ਨਹਿਰ ਤਾਂ ਸੁੱਕੀ ਪਈ ਆ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)-ਅੱਜ ਮੈਂ ਆਪਣੇ ਵੱਡੇ ਭਰਾ ਨੂੰ ਮਿਲਣ ਪਿੱਛੋਂ ਸਕੂਟਰ ਤੇ ਨਵਾਂ ਸ਼ਹਿਰ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ। ਜਦੋਂ ਮੈਂ ਭਘੌਰਾਂ ਨਹਿਰ ਦੇ ਪੁਲ ਤੇ ਪਹੁੰਚਿਆ, ਤਾਂ ਕਿਸੇ ਦਾ ਫ਼ੋਨ ਆ ਗਿਆ। ਮੈਂ ਨਹਿਰ ਦਾ ਪੁਲ ਲੰਘ ਕੇ ਸਕੂਟਰ ਖੜ੍ਹਾ ਕੀਤਾ ਤੇ ਆਪਣੀ ਜੇਬ  ਵਿੱਚੋਂ ਮੋਬਾਈਲ ਫ਼ੋਨ ਕੱਢ ਕੇ ਵੇਖਿਆ, ਮੇਰੀ ਵੱਡੀ ਭੈਣ ਦੀ ਕੁੜੀ ਮਨਜੀਤ ਦਾ ਫ਼ੋਨ ਸੀ, ਜੋ ਮੇਰੀ ਭੈਣ ਕੋਲ ਹੀ ਰਹਿੰਦੀ ਹੈ। ਮੈਂ ਆਪਣੀ ਭੈਣ ਦੇ ਘਰੋਂ ਕੱਲ੍ਹ ਹੀ ਆਇਆ ਸੀ। ਕੱਲ੍ਹ ਉਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ। ਉਸ ਨੂੰ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਕੇ ਦਿੱਤੀ ਸੀ ਤੇ ਉਹ ਠੀਕ ਹੋ ਗਈ ਸੀ। ਹੁਣ ਫਿਰ ਫ਼ੋਨ ਆਣ ਕਰਕੇ ਮੈਂ ਥੋੜ੍ਹਾ ਡਰ ਗਿਆ ਸੀ, ਕਿਉਂਕਿ ਘਰ ਵਿੱਚ ਦੋਵੇਂ ਮਾਂ, ਧੀ ਕੱਲੀਆਂ ਰਹਿੰਦੀਆਂ ਹਨ। ਬੀਮਾਰ-ਠਮਾਰ ਹੋਣ  ਤੇ ਉਹ ਮੈਨੂੰ ਹੀ ਫ਼ੋਨ ਕਰਦੀਆਂ ਹਨ। ਜਦੋਂ ਮੈਂ ਫ਼ੋਨ ਸੁਣਨ ਲਈ ਮੋਬਾਈਲ ਫ਼ੋਨ ਨੂੰ ਕੰਨ ਨਾਲ ਲਾਇਆ, ਤਾਂ ਮਨਜੀਤ ਕਹਿਣ ਲੱਗੀ,” ਮਾਮਾ ਜੀ, ਅੱਜ ਤੁਸੀਂ ਘਰੇ ਆਂ?”

” ਦੱਸ ਕੀ ਗੱਲ ਹੋਈ? ਤੇਰੀ ਮੰਮੀ ਠੀਕ ਆ?” ਮੈਂ ਆਖਿਆ।
” ਮੰਮੀ ਤਾਂ ਠੀਕ ਆ। ਮੰਮੀ ਕਹਿੰਦੀ ਆ, ਮਾਮੇ ਨੂੰ ਪੁੱਛ ਕੇ ਵੇਖ, ਭਘੌਰਾਂ ਵਾਲੀ ਨਹਿਰ ‘ਚ ਪਾਣੀ ਆਇਆ ਕਿ ਨਹੀਂ। ਪਾਣੀ ‘ਚ ਪੰਦਰਾਂ ਵੀਹ ਪੁਰਾਣੇ ਕਲੰਡਰ ਤਾਰਨੇ ਆਂ।”
ਮੈਂ ਨਹਿਰ ਵੱਲ ਨਿਗਾਹ ਮਾਰੀ, ਉਸ ਵਿੱਚ ਪਾਣੀ ਵਗ ਰਿਹਾ ਸੀ।
” ਮਨਜੀਤ ਮੈਂ ਇਸ ਵੇਲੇ ਭਘੌਰਾਂ ਵਾਲੀ ਨਹਿਰ ਕੋਲ ਖੜ੍ਹਾ ਆਂ। ਨਹਿਰ ਤਾਂ ਸੁੱਕੀ ਪਈ ਆ। ਇਸ ਵਿੱਚ ਮਾੜਾ ਵੀ ਪਾਣੀ ਨਹੀਂ ਆਇਆ ਹੋਇਆ। ਜੇ ਕਿਤੇ ਇਸ ਵਿੱਚ ਪਾਣੀ ਆਇਆ, ਮੈਂ ਤੁਹਾਨੂੰ ਫ਼ੋਨ ਕਰਕੇ ਦੱਸ ਦਿਆਂਗਾ। ਤੁਸੀਂ ਫ਼ੋਨ ਨਾ ਕਰਿਓ।”
” ਠੀਕ ਆ, ਮਾਮਾ ਜੀ,” ਕਹਿ ਕੇ ਉਸ ਨੇ ਫ਼ੋਨ ਕੱਟ ਦਿੱਤਾ। ਚਾਹੇ ਮੈਂ ਝੂਠ ਬੋਲਿਆ ਸੀ, ਪਰ ਮੈਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਮੈਂ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿੱਚ ਹਿੱਸਾ ਨਹੀਂ ਪਾਇਆ। ਮੈਂ ਮੋਬਾਈਲ ਫ਼ੋਨ ਨੂੰ ਜੇਬ ਵਿੱਚ ਪਾਇਆ ਤੇ ਸਕੂਟਰ ਸਟਾਰਟ ਕਰਕੇ ਆਪਣੇ ਪਿੰਡ ਵੱਲ ਨੂੰ ਤੁਰ ਪਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ   9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਵਿਤਾਵਾਂ
Next articleਤਰਕਸ਼ੀਲਾਂ  ਨੇ  ਕੈਲੰਡਰ -24 ਤੇ  ਤਰਕਸ਼ੀਲ ਮੈਗਜ਼ੀਨ  ਦਾ ਨਵਾਂ ਅੰਕ ਲੋਕ ਅਰਪਣ ਕੀਤਾ