ਨਹਿਰ ਤਾਂ ਸੁੱਕੀ ਪਈ ਆ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) ਅੱਜ ਖੁਸ਼ੀ ਰਾਮ ਆਪਣੇ ਵੱਡੇ ਭਰਾ ਨੂੰ ਮਿਲਣ ਪਿੱਛੋਂ ਸਕੂਟਰ ਤੇ ਨਵਾਂ ਸ਼ਹਿਰ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ। ਜਦੋਂ ਉਹ ਭਘੌਰਾਂ ਨਹਿਰ ਦੇ ਪੁਲ ਤੇ ਪਹੁੰਚਿਆ, ਤਾਂ ਕਿਸੇ ਦਾ ਫ਼ੋਨ ਆ ਗਿਆ। ਉਸ ਨੇ ਨਹਿਰ ਦਾ ਪੁਲ ਲੰਘ ਕੇ ਸਕੂਟਰ ਖੜ੍ਹਾ ਕੀਤਾ ਤੇ ਆਪਣੀ ਜੇਬ  ਵਿੱਚੋਂ ਮੋਬਾਈਲ ਫ਼ੋਨ ਕੱਢ ਕੇ ਵੇਖਿਆ, ਉਸ ਦੀ ਵੱਡੀ ਭੈਣ ਦੀ ਕੁੜੀ ਮਨਜੀਤ ਦਾ ਫ਼ੋਨ ਸੀ, ਜੋ ਉਸ ਦੀ ਭੈਣ ਕੋਲ ਹੀ ਰਹਿੰਦੀ ਹੈ। ਉਹ ਆਪਣੀ ਭੈਣ ਦੇ ਘਰੋਂ ਕੱਲ੍ਹ ਹੀ ਆਇਆ ਸੀ। ਕੱਲ੍ਹ ਉਸ ਦੀ ਭੈਣ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ। ਉਸ ਨੂੰ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਕੇ ਦਿੱਤੀ ਸੀ ਤੇ ਉਹ ਠੀਕ ਹੋ ਗਈ ਸੀ। ਹੁਣ ਫਿਰ ਫ਼ੋਨ ਆਣ ਕਰਕੇ ਖੁਸ਼ੀ ਰਾਮ ਥੋੜ੍ਹਾ ਡਰ ਗਿਆ ਸੀ, ਕਿਉਂਕਿ ਘਰ ਵਿੱਚ ਦੋਵੇਂ ਮਾਂ, ਧੀ ਕੱਲੀਆਂ ਰਹਿੰਦੀਆਂ ਹਨ। ਬੀਮਾਰ-ਠਮਾਰ ਹੋਣ ਤੇ ਉਹ ਉਸ ਨੂੰ ਹੀ ਫ਼ੋਨ ਕਰਦੀਆਂ ਹਨ। ਜਦੋਂ ਉਸ ਨੇ ਫ਼ੋਨ ਸੁਣਨ ਲਈ ਮੋਬਾਈਲ ਫ਼ੋਨ ਨੂੰ ਕੰਨ ਨਾਲ ਲਾਇਆ, ਤਾਂ ਮਨਜੀਤ ਕਹਿਣ ਲੱਗੀ,” ਮਾਮਾ ਜੀ, ਅੱਜ ਤੁਸੀਂ ਘਰੇ ਆਂ?”
” ਦੱਸ ਕੀ ਗੱਲ ਹੋਈ? ਤੇਰੀ ਮੰਮੀ ਠੀਕ ਆ?” ਉਸ ਨੇ ਆਖਿਆ।
” ਮੰਮੀ ਤਾਂ ਠੀਕ ਆ। ਮੰਮੀ ਕਹਿੰਦੀ ਆ, ਮਾਮੇ ਨੂੰ ਪੁੱਛ ਕੇ ਵੇਖ, ਭਘੌਰਾਂ ਵਾਲੀ ਨਹਿਰ ‘ਚ ਪਾਣੀ ਆਇਆ ਕਿ ਨਹੀਂ। ਪਾਣੀ ‘ਚ ਪੰਦਰਾਂ ਵੀਹ ਪੁਰਾਣੇ ਕਲੰਡਰ ਤਾਰਨੇ ਆਂ।”
ਉਸ ਨੇ ਨਹਿਰ ਵੱਲ ਨਿਗਾਹ ਮਾਰੀ, ਉਸ ਵਿੱਚ ਪਾਣੀ ਵਗ ਰਿਹਾ ਸੀ।
” ਮਨਜੀਤ ਮੈਂ ਇਸ ਵੇਲੇ ਭਘੌਰਾਂ ਵਾਲੀ ਨਹਿਰ ਕੋਲ ਖੜ੍ਹਾ ਆਂ। ਨਹਿਰ ਤਾਂ ਸੁੱਕੀ ਪਈ ਆ। ਇਸ ਵਿੱਚ ਮਾੜਾ ਵੀ ਪਾਣੀ ਨਹੀਂ ਆਇਆ ਹੋਇਆ। ਜੇ ਕਿਤੇ ਇਸ ਵਿੱਚ ਪਾਣੀ ਆਇਆ, ਮੈਂ ਤੁਹਾਨੂੰ ਫ਼ੋਨ ਕਰਕੇ ਦੱਸ ਦਿਆਂਗਾ। ਤੁਸੀਂ ਫ਼ੋਨ ਨਾ ਕਰਿਓ।”
” ਠੀਕ ਆ, ਮਾਮਾ ਜੀ,” ਕਹਿ ਕੇ ਉਸ ਨੇ ਫ਼ੋਨ ਕੱਟ ਦਿੱਤਾ। ਚਾਹੇ ਖੁਸ਼ੀ ਰਾਮ ਨੇ ਝੂਠ ਬੋਲਿਆ ਸੀ, ਪਰ ਉਸ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਉਸ ਨੇ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਿੱਚ ਹਿੱਸਾ ਨਹੀਂ ਪਾਇਆ। ਉਸ ਨੇ ਮੋਬਾਈਲ ਫ਼ੋਨ ਨੂੰ ਜੇਬ ਵਿੱਚ ਪਾਇਆ ਤੇ ਸਕੂਟਰ ਸਟਾਰਟ ਕਰਕੇ ਆਪਣੇ ਪਿੰਡ ਵੱਲ ਨੂੰ ਤੁਰ ਪਿਆ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)-144526
ਫੋਨ   9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੇਂਗੂ, ਮਲੇਰੀਆ ਤੇ ਨਸ਼ਿਆਂ ਤੋਂ ਬਚਣ ਲਈ ਕੀਤਾ ਜਾਗਰੂਕ
Next articleਐਡਮਿੰਟਨ ਵਿਖੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ