ਰੋਟੀ

(ਸਮਾਜ ਵੀਕਲੀ)

ਉਹੀਓ ਕਰਦਾ ਕਦਰ ਰੋਟੀ ਦੀ,
ਮਿਹਨਤ ਕਰਕੇ ਹੱਥੀਂ ਜਿੰਨ੍ਹੇ,
ਆਪ ਕਮਾਈ ਹੋਵੇ ।
ਉਹ ਕੀ ਜਾਣੇ ਸਾਰ ਰੋਟੀ ਦੀ,
ਮਿਲਦੀ ਜਿਹੜੇ ਬੰਦੇ ਤਾਈਂ ,
ਪੱਕੀ ਪਕਾਈ ਹੋਵੇ ।

ਰੋਟੀ ਖਾਤਰ ਭੱਜਦੀ ਦੁਨੀਆਂ
ਦਿਨ ਰਾਤ ਨਾ ਬਹਿੰਦੀ ।
ਉਸ ਮਾਲਕ ਦੇ ਹੁਕਮ ਬਿਨਾਂ,
ਨਾ ਮੂੰਹ ਵਿੱਚ ਬੁਰਕੀ ਪੈਂਦੀ ।
ਭੁੱਲਦਾ ਨਾ, ਕਰਨਾ ਸ਼ੁਕਰਾਨਾ,
ਨਾਲ ਮੁਸ਼ਕਲਾਂ ਜਿਹਨੂੰ ਰੋਟੀ,
ਮਸਾਂ ਥਿਆਈ ਹੋਵੇ ।
ਉਹੀਓ ਕਰਦਾ ਕਦਰ ਰੋਟੀ ਦੀ,

ਰੋਟੀ ਖਾਂਦਿਆਂ ਕਈ ਬੰਦੇ ਮੈ,
ਵੇਖੇ ਨਖਰੇ ਕਰਦੇ ।
ਕਰੇ ਗਰੀਬ ਨਾ, ਕਦੇ ਵਿਖਾਵਾ,
ਖਾਂਦਾ ਕਰਕੇ ਪਰਦੇ ।
ਮਿਲਦੀ ਜਿੱਦਾਂ ਦੀ ਵੀ ਰੁੱਖੀ ਸੁੱਕੀ,
ਸੱਤ ਕਹਿ ਖਾ ਕੇ, ਜਿਹੜੇ ਬੰਦੇ,
ਭੁੱਖ ਮਿਟਾਈ ਹੋਵੇ ।
ਉਹੀਓ ਕਰਦਾ ਕਦਰ ਰੋਟੀ ਦੀ,

ਕਿਸਾਨ, ਗਰੀਬ ਦੇ ਏਸੇ ਕਰਕੇ,
ਭਰੇ ਭੰਡਾਰੇ ਰਹਿੰਦੇ ।
ਦਸਾਂ ਨਹੁੰਆਂ ਦੀ ਕਿਰਤ ‘ਚ ਬਰਕਤਾਂ,
ਸੱਚ ਸਿਆਣੇ ਕਹਿੰਦੇ ।
ਦਸਵੰਧ ਕੱਢਣਾ ਲੋੜਵੰਦਾਂ ‘ਲੀ,
ਸਭ ਦੇ ਭਲੇ ਦੇ ਨਾਲ *ਦਵਿੰਦਰ* “,
ਖੁਦ ਭਲਾਈ ਹੋਵੇ ।
ਉਹੀਓ ਕਰਦਾ ਕਦਰ ਰੋਟੀ ਦੀ,
ਹੱਥੀਂ ਮਿਹਨਤ ਕਰਕੇ ਜਿੰਨ੍ਹੇ,
ਆਪ ਕਮਾਈ ਹੋਵੇ ।

ਰਾਜ ਦਵਿੰਦਰ ਬਿਆਸ

81461-27393,

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਗਰਾਹੀ ਵਾਲੇ ਭਾਈ
Next articleਨਿਰਾਦਰ ਦੀ ਪਰਿਭਾਸ਼ਾ