ਸ੍ਰੀਨਗਰ (ਸਮਾਜ ਵੀਕਲੀ):ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਜੰਮੂ ’ਚ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਦੇ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਹੁਕਮਾਂ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਕੇਂਦਰ ਨੇ ਖ਼ਿੱਤੇ ’ਚ ਬਸਤੀਆਂ ਵਸਾਉਣ ਦਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵੱਲੋਂ ਜੰਮੂ ਕਸ਼ਮੀਰ ਨੂੰ ਧਾਰਮਿਕ ਅਤੇ ਖੇਤਰੀ ਆਧਾਰ ’ਤੇ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀ ਹੋਣ ਜਾਂ ਡੋਗਰੇ, ਸਾਰਿਆਂ ਨੂੰ ਆਪਣੀ ਪਛਾਣ ਅਤੇ ਹੱਕਾਂ ਲਈ ਰਲ ਕੇ ਲੜਨਾ ਪਵੇਗਾ। ਉਨ੍ਹਾਂ ਟਵੀਟ ਕਰਦਿਆਂ ਦੋਸ਼ ਲਾਇਆ ਕਿ ਭਾਜਪਾ ਸਭ ਤੋਂ ਪਹਿਲਾ ਝਟਕਾ ਡੋਗਰਾ ਸੱਭਿਆਚਾਰ, ਪਛਾਣ, ਰੁਜ਼ਗਾਰ ਅਤੇ ਕਾਰੋਬਾਰ ਨੂੰ ਦੇਵੇਗੀ।
ਉਧਰ ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਡਰਦੀ ਹੈ ਅਤੇ ਉਹ ਜਾਣਦੀ ਹੈ ਕਿ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਨੈਸ਼ਨਲ ਕਾਨਫਰੰਸ ਨੇ ਇਕ ਟਵੀਟ ’ਚ ਕਿਹਾ ਕਿ ਸਰਕਾਰ ਜੰਮੂ ਕਸ਼ਮੀਰ ’ਚ 25 ਲੱਖ ਗੈਰ ਸਥਾਨਕ ਵੋਟਰਾਂ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਾਉਣ ਦੀ ਯੋਜਨਾ ਨੂੰ ਅਗਾਂਹ ਵਧਾ ਰਹੀ ਹੈ ਅਤੇ ਪਾਰਟੀ ਇਸ ਕਦਮ ਦਾ ਲਗਾਤਾਰ ਵਿਰੋਧ ਕਰਨਾ ਜਾਰੀ ਰਖੇਗੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਅਜਿਹੀਆਂ ਸਾਜ਼ਿਸ਼ਾਂ ਘੜਨ ਵਾਲਿਆਂ ਨੂੰ ਚੋਣ ਬਕਸਿਆਂ ਰਾਹੀਂ ਹਰਾਉਣਾ ਚਾਹੀਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly