ ਪਰ ਉਨ੍ਹਾਂ ਨੇ ਇੰਜ ਸਵਰਨ ਸਿੰਘ ਨੂੰ ਥਾਪੜਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਾ. ਉਪਿੰਦਰਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਲਈ ਲੰਮੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਦੇਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਵੱਡੇ-ਵੱਡੇ ਅਹੁਦੇ ਦੇ ਕੇ ਨਿਵਾਜਿਆ ਸੀ। ਆਪਣੇ ਕਾਰਜਕਾਲ ਦੌਰਾਨ ਬੀਬੀ ਡਾ. ਉਪਿੰਦਰਜੀਤ ਕੌਰ ਨੇ ਜਿੱਥੇ ਖਜ਼ਾਨਾ ਮੰਤਰੀ ਦੀਆਂ ਸੇਵਾਵਾਂ ਨਿਭਾਈਆਂ ਸਨ , ਉੱਥੇ ਹੀ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਸਿੱਖਿਆ ਮੰਤਰੀ ਦੀਆਂ ਸੇਵਾਵਾਂ ਨੂੰ ਵੀ ਬੜੀ ਸੰਜੀਦਗੀ ਨਾਲ ਨਿਭਾਇਆ ਸੀ ।
ਇਸ ਤੋਂ ਪਹਿਲਾਂ ਬੀਬੀ ਡਾ. ਉਪਿੰਦਰਜੀਤ ਕੌਰ ਦੇ ਪਿਤਾ ਸਵ. ਸਰਦਾਰ ਆਤਮਾ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਲਈ ਲੰਮੀ ਘਾਲਣਾ ਘਾਲਦੇ ਹੋਏ ਪਾਰਟੀ ਲਈ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਸਨ। ਸਵ. ਸ. ਆਤਮਾ ਸਿੰਘ ਨੇ ਅਕਾਲੀ ਦਲ ਦੇ ਮੁੱਢਲੇ ਮੈਂਬਰਾਂ ਵਜੋਂ. ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਲੰਮਾ ਸਮਾਂ ਕੰਮ ਕੀਤਾ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਬੀਬੀ ਉਪਿੰਦਰਜੀਤ ਕੌਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਲਈ ਪ੍ਰਮੁੱਖ ਅਤੇ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਸਨ ਪਰ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟਦੇ ਜਾ ਰਹੇ ਸਨ ।
ਇਸ ਸਭ ਦੇ ਚਲਦਿਆਂ ਹਲਕਾ ਸੁਲਤਾਨਪੁਰ ਲੋਧੀ ਦੀ ਸੀਟ ਤੇ ਮੰਨਿਆ ਜਾ ਰਿਹਾ ਸੀ ਕਿ ਬੀਬੀ ਡਾ. ਉਪਿੰਦਰਜੀਤ ਕੌਰ ਜਿਸ ਵੀ ਵਰਕਰ ਦੀ ਪਿੱਠ ਥਾਪੜ ਦੇਣਗੇ ਸ਼੍ਰੋਮਣੀ ਅਕਾਲੀ ਦਲ ਉਸੇ ਨੂੰ ਟਿਕਟ ਦੇ ਦੇਵੇਗਾ। ਹੁਣ ਜਦੋਂ ਬੀਬੀ ਡਾ. ਉਪਿੰਦਰਜੀਤ ਕੌਰ ਨੇ ਇੰਜੀਨੀਅਰ ਸਵਰਨ ਸਿੰਘ ਨੂੰ ਥਾਪੜਾ ਦੇ ਦਿੱਤਾ ਹੈ ਤਾਂ ਟਿਕਟ ਮਿਲਣਾ ਵੀ ਤਾਂ ਉਨ੍ਹਾਂ ਨੂੰ ਟਿਕਟ ਮਿਲਣਾ ਵੀ ਲਗਪਗ ਤੈਅ ਹੋ ਗਿਆ ਹੈ।
ਗੌਰਤਲਬ ਹੈ ਕਿ ਬੀਤੇ ਦਿਨੀਂ ਹਲਕਾ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ‘ਚ ਇਕੱਠੇ ਹੋਏ ਅਕਾਲੀ ਵਰਕਰਾਂ ਨੇ ਵੀ ਮੀਟਿੰਗ ਕਰਕੇ ਇੰਜਨੀਅਰ ਸਵਰਨ ਸਿੰਘ ਦੇ ਹੱਕ ਵਿੱਚ ਝੰਡਾ ਬੁਲੰਦ ਕੀਤਾ ਸੀ। ਇਸ ਮੀਟਿੰਗ ਦੌਰਾਨ ਹਰਜਿੰਦਰ ਸਿੰਘ ਵਿਰਕ ਸਾਬਕਾ ਮੈਂਬਰ ਜਰਨਲ ਕੌਂਸਲ, ਰਜਿੰਦਰ ਸਿੰਘ ਚੇਅਰਮੈਨ, ਕੱਥਾ ਸਿੰਘ ਸਾਬਕਾ ਚੇਅਰਮੈਨ, ਪ੍ਰੀਤਮ ਸਿੰਘ ਸਾਬਕਾ ਵਾਈਸ ਚੇਅਰਮੈਨ, ਵਿਜੇਪਾਲ ਸਿੰਘ ਡੱਲਾ, ਸੁਖਚੈਨ ਸਿੰਘ ਸਰਕਲ ਇੰਚਾਰਜ ਡਡਵਿੰਡੀ, ਬੀਬੀ ਬਲਜੀਤ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਦੇਵ ਸਿੰਘ ਸਾਬਕਾ ਸਰਪੰਚ ਅੱਲਾਦਿਤਾ ਅਤੇ ਹੋਰ ਅਕਾਲੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੋਂ ਮੰਗ ਕੀਤੀ ਸੀ ਕਿ ਇਸ ਵਾਰ ਦੀ ਟਿਕਟ ਸਵ. ਸ. ਆਤਮਾ ਸਿੰਘ ਦੇ ਪਰਿਵਾਰਕ ਮੈਂਬਰ ਇੰਜੀਨੀਅਰ ਸਵਰਨ ਸਿੰਘ ਨੂੰ ਹੀ ਦਿੱਤੀ ਜਾਵੇ। ਉਨ੍ਹਾਂ ਕਿਹਾ ਸੀ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਇੰਜਨੀਅਰ ਸਵਰਨ ਤੋਂ ਵਧੀਆ ਆਗੂ ਹੋਰ ਕੋਈ ਨਹੀਂ ਮਿਲ ਸਕਦਾ।
ਇਸ ਦੌਰਾਨ ਉਨ੍ਹਾਂ ਇਕ ਨਾਅਰਾ ਵੀ ਦਿੱਤਾ ਸੀ ਕਿ
ਹਲਕੇ ਦੇ ਲੋਕਾਂ ਦੀ ਪੁਕਾਰ …
ਇੰਜੀਨੀਅਰ ਸਾਹਿਬ ਹੀ ਇਸ ਵਾਰ…
ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਲੀਡਰਸ਼ਿਪ ਨੂੰ ਉਹਨਾਂ ਸਿੱਧੇ ਰੂਪ ਵਿਚ ਬੇਨਤੀ ਕੀਤੀ ਸੀ ਕਿ ਹਲਕਾ ਸੁਲਤਾਨਪੁਰ ਲੋਧੀ ਤੋਂ ਇਸ ਵਾਰ ਟਿਕਟ ਸਿਰਫ ਇੰਜੀਨੀਅਰ ਸਵਰਨ ਸਿੰਘ ਨੂੰ ਹੀ ਦਿੱਤੀ ਜਾਵੇ।
ਕੌਣ ਹੈ ਇੰਜੀਨੀਅਰ ਸਵਰਨ ਸਿੰਘ ?
ਇੰਜੀਨੀਅਰ ਸਵਰਨ ਸਿੰਘ ਬੀਬੀ ਡਾ. ਉਪਿੰਦਰਜੀਤ ਕੌਰ ਦੇ ਦਾਮਾਦ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਦੇ ਪਤੀ ਹਨ । ਇੰਜੀਨੀਅਰ ਸਵਰਨ ਸਿੰਘ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਾਨਕਪੁਰ ਵਿੱਚ ਹੋਇਆ । ਉਨ੍ਹਾਂ ਨੇ ਬੀ.ਈ (ਇਲੈਕਟ੍ਰੀਕਲ), ਆਨਰਜ਼ ਵਿਚ ਕੀਤੀ। ਇਸ ਤੋਂ ਬਾਅਦ 1990 ਵਿੱਚ ਉਹ ਪੰਜਾਬ ਰਾਜ ਬਿਜਲੀ ਬੋਰਡ ( pspcl) ਵਿੱਚ ਭਰਤੀ ਹੋਏ। ਬਿਜਲੀ ਵਿੱਚ ਉਨ੍ਹਾਂ ਨੇ ਕਰੀਬ 26 ਸਾਲਾਂ ਸੇਵਾਵਾਂ ਨਿਭਾਈਆਂ ਅਤੇ ਮੁੱਖ ਅਹੁਦਿਆਂ ‘ਤੇ ਵੀ ਰਹੇ। ਜੂਨ 2016 ਵਿੱਚ ਉਨ੍ਹਾਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਅਤੇ ਸਰਗਰਮ ਸਿਆਸਤ ਵਿੱਚ ਕੁੱਦ ਪਏ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਪੀ ਏ ਸੀ ਦੇ ਮੈਂਬਰ ਵਜੋਂ ਥਾਪੜਾ ਦੇ ਦਿੱਤਾ ਸੀ ਅਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰੇ ਹੋਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly