ਨਿਊਯਾਰਕ (ਸਮਾਜ ਵੀਕਲੀ): ਅਮਰੀਕਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ’ਤੇ ਭਾਰਤੀ ਮੰਨੇ ਜਾ ਰਹੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਸਰਦ ਮੌਸਮ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ। ਹਾਲਾਂਕਿ ਇਸ ਨੂੰ ਮਨੁੱਖੀ ਤਸਕਰੀ ਦਾ ਸੰਭਾਵਿਤ ਮਾਮਲਾ ਮੰਨਿਆ ਜਾ ਰਿਹਾ ਹੈ। ਇਹ ਜਾਣਕਾਰੀ ਮੀਡੀਆ ਦੀ ਰਿਪੋਰਟਾਂ ’ਚ ਦਿੱਤੀ ਗਈ ਹੈ।
ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਵੀਰਵਾਰ ਨੂੰ ਦੱਸਿਆ ਕਿ ਐਮਰਸਨ ਨੇੜੇ ਕੈਨੇਡਾ-ਅਮਰੀਕਾ ਸਰਹੱਦ ’ਤੇ ਕੈਨੇਡਾ ਵਾਲੇ ਪਾਸੇ ਬੁੱਧਵਾਰ ਨੂੰ ਚਾਰ ਲਾਸ਼ਾਂ ਮਿਲੀਆਂ, ਜਿਨ੍ਹਾਂ ’ਚ ਦੋ ਬਾਲਗ, ਇੱਕ ਨਵਜੰਮਿਆ ਅਤੇ ਇੱਕ ਅੱਲੜ ਸ਼ਾਮਲ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਭਾਰਤ ਤੋਂ ਆਇਆ ਸੀ ਅਤੇ ਕੈਨੈਡਾ ਤੋਂ ਅਮਰੀਕਾ ਦੀ ਹੱਦ ’ਚ ਦਾਖਲ ਹੋਣ ਦੀ ਕਰ ਰਿਹਾ ਸੀ।
ਆਰਸੀਐੱਮਪੀ ਦੀ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਵਿਨੀਪੈਗ ’ਚ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਲਾਕੇ ਦੀ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਐਮਰਸਨ ਨੇੜੇ ਬਾਰਡਰ ’ਤੋਂ ਸਿਰਫ 10 ਮੀਟਰ ਦੂਰੀ ਤੋਂ ਇੱਕ ਪੁਰਸ਼, ਮਹਿਲਾ ਅਤੇ ਬੱਚੇ ਦੀਆਂ ਤਿੰਨ ਲਾਸ਼ਾਂ ਇਕੱਠੀਆਂ ਮਿਲੀਆਂ ਜਦਕਿ ਇੱਕ ਲੜਕੇ ਦੀ ਲਾਸ਼ ਕੁਝ ਦੂਰ ਤੋਂ ਮਿਲੀ।
ਮੇਕਲੈਚੀ ਨੇ ਕਿਹਾ, ‘‘ਯਕੀਨੀ ਤੌਰ ’ਤੇ ਇਹ ਇੱਕ ਦਿਲ ਕੰਬਾਊ ਹਾਦਸਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਲੱਗਦਾ ਹੈ ਕਿ ਸਾਰਿਆਂ ਦੀ ਮੌਤ ਸਰਦ ਮੌਸਮ ਕਾਰਨ ਹੋਈ ਹੈ।’’
ਉਨ੍ਹਾਂ ਮੁਤਾਬਕ ਉਨ੍ਹਾਂ ਸਾਰਿਆਂ ਨੇ ਗਰਮ ਕੱਪੜੇ ਪਹਿਨੇ ਹੋਏ ਸਨ, ਪਰ ਬਹੁਤ ਜ਼ਿਆਦਾ ਠੰਢ ਵਿੱਚ ਉਨ੍ਹਾਂ ਨੂੰ ਬਚਾਉਣ ਲਈ ਇਹ ਕਾਫੀ ਨਹੀਂ ਸਨ।
ਮੈਕਲੈਚੀ ਨੇ ਕਿਹਾ ਕਿ ਆਰਸੀਐੱਮਪੀ ਦਾ ਮੰਨਣਾ ਹੈ ਚਾਰੇ ਮ੍ਰਿਤਕ ਉਸ ਗਰੁੱਪ ਦਾ ਹਿੱਸਾ ਸਨ ਜਿਨ੍ਹਾਂ ਨੂੰ ਸਰਹੱਦ ’ਤੇ ਅਮਰੀਕੀ ਇਲਾਕੇ ਵਿੱਚੋਂ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰੋ ਲਾਸ਼ਾਂ ਸਰਹੱਦ ਤੋਂ 9 ਤੋਂ 12 ਮੀਟਰ ਦੀ ਦੂਰੀ ਤੋਂ ਮਿਲੀਆਂ ਹਨ। ਗਲੋਬਲ ਨਿਊਜ਼ ਦੀ ਖ਼ਬਰ ਮੁਤਾਬਕ ਮੈਨੀਟੋਬਾ ਆਰਸੀਐੱਮਪੀ ਨੂੰ ਅਮਰੀਕੀ ਸੀਮਾ ਕਰ ਅਤੇ ਸੀਮਾ ਰੱਖਿਆ ਵਿਭਾਗ ਤੋਂ ਬੁੱਧਵਾਰ ਨੂੰ ਜਾਣਕਾਰੀ ਮਿਲੀ ਸੀ ਕਿ ਐਮਰਸਨ ਨੇੜੇ ਕੁਝ ਲੋਕਾਂ ਦਾ ਗਰੁੱਪ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ ਹੈ ਅਤੇ ਇੱਕ ਬਾਲਗ ਦੇ ਹੱਥ ਵਿੱਚ ਬੱਚੇ ਦੀ ਵਰਤੋਂ ਵਾਲੀਆਂ ਚੀਜ਼ਾਂ ਹਨ, ਪਰ ਉਨ੍ਹਾਂ ਵਿੱਚ ਨਵਜੰਮਿਆ ਬੱਚਾ ਗਰੁੱਪ ਵਿੱਚ ਨਹੀਂ ਹੈ। ਇਸ ਤੋਂ ਤੁਰੰਤ ਬਾਅਦ ਸਰਹੱਦ ਦੇ ਦੋਵੇਂ ਪਾਸੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਦੁਪਹਿਰ ਸਮੇਂ ਇੱਕ ਪੁਰਸ਼, ਮਹਿਲਾ ਅਤੇ ਨਵਜੰਮੇ ਬੱਚੇ ਦੀ ਲਾਸ਼ ਮਿਲੀ, ਜਦਕਿ ਅੱਲੜ੍ਹ ਦੀ ਲਾਸ਼ ਕੁਝ ਦੂਰੀ ਤੋਂ ਬਰਾਮਦ ਹੋਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly