(ਸਮਾਜ ਵੀਕਲੀ)
ਨਾ ਸਾਡੇ ਕੋਲ, ਘਰ ਹੈ ਕੋਈ,
ਨਾ ਬੈਠਣ ਲਈ, ਦਰ ਹੈ ਕੋਈ
ਨਾ ਕੋਈ ਸਾਨੂੰ , ਰੋਟੀ ਪਾਉਂਦਾ
ਨਾ ਕੋਈ ਦੇਂਦਾ, ਸਾਡੇ ਉੱਤੇ ਲੋਈ
ਜਿੱਥੇ ਬੈਠੀਏ ਮਾਰ ਮਾਰ ਕੇ ਇੱਟਾਂ
ਸੋਟੀਆਂ ਨਾਲ ਭਜਾਵੇ ਹਰ ਕੋਈ
ਕੱਢਣ ਗਾਲ਼ਾਂ ਨਾਲ਼ੇ ਭੌਂਕਣ ਸਾਨੂੰ
ਬੰਦਿਆ ! ਤੈਨੂੰ ਸ਼ਰਮ ਨਾ ਕੋਈ ?
ਸਾਨੂੰ ਆਖਣ ਇਹ ਸ਼ੋਰ ਮਚਾਉਂਦੇ
ਮੋਟਰਾਂ,ਏਸੀਆਂ, ਧੂੰਏਂ ਨਾਲ ਕੋਈ
ਫੈਕਟਰੀਆਂ ਮਸ਼ੀਨਾਂ ਵੱਡੀਆਂ ਨਾਲ਼
ਧਰਤੀ ਨੂੰ ਤੂੰ ਕਰੀ ਜਾਵੇਂ ਅਧਮੋਈ
ਜੇ ਕੋਈ ਸਾਨੂੰ ,ਰੋਟੀ ਪਾ ਦਏ ਤਾਂ
ਝੱਲ ਨਾ ਹੋਵੇ ,ਭਲਾਮਾਣਸ ਕੋਈ
ਠੰਡ ਗਰਮੀ ਤੇ ਮੀਂਹ ਹਨ੍ਹੇਰੀਆਂ
ਝੱਲੀਏ ਧੱਕੇ ਜੋ ,ਮਾਰੇ ਹਰ ਕੋਈ
ਜੇ ਕੋਈ ਘਰ ਵਿੱਚ ਰੱਖ ਲਏ ਸਾਨੂੰ
ਕਲਮ ਦੀਆਂ ਝਰੀਟਾਂ ਬਾਹ੍ਹਵੇ ਕੋਈ
ਕੌੜ ਕੌੜ ਕੇ ਝਾਕਣ ਉਹਨਾਂ ਵੱਲ ਨੂੰ
ਜਿਓਂ ਕਰ ਬੈਠੇ ਜ਼ੁਰਮ ਭਾਰਾ ਕੋਈ
ਤੂੰ ਦੋ ਲੱਤਾਂ ਵਾਲਾ ਜਾਵੇ ਧਰਤੀ ਮੱਲੀ
ਕਰੇਂ ਪਸਾਰੇ ਜਿਵੇਂ ਬਹਿਸ਼ਤ ਕੋਈ
ਚਹੁੰ ਪੈਰਾਂ ਵਾਲੇ ਦੀ ਲੈ ਬਦ ਦੁਆ
ਤੇਰੀ ਵੀ ਪੇਸ਼ੀ ਜਦ ਦਰਗਾਹੀਂ ਹੋਈ
ਅਸੀਂ ਬੇਜ਼ੁਬਾਨੇ ਬੇਸਮਝਾਂ ਵਾਲ਼ੇ ਹਾਂ
ਤੁਸੀਂ ਸਮਝਾਂ ਵਾਲੇ ਕੱਢੋ ਹੱਲ ਕੋਈ !
ਸਰਕਾਰਾਂ ਦਾ ਜ਼ਿੰਮਾ ਹਾਂ,ਸਾਡੇ ਨਾਂ ਤੇ
ਟੈਕਸ ਲੈ ਲੈ ਜਨਤਾ ਦੀ ਲਾਹੀ ਲੋਈ
ਨਾ ਭੁੱਲੋ ਇਹ ਕੁਦਰਤ ਦੀਆਂ ਦਾਤਾਂ
ਤੂੰ ਵੀ ਕੁਦਰਤ ਦਾ ਹਿੱਸਾ ਹੈਂ ਕੋਈ
ਤੂੰ ਤੇ ਮੈਂ ਉਸ ਇੱਕ ਦਾਤੇ ਦੀ ਰਚਨਾ
ਨਾ ਭੁੱਲੀਂ, ਤੇਰੇ ਅੱਗੇ ਕਰਾਂ ਅਰਜੋਈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly