ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) ਮੇਰੀ ਸਾਰੀ ਜ਼ਿੰਦਗੀ ਅਜਿਹੀ ਗੁਜਰੀ, ਰੱਬ ਰੱਬ ਕਰਨਾ ਪਿਆ। ਭਾਵੇਂ ਖਾਂਦੇ ਪੀਂਦੇ ਕਾਮਰੇਡ ਦਾ ਪੁੱਤ ਸੀ, ਪੈਸੇ-ਟਕੇ ਵੱਲੋਂ ਤੰਗੀ ਰਹੀ। ਕੰਜੂਸ ਬਾਣੀਏ ਵਾਂਗੂੰ ਗੁਜ਼ਾਰਾ ਕਰਦਾ ਰਿਹਾ। ਪੜਨ ਲਈ ਪਿੰਡ ਵਿੱਚ ਸਕੂਲ ਨਹੀਂ ਸੀ, ਹਰਿਆਣੇ ਦੇ ਪਿੰਡ ਪਾਂਡੂ-ਪਿੰਡਾਰਾ ਜਾਂ ਸੀਵਨ ਪਿੰਡ ਦਾ ਪਾਧਾ (ਮਾਸਟਰ) ਦੌਲਤ ਰਾਮ ਪੰਡਿਤ, ਸਮਾਜ ਸੇਵੀਆਂ ਵਾਂਗੂੰ ਮੁਫਤ ਵਿੱਚ ਹੀ ਪੜਾਉਂਦਾ ਸੀ।ਮੈਂ ਸਾਈਕਲ ਦੇ ਮੇਚ ਦਾ ਨਹੀਂ ਸੀ, ਜਦੋਂ ਮੈਂ ਭਵਾਨੀਗੜ ਹਾਈ ਸਕੂਲ ਵਿੱਚ ਦਾਖਲ ਹੋਇਆ। ਛੇਵੀਂ-ਸੱਤਵੀਂ ਕਲਾਸ ਤੱਕ ਗੁਆਂਢ ਚੋਂ ਮੇਰਾ ਚਾਚਾ ਸਾਈਕਲ ਤੇ ਬਿਠਾ ਕੇ ਲੈ ਕੇ ਜਾਂਦਾ ਤੇ ਲਿਆਉਂਦਾ ਉਹ ਦੋ ਜਮਾਤਾਂ ਮੇਰੇ ਤੋਂ ਅੱਗੇ ਸੀ। ਹਰ ਰੋਜ਼ ਅੱਠ ਮੀਲ ਲੈਕੇ ਜਾਣਾ ਤੇ ਅੱਠ ਮੀਲ ਹੀ ਵਾਪਸ ਲੈਕੇ ਆਉਣਾ ਉਹ ਵੀ ਬਿਨਾਂ ਕਿਸੇ ਭਾੜੇ ਤੋਂ। ਪ੍ਰਾਇਮਰੀ ਤੋਂ ਬਾਅਦ ਇੱਕ ਕਮੀਜ਼-ਪਜਾਮੇ ਤੇ ਇੱਕ ਪਗੜੀ, ਜੁੱਤੀ ਦੇ ਜੋੜੇ ਨਾਲ ਹੀ ਦਸਵੀਂ ਪਾਸ ਕੀਤੀ। ਅੱਠਵੀਂ ਕਲਾਸ ਵਿੱਚ ਸੈਕਿੰਡ-ਹੈਂਡ ਸਾਈਕਲ ਤੇ ਛੋਟੀ ਕਾਠੀ ਲਾ ਕੇ ਦੇ ਦਿੱਤੀ ਘਰਦਿਆਂ ਨੇ। ਰਸਤੇ ਵਿੱਚ ਬਰਸਾਤਾਂ ਦੇ ਦਿਨਾਂ ਵਿੱਚ ਲੇਹੀ ਚੱਲਦੀ ਸੀ।ਚੋਆ ਆਮ ਤੌਰ ਤੇ ਤਾਂ ਨਾਲੀ ਚ ਹੀ ਚਲਦਾ ਸੀ,ਪਰ ਬਰਸਾਤਾਂ ਚ ਪਾਣੀ ਫੈਲ ਕੇ ਅੱਧਾ ਕਿਲੋਮੀਟਰ ਤੱਕ ਹੋ ਜਾਂਦਾ ਸੀ, ਲੇਹੀ ਲੰਘ ਕੇ ਅੱਧਾ-ਪੌਣਾ ਕਿਲੋਮੀਟਰ ਕੱਕੇ ਰੇਤੇ ਦਾ ਬਹੁਤ ਉੱਚਾ ਟਿੱਬਾ ਤੁਰ ਕੇ ਹੀ ਲੰਘਣਾ ਪੈਂਦਾ ਸੀ। ਆਪ ਤੁਰਨਾ ਤੇ ਨਾਲ ਸਾਈਕਲ ਤੇ ਕਿਤਾਬਾਂ ਦੇ ਬਸਤੇ ਦਾ ਲੱਦਿਆ ਭਾਰ ਘੜੀਸਣਾ ਹੋਰ ਵੀ ਔਖਾ ਹੁੰਦਾ। 10-11 ਪਿੰਡ ਦੇ ਮੁੰਡੇ, ਸਾਰੇ ਰਲ ਕੇ ਹੀ ਉਘੜ-ਦੁਘੜੀਆਂ ਵਾਟਾਂ ਨਿਬੇੜਦੇ। ਔਖੇ-ਸੌਖੇ ਦਸਵੀਂ ਪਾਸ ਕੀਤੀ, ਥਰਡ ਡਿਵੀਜ਼ਨ ਵਿੱਚ। ਪਿੰਡ ਵਿੱਚ ਖੁਸ਼ੀ ਦੀ ਲਹਿਰ ਸੀ,ਕਿ ਮੈਂ ਤੇ ਮੇਰੇ ਚਚੇਰੇ ਭਰਾ ਨੇ ਦਸਵੀਂ ਪਾਸ ਕਰ ਲਈ ਸੀ। ਮਹਿੰਦਰਾ ਕਾਲਜ ਵਿੱਚ, ਪ੍ਰੈਪ ਵਿੱਚ ਦਾਖਲਾ ਲਿਆ।ਪਟਿਆਲੇ ਤੋਂ10ਕਿਲੋਮੀਟਰ ਤੇ ਮੇਰੀ ਵੱਡੀ ਭੈਣ ਵਿਆਹੀ ਹੋਈ ਸੀ। ਘਰ ਦਿਆਂ ਮੈਨੂੰ ਨਵਾਂ ਸਾਈਕਲ ਲੈ ਕੇ ਦੇ ਦਿੱਤਾ। ਭੈਣ ਕੋਲ ਰਹਿਣ ਲੱਗ ਪਿਆ। ਹਫਤੇ ਬਾਅਦ ਸਾਈਕਲ ਤੇ ਹੀ 30-35 ਕਿਲੋਮੀਟਰ ਪਿੰਡ ਆ ਜਾਣਾ। ਕਦੀ-ਕਦਾਈਂ, ਭੂਆ ਜੀ ਪਟਿਆਲੇ ਵਿਆਹੇ ਹੋਏ ਸਨ, ਉੱਥੇ ਠਹਿਰ ਜਾਣਾ। ਪ੍ਰੈਪ ਸੈਕਿੰਡ-ਡਿਵੀਜ਼ਨ ਵਿੱਚ ਪਾਸ ਕਰ ਲਈ।
Page-2ਸਤਿਗੁਰ ਪਿਆਰਾ…..
ਅਗਲੇ ਸਾਲ ਚੰਡੀਗੜ੍ਹ ਚ ਡੀਏਵੀ ਕਾਲਜ ਵਿੱਚ ਦਾਖਲਾ ਲਿਆ,ਸਰਕਾਰੀ ਕਾਲਜ ਵਿੱਚ ਨੰਬਰ ਘੱਟ ਹੋਣ ਕਰਕੇ ਦਾਖਲਾ ਨਾ ਮਿਲਿਆ। ਜੀਜਾ ਜੀ ਦੀ ਨੌਕਰੀ ਪੀਜੀਆਈ ਵਿੱਚ ਲੱਗ ਗਈ ਸੀ, ਕੁਆਰਟਰ ਮਿਲ ਗਿਆ ਸੀ। ਉਹਨਾਂ ਦੇ ਮਿੱਤਰ ਟੈਕਨੀਸ਼ੀਅਨ ਦਾ ਵਾਕਫ ਡੀਏਵੀ ਵਿੱਚ ਪ੍ਰੋਫੈਸਰ ਸੀ, ਦਾਖਲਾ ਦਵਾ ਦਿੱਤਾ। ਬਹੁਤ ਮਿਹਨਤ ਕਰਨੀ ਪਈ, ਤਿੰਨੇ ਸਾਲ ਆਪਣੀ ਕਲਾਸ ਵਿੱਚੋਂ ਫਸਟ ਆਉਂਦਾ ਰਿਹਾ। ਪਰਮਾਤਮਾ, ਮੇਰੀ ਅਨਪੜ ਮਾਂ ਦੀਆਂ ਅਰਦਾਸਾਂ ਦਾ ਫਲ ਮੈਨੂੰ ਦਿੰਦਾ ਰਿਹਾ। ਬੀਏ ਸਲਾਨਾ ਇਮਤਿਹਾਨ ਵਿੱਚੋਂ ਕਾਲਜ ਵਿੱਚੋਂ ਫਸਟ ਆਇਆ। ਕਾਲਜ ਦੀ ਲਾਇਬਰੇਰੀ ਵਿੱਚ ਦੋ ਘੰਟੇ ਕੰਮ ਕਰਨ ਨਾਲ ਮੇਰੀ ਅੱਧੀ ਫੀਸ ਮੁਆਫ ਹੁੰਦੀ ਰਹੀ, ਐਮ ਏ ਕਰਨ ਲਈ ਮੈਨੂੰ ਲੋਨ-ਸਕਾਲਰਸ਼ਿਪ ਮਿਲ ਗਿਆ। ਐਮਏ ਭੂਗੋਲ ਅਤੇ ਬੀਐਡ ਮੈਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀਆਂ। ਡਰੈਸ ਖਰੀਦਣ ਵੇਲੇ ਬਹੁਤ ਤੰਗੀ ਸਹਿਣੀ ਪੈਂਦੀ। ਚੰਡੀਗੜ੍ਹ ਆਉਂਦਿਆਂ ਹੀ ਪੈਂਟ ਦਾ ਕੱਪੜਾ ਖਰੀਦਿਆ 5 ਰੁਪਏ ਵਿੱਚ ਉਸਦੀ ਸਿਲਾਈ ਵੀ ਪੰਜ ਰੁਪਏ ਲੱਗੀ। ਇੱਕ ਪੈਂਟ ਨਾਲ ਹੀ ਬੀਏ ਪਾਸ ਕਰ ਲਈ, ਇੱਕ ਰੈਡੀਮੇਡ ਕਮੀਜ ਵੀ ਲਿਆ। ਭਿੱਜ ਜਾਣ ਤੇ ਅਗਲੇ ਦਿਨ ਸੁੱਕਾ ਕੇ ਉਹੀ ਪਾ ਲੈਣੇ। ਬਾਟਾ ਦਾ ਬੂਟਾਂ ਦਾ ਜੋੜਾ ਖਰੀਦਿਆ ਜੋ ਮੈਂ 18 ਸਾਲ ਹੰਢਾਏ। ਸਰਦੀਆਂ ਵਾਸਤੇ ਇੱਕ ਰਿਵਰਸੀਬਲ ਕੋਟੀ ਲਈ, ਇੱਕ ਸਵੈਟਰ ਤੇ ਇੱਕ ਕੋਟ। ਸਾਰੀਆਂ ਚੀਜ਼ਾਂ ਮੇਰੀਆਂ ਯਾਦਗਾਰੀ ਬਣ ਗਈਆਂ। ਮੇਰੇ ਪਿਤਾ ਜੀ ਅਤੇ ਬੇਬੇ ਜੀ ਵਾਸਤੇ ਮੈਂ ਅਣਮੁੱਲਾ ਹੀਰਾ ਬਣ ਗਿਆ। ਕੁਦਰਤ ਨੇ ਮੈਨੂੰ ਤਕਲੀਫਾਂ ਵੀ ਬਹੁਤ ਦਿੱਤੀਆਂ, ਵਰਦਾਨ ਵੀ ਬਹੁਤ ਦਿੱਤੇ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਭਨਾਂ ਲੋਕਾਂ ਦਾ, ਖਾਸ ਤੌਰ ਤੇ ਜੀਜਾ ਜੀ ਦਾ (ਜੋ ਇਸ ਦੁਨੀਆਂ ਵਿੱਚ ਹੁਣ ਨਹੀਂ ਰਹੇ) ਜਿਨਾਂ ਦੀ ਬਦੌਲਤ ਮੈਂ ਹਿਮਾਲੀਆ ਪਰਬਤ ਵਰਗੀਆਂ ਬੁਲੰਦੀਆਂ ਨੂੰ ਛੋਹਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj