ਨਾਬਾਲਗ ਲੜਕੇ-ਲੜਕੀ ਦੀਆਂ ਲਾਸ਼ਾਂ ਮਿਲੀਆਂ

ਫ਼ਿਰੋਜ਼ਪੁਰ (ਸਮਾਜ ਵੀਕਲੀ):  ਥਾਣਾ ਸਦਰ ਅਧੀਨ ਪੈਂਦੇ ਪਿੰਡ ਸੂਬਾ ਜਦੀਦ ਵਿਚ ਅੱਜ ਸਵੇਰੇ ਨਹਿਰ ਕਿਨਾਰੇ ਲੱਗੇ ਪਿੱਪਲ ਦੇ ਦਰੱਖਤ ਨਾਲ ਲਟਕਦੀਆਂ ਨਾਬਾਲਗ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਬਾਰੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕਾ-ਲੜਕੀ ਇੱਕ-ਦੂਜੇ ਨਾਲ ਪ੍ਰੇਮ ਸਬੰਧਾਂ ਵਿਚ ਸਨ ਤੇ ਉਹ ਦੋਵੇਂ ਇੱਕ-ਦੂੁਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦੇ ਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਸਨ। ਲੜਕੇ ਵਾਲਿਆਂ ਨੇ ਲੜਕੀ ਦੇ ਪਰਿਵਾਰ ਉੱਪਰ ਕਤਲ ਦਾ ਦੋਸ਼ ਲਾਇਆ ਹੈ ਤੇ ਪੁਲੀਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਮ੍ਰਿਤਕ ਲੜਕਾ ਪਿੰਡ ਹਜ਼ਾਰਾ ਸਿੰਘ ਵਾਲਾ ਦਾ ਵਾਸੀ ਸੀ ਜਦੋਂਕਿ ਲੜਕੀ ਪਿੰਡ ਹਬੀਬ ਵਾਲਾ ਦੀ ਰਹਿਣ ਵਾਲੀ ਸੀ। ਜ਼ਿਕਰਯੋਗ ਹੈ ਕਿ ਦੋਵਾਂ ਦੀ ਉਮਰ ਅਠਾਰਾਂ ਸਾਲਾਂ ਤੋਂ ਘੱਟ ਦੱਸੀ ਜਾਂਦੀ ਹੈ।

ਇਸ ਸਬੰਧੀ ਡੀਐੱਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਦੇ ਨੰਬਰਦਾਰ ਨੇ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਪੁਲੀਸ ਨੂੰ ਦਰੱਖਤ ਨਾਲ ਲਟਕਦੀਆਂ ਦੋ ਲਾਸ਼ਾਂ ਬਾਰੇ ਇਤਲਾਹ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਮਿਲਣ ਮਗਰੋਂ ਥਾਣਾ ਮੁਖੀ ਜਦੋਂ ਮੌਕੇ ਪਹੁੰਚੇ ਤਾਂ ਦੋਵੇਂ ਲਾਸ਼ਾਂ ਨੂੰ ਦਰਖ਼ਤ ਤੋਂ ਥੱਲੇ ਲਾਹਿਆ ਗਿਆ। ਪੁਲੀਸ ਨੂੰ ਮੌਕੇ ਤੋਂ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਲੜਕੇ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਨੇ ਹੁਣੇ ਹੀ ਬਾਰ੍ਹਵੀਂ ਜਮਾਤ ਪਾਸ ਕੀਤੀ ਸੀ। ਉਹ ਹਬੀਬ ਵਾਲਾ ਦੀ ਰਹਿਣ ਵਾਲੀ ਲੜਕੀ ਨੂੰ ਪਿਆਰ ਕਰਦਾ ਸੀ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੇ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਸ਼ਾਦੀ ਬਾਰੇ ਗੱਲਬਾਤ ਕੀਤੀ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਲੜਕੀ ਪੜ੍ਹ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜਦੋਂ ਉਸ ਦੀ ਪੜ੍ਹਾਈ ਪੂਰੀ ਹੋ ਜਾਵੇਗੀ, ਉਦੋਂ ਹੀ ਵਿਆਹ ਬਾਰੇ ਗੱਲ ਕਰਨਗੇ। ਮ੍ਰਿਤਕ ਲੜਕੇ ਦੇ ਵੱਡੇ ਭਰਾ ਨੇ ਦੱਸਿਆ ਕਿ ਲੰਘੀ ਰਾਤ ਲੜਕੀ ਨੇ ਉਸ ਦੇ ਭਰਾ ਨੂੰ ਫੋਨ ਕਰ ਕੇ ਆਪਣੇ ਘਰ ਬੁਲਾਇਆ ਸੀ। ਉਸ ਨੇ ਦੋਸ਼ ਲਾਇਆ ਕਿ ਲੜਕੀ ਵਾਲਿਆਂ ਨੇ ਹੀ ਦੋਵਾਂ ਜਣਿਆਂ ਨੂੰ ਮਾਰ ਕੇ ਪਿੱਪਲ ਨਾਲ ਟੰਗ ਦਿੱਤਾ ਤਾਂ ਜੋ ਇਸ ਮਾਮਲੇ ਨੂੰ ਆਤਮਹੱਤਿਆ ਕਰਾਰ ਦਿੱਤਾ ਜਾ ਸਕੇ। ਪੁਲੀਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰ ਝੁਲਸੇ
Next articleजय भीम