
ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਹਰਿਆਂ ਹੇਠ ਮਹਿਤਪੁਰ ਬਜ਼ਾਰ ਹੋਇਆ ਮੁਕੰਮਲ ਬੰਦ

ਮਹਿਤਪੁਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਅੰਮ੍ਰਿਤਸਰ ਸ਼ਹਿਰ ਵਿਖੇ ਸਵਿਧਾਨ ਦੇ ਨਿਰਮਾਤਾ ਦੇਸ਼ ਦੇ ਮਹਾਂ ਨਾਇਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਚੌਂਕ ਵਿਚ ਸਥਿਤ ਮੂਰਤੀ ਦੀ ਸ਼ਰਾਰਤੀ ਅਨਸਰ ਵੱਲੋਂ 76 ਵੇ ਗਣਤੰਤਰ ਦਿਵਸ ਮੌਕੇ ਕੀਤੀ ਭੰਨ ਤੋੜ ਦੀ ਕੋਸ਼ਿਸ਼ ਉਪਰੰਤ ਦੇਸ਼ ਵਿਚ ਫੈਲੀ ਰੋਸ ਲਹਿਰ ਅਤੇ ਵੱਖ -ਵੱਖ ਜਥੇਬੰਦੀਆਂ ਵੱਲੋਂ ਜਲੰਧਰ ਮੁਕੰਮਲ ਬੰਦ ਦੀ ਕਾਲ ਨੂੰ ਲੈ ਕੇ ਮਹਿਤਪੁਰ ਦਾ ਬਜ਼ਾਰ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਰਿਹਾ। ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਹਰਿਆਂ ਨਾਲ ਅਲੱਗ ਅਲੱਗ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਡਾਕਟਰ ਬੀ ਆਰ ਚੌਂਕ ਮਹਿਤਪੁਰ ਵਿਖੇ ਲੋਕਾਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਸ਼ਹਿਰ ਦੇ ਮੇਨ ਰੋਡ ਤੇ ਟਾਇਰ ਫੂਕ ਕੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਲੋਕਾਂ ਵੱਲੋਂ ਚੌਂਕ ਵਿਚ ਰੋਸ ਪੂਰਵਕ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਰਕਾਰੀ ਤੰਤਰ ਦੀ ਨਿਕਾਮੀ ਦੀ ਜੰਮ ਕੇ ਅਲੋਚਨਾ ਕੀਤੀ। ਬੁਲਾਰਿਆਂ ਨੇ ਰੋਸ ਪ੍ਰਗਟ ਕਰਦਿਆਂ ਇਸ ਘਟਨਾ ਨੂੰ ਭਾਈਚਾਰਕ ਸਾਂਝ ਵਿਚ ਫੁੱਟ ਪਾਉਣ ਦੀ ਕੋਝੀ ਹਰਕਤ ਐਲਾਨਦਿਆਂ ਆਖਿਆ ਕਿ ਇਹ ਸਭ ਇਕ ਗਿਣੀ ਮਿਥੀ ਸਾਜਸ਼ ਅਧੀਨ ਹੋਇਆ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਵੀ ਡਾਕਟਰ ਭੀਮ ਰਾਓ ਅੰਬੇਡਕਰ ਦੀ ਹੀ ਦੇਣ ਹੈ ਕਿ ਅੱਜ ਅਸੀਂ ਇਸ ਤਰਾਂ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹਾਸਲ ਕਰੀ ਬੈਠੇ ਹਾਂ। ਉਨ੍ਹਾਂ ਕਿਹਾ ਕਿ ਛੜਿਅੰਤਰ ਕਾਰੀ ਤਾਕਤਾਂ ਨਹੀਂ ਚਾਹੁੰਦੀਆਂ ਸਾਡੇ ਬੱਚੇ ਪੜ ਲਿਖ ਕੇ ਹੁਕਮਰਾਨਾਂ ਕੋਲੋਂ ਆਪਣੇ ਹੱਕ ਮੰਗਣ ਦੇ ਕਾਬਲ ਹੋਣ,ਬੁਲਾਰਿਆਂ ਨੇ ਕਿਹਾ ਕਿ ਸਾਨੂੰ ਹੁਣ ਤੱਕ ਅਤੰਕਵਾਦੀ, ਗੈਂਗਸਟਰ, ਬਾਗੀ, ਨਕਸਲਾਈਟ, ਅਤੇ ਨਸ਼ਿਆਂ ਤੋਂ ਇਲਾਵਾ ਸਰਕਾਰਾਂ ਨੇ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਸਾਜ਼ਿਸ਼ ਹੈ ਕਿ ਸਾਜਸ਼ ਕਾਰੀ ਤਾਕਤਾਂ ਨੂੰ ਦੇਸ਼ ਦੀ ਏਕਤਾ ਅੱਖ ਵਿਚ ਪਏ ਕਸੀਰ ਵਾਂਗ ਚੁਬਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਤੇ ਉਤਰਨਾ ਇਹ ਵੀ ਬੁਖਲਾਹਟ ਦੀ ਨਿਸ਼ਾਨੀ ਹੈ , ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀਆਂ ਨੂੰ ਬਹੁਤ ਜ਼ਰੂਰਤ ਹੈ ਕਿ ਭਾਈਚਾਰਕ ਸਾਂਝ ਨੂੰ ਹੋਰ ਪੀਡਾ ਕੀਤਾ ਜਾਵੇ ਅਤੇ ਬਾਵਾ ਸਹਿਬ ਜੀ ਦੁਆਰਾ ਲਿਖੇ ਸਵਿਧਾਨ ਦੀ ਰਖਵਾਲੀ ਕੀਤੀ ਜਾਵੇ। ਬੁਲਾਰਿਆਂ ਨੇ ਕਿਹਾ ਜਨਤਾ ਦੀ ਤਕਲੀਫ ਮਹਿਸੂਸ ਕਰਦਿਆਂ ਕਿਹਾ ਕਿ ਅੱਜ ਕਿਸਾਨ, ਮਜ਼ਦੂਰ, ਦੁਕਾਨਦਾਰ ਹਰ ਵਰਗ ਦੁਖੀ ਹੈ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਕਿਸੇ ਕੀਮਤ ਤੇ ਬਾਵਾ ਸਹਿਬ ਜੀ ਦੀਆਂ ਮੂਰਤੀਆਂ ਜਾ ਸਵਿਧਾਨ ਨਾਲ ਛੇੜਛਾੜ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਸੱਚ ਨੂੰ ਸਭ ਦੇ ਸਾਹਮਣੇ ਲਿਆਂਦਾ ਜਾਵੇ। ਅੰਤ ਵਿਚ ਬੁਲਾਰਿਆਂ ਵਲੋਂ ਸਮੂਹ ਦੁਕਾਨਦਾਰਾਂ ਅਤੇ ਪਬਲਿਕ ਵੱਲੋਂ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਰੂਰੀ ਸੇਵਾਵਾਂ ਨੂੰ ਚਾਲੂ ਰੱਖਦਿਆਂ ਮਹਿਤਪੁਰ ਦਾ ਬਾਕੀ ਸਾਰਾ ਬਜ਼ਾਰ ਸ਼ਾਮ 4 ਵਜੇ ਤੱਕ ਮੁਕੰਮਲ ਰਿਹਾ। ਇਸ ਮੌਕੇ ਪੁੱਜੇ ਅਲੱਗ- ਅਲੱਗ ਜਥੇਬੰਦੀਆਂ ਦੇ ਆਗੂਆਂ ਵਿਚ ਕਸ਼ਮੀਰੀ ਲਾਲ, ਕ੍ਰਾਂਤੀ ਜੀਤ ਸਿੰਘ, ਰਾਜ ਕੁਮਾਰ ਭੁਟੋ, ਦੀਪਾ ਉਧੋਵਾਲ, ਕਾਮਰੇਡ ਸਤਪਾਲ, ਮੰਗਾਂ ਪਲਵਾਨ, ਦੀਪਾ ਪ੍ਰਧਾਨ, ਮਾਸਟਰ ਹਰਬੰਸ ਲਾਲ, ਡਾਕਟਰ ਸੋਮ ਨਾਥ, ਰਾਜ ਕੁਮਾਰ ਚੌਹਾਨ,ਬੰਟੀ, ਮੰਗਤ ਰਾਮ, ਜੋਨੀ ਮਹੇ, ਐਮ ਸੀ ਪਰਸ਼ੋਤਮ,ਕਮਲ ਹੀਰ ਆਦਿ ਬੁਲਾਰਿਆਂ ਵੱਲੋਂ ਵੀ ਪਬਲਿਕ ਨੂੰ ਸੰਬੋਧਨ ਕੀਤਾ ਗਿਆ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj


