ਬੱਸ ਨਾਲ ਟਕਰਾ ਕੇ ਕਾਰ ਨਹਿਰ ਵਿੱਚ ਡਿੱਗੀ; ਪੰਜ ਮੌਤਾਂ, ਦੋ ਬੱਚੀਆਂ ਲਾਪਤਾ

ਘਨੌਲੀ (ਸਮਾਜ ਵੀਕਲੀ):  ਪਿੰਡ ਅਹਿਮਦਪੁਰ ਦੇ ਫਲਾਈਓਵਰ ਨੇੜੇ ਇੱਕ ਕਾਰ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨਾਲ ਟਕਰਾ ਕੇ ਭਾਖੜਾ ਨਹਿਰ ਵਿੱਚ ਡਿੱਗ ਗਈ, ਜਿਸ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਬੱਚੀਆਂ ਪਾਣੀ ਦੇ ਵਹਾਅ ਵਿੱਚ ਰੁੜ ਗਈਆਂ। ਇਹ ਘਟਨਾ ਅੱਜ ਸਵੇਰੇ ਲਗਭਗ 10.30 ਵਜੇ ਦੀ ਹੈ। ਨਹਿਰ ਵਿੱਚੋਂ ਡਾ. ਸਤੀਸ਼ ਪੂਨੀਆ (42), ਉਸ ਦੀ ਪਤਨੀ ਸਰਿਤਾ ਪੂਨੀਆ (40), ਪੁੱਤਰ ਰਾਜਾ ਪੂਨੀਆ (15), ਡਾ. ਸਤੀਸ਼ ਦੇ ਰਿਸ਼ਤੇਦਾਰ ਰਾਜੇਸ਼ ਅਤੇ ਰਾਜੇਸ਼ ਦੀ ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਸਾਰੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਿਤ ਸਨ।

ਡਾ. ਸਤੀਸ਼ ਪੂਨੀਆ ਸੀਕਰੀ ਜ਼ਿਲ੍ਹੇ ਦੇ ਕਸਬੇ ਰਿੰਗਸ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਡਾਕਟਰ ਸਨ। ਇਹ ਸਾਰੇ ਹਿਮਾਚਲ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ ਵਿਖੇ ਮੱਥਾ ਟੇਕਣ ਮਗਰੋਂ ਆਪਣੇ ਘਰ ਪਰਤ ਰਹੇ ਸਨ। ਇਸ ਦੌਰਾਨ ਪਿੰਡ ਅਹਿਮਦਪੁਰ ਨੇੜੇ ਸ੍ਰੀ ਅਨੰਦਪੁਰ ਸਾਹਿਬ ਤੋਂ ਰੂਪਨਗਰ ਜਾ ਰਹੀ ‌ਹਿੰਦ ਮੋਟਰਜ਼ ਦੀ ਬੱਸ (ਨੰਬਰ ਪੀਬੀ19ਐਮ-2255) ਦੀ ਟੱਕਰ ਕਾਰਨ ਉਨ੍ਹਾਂ ਦੀ ਕਰੇਟਾ ਕਾਰ (ਨੰਬਰ ਆਰਜੇ23ਸੀਡੀ-3877) ਪੁਲ ਦੀ ਰੇਲਿੰਗ ਤੋੜਦੀ ਹੋਈ ਭਾਖੜਾ ਨਹਿਰ ਵਿੱਚ ਜਾ ਡਿਗੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ (ਆਰ) ਰਾਜਵਿੰਦਰ ਸਿੰਘ ਅਤੇ ਐੱਸਐੱਚਓ ਥਾਣਾ ਸਦਰ ਰੂਪਨਗਰ ਵਿਜੈ ਕੁਮਾਰ ਘਟਨਾ ਸਥਾਨ ’ਤੇ ਪੁੱਜ ਗਏ। ਲਗਪਗ ਦੋ ਘੰਟੇ ਦੀ ਜੱਦੋਜਹਿਦ ਮਗਰੋਂ ਪੁਲੀਸ ਨੇ ਗੋਤਾਖੋਰਾਂ ਅਤੇ ਹੈਡਰ ਮਸ਼ੀਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ।

ਕਾਰ ਵਿੱਚੋਂ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ, ਜਦੋਂਕਿ ਡਾ. ਰਾਜੇਸ਼ ਤੇ ਉਸ ਦੇ ਰਿਸ਼ਤੇਦਾਰ ਦੀਆਂ ਕੁੜੀਆਂ ਪਾਣੀ ਦੇ ਵਹਾਅ ਵਿੱਚ ਵਹਿ ਗਈਆਂ ਹਨ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿੱਚ ਰਖਵਾਈਆਂ ਗਈਆਂ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਦਾਰ ਤਨਵੀਰ ਇਲਿਆਸ ਬਣੇ ਮਕਬੂਜ਼ਾ ਕਸ਼ਮੀਰ ਦੇ ਨਵੇਂ ਪ੍ਰਧਾਨ ਮੰਤਰੀ
Next articleਬੱਸ ਦੀ ਲਪੇਟ ’ਚ ਆਈਆਂ ਵਿਦਿਆਰਥਣਾਂ, ਇੱਕ ਹਲਾਕ, ਤਿੰਨ ਜ਼ਖ਼ਮੀ