(ਸਮਾਜ ਵੀਕਲੀ)
-ਜ਼ਮੀਨੀ ਹਕੀਕਤ ਦੇ ਅਧਾਰ ਤੇ
ਨਿਊਜ਼ੀਲੈਂਡ ਮੁਲਕ ਸਰਮਾਏਦਾਰੀ ਸਿਸਟਮ ਦੇ ਅਧੀਨ ਚੱਲਦਾ ਹੈ l ਇਸ ਸਿਸਟਮ ਵਿੱਚ ਇੱਕ ਖਰਾਬੀ ਹੈ ਕਿ ਇੱਕ ਚੀਜ਼ ਠੀਕ ਕਰੋ ਤੇ ਕਈ ਹੋਰ ਖਰਾਬ ਹੋ ਜਾਂਦੀਆਂ ਹਨ ਪਰ ਇਸ ਵਿੱਚ ਨੁਕਸਾਨ ਜਿਆਦਾ ਤੌਰ ਤੇ ਆਮ ਲੋਕਾਂ ਦਾ ਜਾਂ ਮੱਧ ਵਰਗ ਦਾ ਹੀ ਹੁੰਦਾ ਹੈ l ਵੱਡੀ ਗਿਣਤੀ ਵਿੱਚ ਅਮੀਰ ਹੋਰ ਅਮੀਰ ਹੁੰਦੇ ਰਹਿੰਦੇ ਹਨ ਅਤੇ ਇਹ ਪਾੜਾ ਲਗਾਤਾਰ ਵਧ ਰਿਹਾ ਹੈ l
ਜਦੋਂ ਤੋਂ ਕਰੋਨਾ ਦੇ ਲੌਕ ਡੌਨ ਦੁਨੀਆਂ ਵਿੱਚ ਲੱਗੇ ਉਸ ਵੇਲੇ ਤੋਂ ਲਗਾਤਾਰ ਮਹਿੰਗਾਈ ਵਧੀ ਹੈ l ਜੇ ਬਹੁਤੀ ਬਰੀਕੀ ਵਿੱਚ ਨਾ ਜਾ ਕੇ ਦੇਖੀਏ ਤਾਂ ਮਹਿੰਗਾਈ ਦਾ ਮੁੱਖ ਕਾਰਣ ਦੁਨੀਆਂ ਪੱਧਰ ਤੇ ਲੌਕ ਡੌਨ ਲਗਾ ਕੇ ਸਮਾਨ ਦੀਆਂ ਸਪਲਾਈ ਚੈਨਾਂ ਨੂੰ ਤੋੜਨਾ ਅਤੇ ਲੋਕਾਂ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਨਾ ਜਾਣ ਤੋਂ ਰੋਕਣਾ ਸੀ ਜਿਸ ਕਾਰਣ ਬਹੁਤੇ ਕਾਰੋਬਾਰਾਂ ਨੂੰ ਕਾਮੇ ਨਹੀਂ ਮਿਲੇ ਜਿਸ ਕਾਰਣ ਸਮਾਨ ਬਣ ਨਹੀਂ ਸਕਿਆ l ਇਨ੍ਹਾਂ ਹੀ ਪਬੰਧੀਆਂ ਕਾਰਣ ਸ਼ਿਪਿੰਗ ਕੰਟੇਨਰ ਦਾ ਕਿਰਾਇਆ ਚਾਰ ਗੁਣਾਂ ਵਧਿਆ l ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਵਧੀਆਂ l ਸਰਕਾਰ ਭਾਵੇਂ ਦੋਸ਼ ਰੂਸ ਯੁਕਰੇਨ ਜੰਗ ਤੇ ਹੀ ਲਗਾਉਂਦੀ ਹੈ ਪਰ ਮਹਿੰਗਾਈ ਤਾਂ ਜੰਗ ਤੋਂ ਪਹਿਲਾਂ ਵੀ ਬਹੁਤ ਸੀ l
ਸਰਕਾਰਾਂ ਵਲੋਂ ਹੋਰ ਕਰੰਸੀ ਛਾਪੀ ਗਈ ਜਿਸ ਨਾਲ ਆਮ ਲੋਕਾਂ ਸਿਰ ਹੋਰ ਕਰਜ਼ਾ ਚੜ੍ਹਿਆ l ਵਿਦੇਸ਼ੀ ਮੁਲਕਾਂ ਵਿੱਚ ਸਰਕਾਰਾਂ ਵਲੋਂ ਕੁੱਝ ਪੈਸਾ ਲੋਕਾਂ ਨੂੰ ਲੌਕ ਡੌਨ ਦੌਰਾਨ ਖਾਣ ਪੀਣ ਲਈ ਵੰਡਿਆ ਗਿਆ ਜਿਸ ਨਾਲ ਮੁਲਕ ਸਿਰ ਹੋਰ ਕਰਜ਼ਾ ਚੜ੍ਹਿਆ l ਕਿਸੇ ਰੋਟੀ ਪਾਣੀ ਖਾਣ ਲਈ ਪੈਸੇ ਦੇਣਾ ਮਾੜੀ ਗੱਲ ਨਹੀਂ ਹੈ ਪਰ ਕੰਮ ਕਰਦੇ ਵਿਅਕਤੀ ਨੂੰ ਕੰਮ ਤੋਂ ਹਟਾ ਕੇ ਵਿਹਲੇ ਨੂੰ ਪੈਸੇ ਦੇਣਾ ਜਰੂਰ ਮਾੜੀ ਗੱਲ ਹੈ l
ਜਿਸ ਸਮੇਂ ਕਿਸੇ ਮੁਲਕ ਵਿੱਚ ਲੋਕ ਜਿਆਦਾ ਪੈਸੇ ਖਰਚਦੇ ਹਨ ਤਾਂ ਮਹਿੰਗਾਈ ਵੀ ਵਧ ਜਾਂਦੀ ਹੈ l ਲੋਕ ਵੱਧ ਪੈਸੇ ਉਸ ਵੇਲੇ ਖਰਚਦੇ ਹਨ ਜਦੋਂ ਉਹ ਅਮੀਰ ਮਹਿਸੂਸ ਕਰਦੇ ਹਨ l ਇਥੇ ਗੱਲ ਨੋਟ ਕਰਨ ਵਾਲੀ ਹੈ ਕਿ ਅਮੀਰ ਹੋਣਾ ਅਤੇ ਅਮੀਰ ਮਹਿਸੂਸ ਕਰਨਾ ਦੋ ਵੱਖਰੀਆਂ ਗੱਲਾਂ ਹਨ l
ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਬਹੁਤ ਸਾਰੇ ਲੋਕਾਂ ਨੇ ਪੈਸਾ ਘਰਾਂ ਦੀ ਇਨਵੈਸਟਮੈਂਟ ਤੇ ਲਗਾਇਆ ਹੋਇਆ ਹੈ l
ਇਸ ਲੌਕ ਡੌਨ ਦੌਰਾਨ ਜਦੋਂ ਸਰਕਾਰ ਤੇ ਰਿਜ਼ਰਵ ਬੈਂਕ ਨੂੰ ਆਰਥਿਕ ਮੰਦੀ ਦਾ ਡਰ ਪੈ ਗਿਆ ਤਾਂ ਇਨ੍ਹਾਂ ਨੇ ਕੁੱਝ ਪਾਲਸੀਆਂ ਬਦਲੀਆਂ l ਇਨ੍ਹਾਂ ਪਾਲਸੀਆਂ ਦੇ ਬਦਲਾਅ ਕਾਰਣ ਘਰਾਂ ਦੀਆਂ ਕੀਮਤਾਂ ਵਿੱਚ 40% ਦੇ ਕਰੀਬ ਵਾਧਾ ਹੋਇਆ ਅਤੇ ਜਿਨਾਂ ਨੇ ਘਰਾਂ ਵਿੱਚ ਇਨਵੈਸਟਮੈਂਟ ਕੀਤੀ ਹੋਈ ਸੀ ਉਹ ਅਮੀਰ ਮਹਿਸੂਸ ਕਰਨ ਲੱਗੇ ਅਤੇ ਉਨ੍ਹਾਂ ਵੱਧ ਖਰਚਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਹਿੰਗਾਈ ਦਰ ਹੋਰ ਵਧ ਗਈ l
ਇਨ੍ਹਾਂ ਬਦਲੀਆਂ ਪਾਲਸੀਆਂ ਵਿੱਚ ਘਰਾਂ ਦੇ ਡਿਪੋਜਿਟ ਨੂੰ ਘੱਟ ਕੀਤਾ ਗਿਆ ਸੀ ਅਤੇ ਬਿਜਨਸਾਂ ਨੂੰ $5,000 ਤੋਂ ਥੱਲੇ ਕੀਮਤ ਦੀ ਖਰੀਦ ਵਾਲੀ ਚੀਜ਼ ਨੂੰ ਇੱਕੋ ਸਾਲ ਵਿੱਚ ਰਾਈਟ ਆਫ ਦਾ ਅਧਿਕਾਰ ਦਿੱਤਾ ਗਿਆ ਜੋ ਇੱਕ ਸਾਲ ਵਾਸਤੇ ਜਾਰੀ ਰਿਹਾ l ਇਹ ਆਰਥਿਕ ਮੰਦੀ ਰੋਕਣ ਲਈ ਕੀਤਾ ਗਿਆ ਤਾਂ ਕਿ ਲੋਕ ਪੈਸੇ ਖਰਚੀ ਜਾਣ l
ਬਿਜਨਸਾਂ ਨੇ ਇਸ ਦਾ ਫਾਇਦਾ ਉਠਾਉਣ ਲਈ ਖੂਬ ਪੈਸੇ ਖਰਚੇ ਜਿਸ ਨਾਲ ਮਹਿੰਗਾਈ ਹੋਰ ਵੱਧ ਗਈ ਕਿਉਂਕਿ ਮੰਗ ਜਿਆਦਾ ਹੋ ਗਈ l
ਜਿਹੜੇ ਲੋਕਾਂ ਨੇ ਵਿਦੇਸ਼ ਘੁੰਮਣ ਜਾਣਾ ਸੀ ਉਹ ਲੌਕ ਡੌਨ ਕਾਰਣ ਜਾ ਨਹੀਂ ਸਕੇ ਅਤੇ ਉਨ੍ਹਾਂ ਕੋਲ ਉਹ ਪੈਸੇ ਬਚ ਗਏ ਜੋ ਉਨ੍ਹਾਂ ਘਰਾਂ ਦੇ ਖੇਤਰ ਵਿੱਚ ਇਨਵੈਸਟ ਕਰ ਲਏ l ਸਿੱਟੇ ਵਜੋਂ ਘਰਾਂ ਦੀਆਂ ਕੀਮਤਾਂ ਹੋਰ ਵਧੀਆਂ l
ਘਰਾਂ ਦੇ ਕਰਜ਼ੇ ਦੇ ਵਿਆਜ਼ ਦੀ ਦਰ 1.8% ਸੀ l ਜਦੋਂ ਦੇਖਿਆ ਗਿਆ ਕਿ ਮਹਿੰਗਾਈ ਬਹੁਤ ਵਧ ਰਹੀ ਹੈ ਤਾਂ ਰਿਜਰਵ ਬੈਂਕ ਨੇ ਵਿਆਜ਼ ਦਰ ਵਧਾਉਣੀ ਸ਼ੁਰੂ ਕਰ ਦਿੱਤੀ ਜੋ ਅਜੇ ਤੱਕ ਜਾਰੀ ਹੈ l ਹੁਣ ਘਰਾਂ ਦੇ ਵਿਆਜ਼ ਦੀ ਦਰ 5.5% ਤੋਂ ਵੀ ਉੱਪਰ ਹੋ ਗਈ ਹੈ l
ਜਦੋਂ ਘਰਾਂ ਦੇ ਵਿਆਜ਼ 1.8% ਸੀ ਤਾਂ ਲੋਕਾਂ ਖੂਬ ਕਰਜ਼ਾ ਚੁੱਕ ਕੇ ਵੱਡੇ ਵੱਡੇ ਘਰ ਖਰੀਦ ਲਏ l ਹੁਣ ਵਿਆਜ਼ ਦਰ ਢਾਈ ਤਿੰਨ ਗੁਣਾਂ ਹੋਣ ਨਾਲ ਕਈਆਂ ਤੋਂ ਘਰ ਦੀ ਕਿਸ਼ਤ ਵੀ ਨਹੀਂ ਦਿੱਤੀ ਜਾ ਰਹੀ l
ਰਿਜ਼ਰਵ ਬੈਂਕ ਕਹਿ ਰਹੀ ਹੈ ਕਿ ਮਹਿੰਗਾਈ ਦਰ ਘਟਾਉਣ ਲਈ ਉਹ ਵਿਆਜ਼ ਦਰ ਉੱਪਰ ਕਰ ਰਹੀ ਹੈ l ਦੂਜੇ ਸ਼ਬਦਾਂ ਵਿੱਚ ਰਿਜ਼ਰਵ ਬੈਂਕ ਨੂੰ ਮਹਿੰਗਾਈ ਘਟਾਉਣ ਲਈ ਬੇਰੁਜ਼ਗਾਰੀ ਦੀ ਲੋੜ ਪਵੇਗੀ ਭਾਵ ਲੋਕ ਬੇਰੁਜ਼ਗਾਰ ਹੋਣਗੇ ਤਾਂ ਉਹ ਸਮਾਨ ਘੱਟ ਖਰੀਦਣਗੇ ਅਤੇ ਸਮਾਨ ਦੇ ਸਸਤੇ ਹੋਣ ਦੀ ਸੰਭਾਵਨਾ ਬਣੇਗੀ l
ਕਿੱਡਾ ਹਾਸੋ ਹੀਣਾ ਸਿਸਟਮ ਹੈ ਕਿ ਮਹਿੰਗਾਈ ਨੂੰ ਘੱਟ ਕਰਨ ਲਈ ਭੁੱਖਮਰੀ ਪੈਦਾ ਕੀਤੀ ਜਾ ਰਹੀ ਹੈ l
ਨਿਊਜ਼ੀਲੈਂਡ ਵਿੱਚ ਅਜੇ ਵੀ ਨੌਕਰੀਆਂ ਬਹੁਤ ਹਨ l ਜੇਕਰ ਕੁੱਝ ਵਿਅਕਤੀਆਂ ਦੀ ਨੌਕਰੀ ਖਤਮ ਵੀ ਹੁੰਦੀ ਹੈ ਤਾਂ ਲੋਕ ਹੋਰ ਨੌਕਰੀ ਕਰ ਸਕਦੇ ਹਨ l ਇਸ ਦਾ ਭਾਵ ਹੈ ਕਿ ਅਜੇ ਵਿਆਜ਼ ਹੋਰ ਵਧਣ ਦੀ ਸੰਭਾਵਨਾ ਹੈ l
ਇਸ ਸਾਰੇ ਵਰਤਾਰੇ ਵਿੱਚ ਆਮ ਲੋਕ ਤੇ ਮੱਧ ਵਰਗ ਦੇ ਲੋਕ ਰਗੜੇ ਜਾ ਰਹੇ ਹਨ ਜੋ ਕਿ ਬਹੁਤ ਦੁੱਖ ਦੀ ਗੱਲ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly