ਹੋਟਲ ਦਾ ਦਰਵਾਜਾ ਗੈਰਕਾਨੂੰਨੀ ਢੰਗ ਨਾਲ ਵਿਲਡਿੰਗ ਨਾਲ ਬੰਦ ਕਰਕੇ ਕਾਨੂੰਨ ਆਪਣੇ ਹੱਥਾਂ ‘ਚ ਲੈਣਾ ਗਲਤ- ਐਸ.ਡੀ.ਐਮ
ਬਾਬਾ ਸੀਚੇਵਾਲ ਜੀ ਮੇਰੇ ਖਿਲਾਫ ਲਗਾਏ ਦੋਸ਼ ਸਾਬਿਤ ਕਰਨ ਜਾਂ ਵਾਪਿਸ ਲੈਣ , ਨਹੀਂ ਤਾਂ ਕਰਾਂਗਾ ਮਾਨਹਾਨੀ ਕੇਸ-ਨਾਨਕਪੁਰ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ) –ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਦੇ ਨਾਲ ਗੁ: ਬੇਰ ਸਾਹਿਬ ਰੋਡ ਤੇ ਪਿਛਲੇ ਤਕਰੀਬਨ 4 ਸਾਲ ਤੋਂ ਚੱਲ ਰਹੇ ਹੋਟਲ ਗ੍ਰੈਂਡ ਕਿੰਗ ਤੇ ਦੁਆਬਾ ਸਵੀਟਸ ਦੇ ਪਿਛਲੇ ਪਾਸੇ ਲਗਾਏ ਲੋਹੇ ਦੇ ਦਰਵਾਜੇ ਨੂੰ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੇ ਸੇਵਾਦਾਰਾਂ ਵੱਲੋਂ ਬੀਤੇ ਦਿਨ ਜਬਰੀ ਵੈਲਡਿੰਗ ਸੈੱਟ ਲਿਆ ਕੇ ਪੱਕਾ ਵਿਲਡਿੰਗ ਲਗਾ ਕੇ ਗੇਟ ਬੰਦ ਕਰ ਦੇਣ ਦੇ ਮਾਮਲਾ ਲਗਾਤਾਰ ਹੋਰ ਤੂਲ ਫੜਦਾ ਜਾ ਰਿਹਾ ਹੈ ।ਇਸ ਮਾਮਲੇ ਨੂੰ ਲੈ ਕੇ ਦੋ ਦਿਨ ਪਹਿਲਾਂ ਹੋਟਲ ਮਾਲਕ ਤੇ ਦੁਆਬੇ ਦੇ ਸੀਨੀਅਰ ਯੂਥ ਆਗੂ ਜਥੇ. ਸੁਖਦੇਵ ਸਿੰਘ ਨਾਨਕਪੁਰ ਵੱਲੋਂ ਬਾਬਾ ਸੀਚੇਵਾਲ ਦੇ ਸੇਵਾਦਾਰਾਂ ਵੱਲੋਂ ਹੁੱਲੜਬਾਜੀ ਕਰਨ ਤੇ ਧੱਕੇ ਨਾਲ ਉਸਦਾ ਗੇਟ ਬੰਦ ਕਰਨ , ਸੀ.ਸੀ.ਟੀ.ਵੀ.ਕੈਮਰਾ ਤੋੜ ਕੇ ਲੈ ਜਾਣ ਤੇ ਹੋਟਲ ਦਾ ਕੂਲਰ ਭੰਨਣ ਤੇ ਗਾਲੀ ਗਲੋਚ ਕਰਨ ਦੇ ਹੋਰ ਸੰਗੀਨ ਦੋਸ਼ ਲਗਾਏ ਸਨ ।
ਜਿਸ ਤੋ ਬਾਅਦ ਬਾਬਾ ਸੀਚੇਵਾਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ ਨਾਨਕਪੁਰ ਤੇ ਸ਼ਬਦੀ ਹਮਲਾ ਕਰਦਿਆਂ ਕਈ ਸੰਗੀਨ ਦੋਸ਼ ਲਗਾਏ ਸਨ ਕਿ ਇਸ ਹੋਟਲ ਦੇ ਪਿਛਲੇ ਪਾਸੇ ਰਸਤੇ ਵਿੱਚ ਬਿਨਾਂ ਨੰਬਰੀ ਗੱਡੀਆਂ ਖੜ੍ਹੀਆ ਰਹਿੰਦੀਆਂ ਹਨ ਤੇ ਇੱਥੇ ਪਿਛਲੇ ਪਾਸੇ ਵੇਈਂ ਦੇ ਨਾਲ ਨਸ਼ੇ ਆਦਿ ਦਾ ਕਾਰੋਬਾਰ ਵੀ ਚਲਦਾ ਹੈ ਤੇ ਹੋਰ ਕਈ ਦੋਸ਼ ਬਾਬਾ ਸੀਚੇਵਾਲ ਵੱਲੋਂ ਹੋਟਲ ਮਾਲਕਾਂ ਤੇ ਲਗਾਏ ਗਏ ਸਨ । ਇੱਕ ਦੂਸਰੇ ਖਿਲਾਫ ਹੋਈ ਇਸ ਦੂਸ਼ਣਬਾਜੀ ਤੋਂ ਬਾਅਦ ਜਿੱਥੇ ਇਹ ਮਾਮਲਾ ਪਹਿਲਾਂ ਹੀ ਕਾਫੀ ਤੂਲ ਫੜ ਚੁੱਕਾ ਹੈ । ਉੱਥੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਐਸ.ਡੀ.ਐਮ. ਡਾਕਟਰ ਚਾਰੂਮਿਤਾ ਵੱਲੋਂ ਘਟਨਾ ਵਾਲੀ ਥਾਂ ਦਾ ਮੌਕਾ ਦੇਖ ਕੇ ਜਬਰਦਸਤੀ ਹੋਟਲ ਦਾ ਗੇਟ ਬੰਦ ਕਰ ਦੇਣ ਦੀ ਘਟਨਾ ਨੂੰ ਗਲਤ ਕਰਾਰ ਦਿੱਤਾ ਹੈ ।
ਮਿਲੀ ਜਾਣਕਾਰੀ ਅਨੁਸਾਰ ਹੋਟਲ ਮਾਲਕਾਂ ਦੀ ਸ਼ਿਕਾਇਤ ਉਪਰੰਤ ਸੁਲਤਾਨਪੁਰ ਲੋਧੀ ਦੀ ਐਸ.ਡੀ.ਐਮ.ਡਾਕਟਰ ਚਾਰੂਮਿਤਾ ਵੱਲੋਂ ਪਵਿੱਤਰ ਵੇਈਂ ਦੇ ਨਾਲ ਚੱਲ ਰਹੇ ਹੋਟਲ ਦੇ ਪਿਛਲੇ ਪਾਸੇ ਬੰਦ ਕੀਤੇ ਦਰਵਾਜੇ ਨੂੰ ਅੱਖੀ ਦੇਖਿਆ ਤੇ ਮੌਕਾ ਦੇਖਣ ਉਪਰੰਤ ਉਨ੍ਹਾਂ ਸਾਫ ਕਿਹਾ ਕਿ ਇਸ ਤਰ੍ਹਾਂ ਕਿਸੇ ਵੀ ਵਿਅਕਤੀ ਵੱਲੋਂ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਗਲਤ ਹੈ , ਜੋ ਬਰਦਾਸ਼ਤ ਨਹੀਂ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਕਿਸੇ ਦਾ ਵੀ ਲੱਗਾ ਗੇਟ ਜਬਰਦਸਤੀ ਵਿਲਡਿੰਗ ਕਰਕੇ ਬੰਦ ਕਰ ਦੇਣਾ ਬਿਲਕੁਲ ਗੈਰਕਾਨੂੰਨੀ ਹੈ । ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਹੋਟਲ ਤੇ ਦੁਆਬਾ ਸਵੀਟਸ ਤੇ ਬੇਕਰੀ ਦੀ ਦੁਕਾਨ ਬਾਰੇ ਕੋਈ ਸ਼ਿਕਾਇਤ ਸੀ , ਤਾਂ ਉਸਦੀ ਸ਼ਿਕਾਇਤ ਪ੍ਰਸ਼ਾਸ਼ਨ ਨੂੰ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਆਪਣੇ ਆਪ ਹੀ ਕਾਨੂੰਨ ਨੂੰ ਹੱਥ ਵਿੱਚ ਲੈ ਕੇ ਕਿਸੇ ਦਾ ਰਸਤਾ ਬੰਦ ਕਰ ਦੇਣਾ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਹੈ ।
ਐਸ.ਡੀ.ਐਮ. ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਵਿੱਤਰ ਵੇਈਂ ਦੇ ਨਾਲ ਲਗਦਾ ਰਸਤਾ ਸਰਕਾਰੀ ਹੈ , ਜੋ ਵੀ ਨਦੀਆਂ ਵਗਦੀਆਂ ਹਨ ਤੇ ਉਸਦੇ ਨਾਲ ਛੱਡੇ ਪੱਕੇ ਰਸਤੇ ਸਰਕਾਰੀ ਹੁੰਦੇ ਹਨ । ਉਨ੍ਹਾਂ ਦੱਸਿਆ ਕਿ ਹੋਟਲ ਦੇ ਪਿਛਲੇ ਪਾਸੇ ਮਾਲਕੀ ਬਾਰੇ ਤੇ ਬੰਦ ਕੀਤੇ ਦਰਵਾਜੇ ਬਾਰੇ ਸਾਰੀ ਰਿਪੋਰਟ ਤਿਆਰ ਕਰਕੇ ਦੇਣ ਲਈ ਨਾਇਬ ਤਹਿਸੀਲਦਾਰ ਨੂੰ ਕਹਿ ਦਿੱਤਾ ਹੈ ਤੇ ਉਨ੍ਹਾਂ ਦੀ ਰਿਪੋਰਟ ਮਿਲਣ ਤੇ ਇਹ ਗੇਟ ਵੀ ਖੁਲਵਾ ਦਿੱਤਾ ਜਾਵੇਗਾ ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲੇ ਲੋਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ।
ਦੂਜੇ ਪਾਸੇ ਹੋਟਲ ਮਾਲਕ ਤੇ ਦੁਆਬੇ ਦੇ ਕੌਮੀ ਯੂਥ ਅਕਾਲੀ ਆਗੂ ਜਥੇ. ਸੁਖਦੇਵ ਸਿੰਘ ਨਾਨਕਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵੱਲੋਂ ਮੇਰੇ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਮੇਰੇ ਤੇ ਨਸ਼ਾ ਵੇਚਣ ਤੇ ਹੋਰ ਗਲਤ ਧੰਦੇ ਕਰਨ ਦੇ ਜੋ ਦੋਸ਼ ਲਗਾਏ ਗਏ ਹਨ , ਉਹ ਬੇਬੁਨਿਆਦ ਤੇ ਝੂਠੇ ਹਨ ।
ਉਨ੍ਹਾਂ ਕਿਹਾ ਕਿ ਬਾਬਾ ਸੀਚੇਵਾਲ ਜੀ ਜਾਂ ਤਾਂ ਮੇਰੇ ਖਿਲਾਫ ਲਗਾਏ ਦੋਸ਼ ਸਾਬਿਤ ਕਰਨ ਤੇ ਜਾਂ ਫਿਰ ਆਪਣੇ ਲਗਾਏ ਦੋਸ਼ ਵਾਪਿਸ ਲੈਣ । ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਅਗਰ ਬਾਬਾ ਸੀਚੇਵਾਲ ਨੇ ਮੇਰੇ ਖਿਲਾਫ ਲਗਾਏ ਦੋਸ਼ ਸਾਬਿਤ ਨਹੀਂ ਕੀਤੇ ਜਾਂ ਵਾਪਿਸ ਨਹੀਂ ਲਏ ਤਾਂ ਮਜਬੂਰਨ ਮੈਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly